ਸੰਤੋਖ ਗਿੱਲ
ਗੁਰੂਸਰ ਸੁਧਾਰ, 7 ਜਨਵਰੀ
ਗਣਤੰਤਰ ਦਿਵਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਭਰ ਵਿਚ ਦਿਖਾਏ ਜਾਣ ਵਾਲੇ ਟਰੇਲਰ ਦੇ ਸਬੰਧ ਵਿਚ ਅੱਜ ਗੁਰੂਸਰ ਸੁਧਾਰ ਦੀ ਅਨਾਜ ਮੰਡੀ ਤੋਂ ਵੀ ਸੈਂਕੜੇ ਟਰੈਕਟਰ ਲੈ ਕੇ ਇਲਾਕੇ ਦੇ ਕਿਸਾਨਾਂ ਵੱਲੋਂ ਸੁਧਾਰ ਬਜ਼ਾਰ, ਘੁਮਾਣ ਚੌਕ, ਬੁੱਢੇਲ, ਹਿੱਸੋਵਾਲ ਟੋਲ ਪਲਾਜ਼ਾ, ਅਕਾਲਗੜ੍ਹ, ਏਅਰ ਫੋਰਸ ਗਾਰਡ ਰੂਮ ਹੁੰਦੇ ਹੋਏ ਰੱਤੋਵਾਲ ਚੌਕ ਤੋਂ ਮੁੜ ਅਨਾਜ ਮੰਡੀ ਤੱਕ ਮਾਰਚ ਕੀਤਾ ਗਿਆ। ਇਸ ਟਰੈਕਟਰ ਮਾਰਚ ਵਿਚ ਅਕਾਲੀ, ਕਾਂਗਰਸ, ਆਮ ਆਦਮੀ ਪਾਰਟੀ ਸਮੇਤ ਹੋਰ ਰਾਜਨੀਤਿਕ ਪਾਰਟੀਆਂ ਦੇ ਵਰਕਰ ਵੀ ਕਿਸਾਨ ਜਥੇਬੰਦੀਆਂ ਦੇ ਝੰਡੇ ਚੁੱਕ ਕੇ ਪਹੁੰਚੇ ਹੋਏ ਸਨ। ਕਿਸਾਨਾਂ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਨੂੰਨ ਮੁੱਢੋਂ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਪਿੰਡ ਸੁਧਾਰ ਦੇ ਸਰਪੰਚ ਹਰਮਿੰਦਰ ਸਿੰਘ ਗਿੱਲ, ਐਤੀਆਣਾ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਗਿੱਲ, ਸਹਿਕਾਰੀ ਸਭਾ ਦੇ ਪ੍ਰਧਾਨ ਪਵਨਜੀਤ ਸਿੰਘ ਗਿੱਲ, ਅਕਾਲੀ ਆਗੂ ਪ੍ਰਭਜੋਤ ਸਿੰਘ ਧਾਲੀਵਾਲ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਇੰਦਰਜੀਤ ਸਿੰਘ ਗਿੱਲ ਨੇ ਸੰਬੋਧਨ ਕੀਤਾ। ਜੋਧਾਂ ਅਨਾਜ ਮੰਡੀ ਤੋਂ ਚੱਲਿਆ ਟਰੈਕਟਰ ਮਾਰਚ ਖੰਡੂਰ, ਮੋਹੀ, ਢੈਪਈ, ਸਰਾਭਾ, ਬੱਲੋਵਾਲ, ਚਮਿੰਡੇ, ਲੋਹਗੜ੍ਹ, ਮਹਿਮਾ ਸਿੰਘਵਾਲਾ, ਕਿਲ੍ਹਾ ਰਾਏਪੁਰ, ਆਸੀ ਕਲਾਂ, ਨਾਰੰਗਵਾਲ ਹੁੰਦੇ ਹੋਏ ਜੋਧਾਂ ਅਨਾਜ ਮੰਡੀ ਵਿਚ ਸਮਾਪਤੀ ਕੀਤੀ। ਇਸੇ ਦੌਰਾਨ ਟਰੈਕਟਰਾਂ ਤੇ ਮਾਰਚ ਕਰਦੇ ਕਿਸਾਨਾਂ ਨੇ ਕਿਲ੍ਹਾ ਰਾਏਪੁਰ ਵਿਚ ਮਹਿੰਦਰ ਕੌਰ, ਗੁਰਬਚਨ ਕੌਰ, ਰਣਜੀਤ ਕੌਰ, ਕਰਮਜੀਤ ਕੌਰ, ਬਖ਼ਸ਼ੀਸ਼ ਕੌਰ ਅਤੇ ਪ੍ਰੀਤਮ ਕੌਰ ਦੀ ਅਗਵਾਈ ਵਿਚ ਅਡਾਨੀ ਦੀ ਖ਼ੁਸ਼ਕ ਬੰਦਰਗਾਹ ਘੇਰੀ ਬੈਠੀਆਂ ਬੀਬੀਆਂ ਨਾਲ ਵੀ ਸ਼ਮੂਲੀਅਤ ਕਰ ਕੇ ਹਾਜ਼ਰੀ ਭਰੀ। ਇਕੱਠਾਂ ਨੂੰ ਸਾਬਕਾ ਵਿਧਾਇਕ ਤਰਸੇਮ ਜੋਧਾਂ ਸਮੇਤ ਕਈ ਕਿਸਾਨ ਅਤੇ ਮਜ਼ਦੂਰ ਆਗੂਆਂ ਅਤੇ ਪਿੰਡਾਂ ਦੇ ਸਰਪੰਚਾਂ ਨੇ ਸੰਬੋਧਨ ਕੀਤਾ। ਇਸੇ ਦੌਰਾਨ ਇਲਾਕੇ ਦੇ ਕਈ ਹੋਰ ਪਿੰਡਾਂ ਵਿਚ ਵੀ ਆਪ ਮੁਹਾਰੇ ਟਰੈਕਟਰ ਮਾਰਚ ਕਿਸਾਨਾਂ ਵੱਲੋਂ ਕੀਤੇ ਗਏ। ਇਸੇ ਦੌਰਾਨ ਲੁਧਿਆਣਾ ਬਠਿੰਡਾ ਰਾਜ ਮਾਰਗ ਉੱਪਰ ਹਿੱਸੋਵਾਲ ਟੋਲ ਪਲਾਜ਼ਾ ਉੱਪਰ ਲੜੀਵਾਰ ਧਰਨਾ ਵੀ ਜਾਰੀ ਰਿਹਾ।
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਚੌਂਕੀਮਾਨ ਟੋਲ ਅਤੇ ਰੇਲਵੇ ਸਟੇਸ਼ਨ ਧਰਨਿਆਂ ਵਿੱਚ ਅੱਜ ਦਿੱਲੀ ਮੋਰਚੇ ਦੀ ਚੜ੍ਹਦੀ ਕਲਾ ਅਤੇ ਜਿੱਤ ਲਈ ਅਰਦਾਸ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਬੀਕੇਯੂ (ਲੱਖੋਵਾਲ) ਕਿਰਤੀ ਕਿਸਾਨ ਯੂਨੀਅਨ ਵੱਲੋਂ ਹਮਖਿਆਲੀ ਜਥੇਬੰਦੀਆਂ ਦੇ ਸਹਿਯੋਗ ਨਾਲ ਕਿਸਾਨ ਸੰਯੁਕਤ ਮੋਰਚੇ ਦੇ ਸੱਦੇ ’ਤੇ ਟਰੈਕਟਰ ਰੈਲੀ ਨੂੰ ਕਾਮਯਾਬ ਕਰਨ ਲਈ ਪਿੰਡ-ਪਿੰਡ ਲਾਮਬੰਦੀ ਲਈ ਨੁੱਕੜ ਮੀਟਿੰਗਾਂ ਦਾ ਦੌਰ ਜਾਰੀ ਹੈ। ਧਰਨੇ ਨੂੰ ਹਰਬੰਸ ਅਖਾੜਾ,ਕਰਤਾਰ ਸਿੰਘ ਵੀਰਾਨ, ਹਰਭਜਨ ਸਿੰਘ ਦੌਧਰ, ਜਗਦੀਸ਼ ਸਿੰਘ ਚਾਹਲ, ਚਮਕੌਰ ਸਿੰਘ ਅਤੇ ਲੋਕ ਆਗੂ ਕੰਵਲਜੀਤ ਖੰਨਾ ਨੇ ਸੰਬੋਧਨ ਕੀਤਾ। ਚੌਂਕੀਮਾਨ ਟੋਲ ਪਲਾਜ਼ੇ ਤੇ ਲੱਗਿਆ ਧਰਨਾ 96 ਵੇਂ ਦਿਨ ਪੂਰੇ ਕਰ ਗਿਆ ਹੈ।
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਇੱਥੇ ਅੰਜ ਮੀਟਿੰਗ ਕਰਨ ਮੌਕੇ ਆਲ ਇੰਡੀਆ ਕਿਸਾਨ ਸਭਾ ਤਹਿਸੀਲ ਰਾਏਕੋਟ ਦੇ ਪ੍ਰਧਾਨ ਰਣਧੀਰ ਸਿੰਘ ਢੇਸੀ, ਸੂਬਾ ਕਮੇਟੀ ਮੈਂਬਰ ਹਰਿੰਦਰਪ੍ਰੀਤ ਸਿੰਘ, ਮਾ. ਫਕੀਰ ਚੰਦ ਨੇ ਕਿਹਾ ਕਿ ਲੋਕ ਵਿਰੋਧੀ ਨੀਤੀਆਂ ਅਤੇ ਪੂੰਜੀਪਤੀਆਂ ਦੀ ਹਿਤੈਸ਼ੀ ਮੋਦੀ ਸਰਕਾਰ ਦਾ ਪਰਦਾਫਾਸ਼ ਕਰਨ ਲਈ ਉਨ੍ਹਾਂ ਵੱਲੋਂ 25 ਜਨਵਰੀ ਤੱਕ ਪਿੰਡਾਂ ਵਿੱਚ ਜੱਥਾ ਮਾਰਚ ਸ਼ੁਰੂ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਇਸ ਜੱਥਾ ਮਾਰਚ ’ਚ ਲੋਕਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਲੋਕ ਵਿਰੋਧੀ ਨੀਤੀਆਂ ਖਿਲਾਫ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਆਲ ਇੰਡੀਆ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਹਰਪਾਲ ਸਿੰਘ, ਸ਼ਿਆਮ ਸਿੰਘ ਭੈਣੀ ਦਰੇੜਾ, ਪਰਮਿੰਦਰ ਸਿੰਘ, ਲਾਭ ਸਿੰਘ, ਪੈਂਟੂ ਗਰੇਵਾਲ ਹਾਜ਼ਰ ਸਨ।
ਲੁਧਿਆਣਾ (ਖੇਤਰੀ ਪ੍ਰਤੀਨਿਧ): ਦਿੱਲੀ ਵਿਚ ਚੱਲ ਰਹੇ ਕਿਸਾਨ- ਮਜ਼ਦੂਰ ਸੰਘਰਸ਼ ਦੀ ਹਮਾਇਤ ਵਿੱਚ ਅੱਜ ਇਨਕਲਾਬੀ ਕੇਂਦਰ ਪੰਜਾਬ, ਜਮਹੂਰੀ ਅਧਿਕਾਰ ਸਭਾ ਪੰਜਾਬ, ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਮਹਾਂ ਸਭਾ ਲੁਧਿਆਣਾ ਵੱਲੋਂ ਪਿੰਡਾਂ ਵਿੱਚ ਮੋਟਰਸਾਈਕਲਾਂ ’ਤੇ ਇਨਕਲਾਬੀ ਮਾਰਚ ਕੀਤਾ ਗਿਆ। ਮਾਰਚ ਦੇ ਇਸ ਕਾਫ਼ਲੇ ਵੱਲੋਂ ਤਿੰਨ ਖੇਤੀ ਕਾਨੂਨਾਂ ਦੇ ਪਾਸ ਕਰਨ ਸਬੰਧੀ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਦਿੱਤੇ ਸੰਦੇਸ਼ ਨੂੰ ਲੋਕਾਂ ਵੱਲੋਂ ਪਿੰਡ ਥਰੀਕੇ, ਝਾਂਡੇ ਅਤੇ ਬੱਦੋਵਾਲ ਅਤੇ ਸੁਨੇਤ ਵਿੱਚ ਗੰਭੀਰਤਾ ਨਾਲ ਸੁਣਿਆ। ਗੁਰਦੁਆਰੇ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਕਾਫ਼ਲੇ ਦਾ ਧੰਨਵਾਦ ਕਰਦਿਆਂ ਲੋਕਾਂ ਨੂੰ ਦਿੱਲੀ ਜਾਣ ਲਈ ਬੱਸ ਦਾ ਪ੍ਰਬੰਧ ਕੀਤੇ ਜਾਣ ਬਾਰੇ ਜਾਣਕਾਰੀ ਸਾਂਝੀ ਕੀਤੀ । ਕਾਫ਼ਲੇ ਵਿੱਚ ਸਤੀਸ਼ ਸੱਚਦੇਵਾ, ਬਲਵਿੰਦਰ ਸਿੰਘ ਲਾਲ ਬਾਗ਼, ਮਾ ਸੁਰਜੀਤ ਸਿੰਘ, ਡਾ. ਮੋਹਨ ਸਿੰਘ, ਐਡਵੋਕੇਟ ਹਰਪ੍ਰੀਤ ਜੀਰਖ, ਪ੍ਰਤਾਪ ਸਿੰਘ, ਹਰਸਾ ਸਿੰਘ ਸ਼ਾਮਲ ਸਨ।
ਨੰਬਰਦਾਰਾਂ ਯੂਨੀਅਨ ਨੇ ਕੇਂਦਰ ਸਰਕਾਰ ਨੂੰ ਭੇਜਿਆ ਮੰਗ ਪੱਤਰ
ਪਾਇਲ (ਦੇਵਿੰਦਰ ਸਿੰਘ ਜੱਗੀ):ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਨੰਬਰਦਾਰਾਂ ਯੂਨੀਅਨ ਮਲੌਦ ਵੱਲੋਂ ਐੱਸਡੀਐੱਮ ਪਾਇਲ ਮਨਕੰਵਲ ਸਿੰਘ ਚਾਹਲ ਰਾਹੀਂ ਮੋਦੀ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ। ਯੂਨੀਅਨ ਆਗੂਆਂ ਨੇ ਕਿਹਾ ਕਿ ਜੋ ਖੇਤੀਬਾੜੀ ਸਬੰਧੀ ਤਿੰਨ ਬਿੱਲ ਪਾਸ ਕੀਤੇ ਗਏ ਹਨ, ਉਹ ਸਾਰੇ ਹੀ ਦੇਸ਼ ਦੇ ਕਿਸਾਨਾਂ-ਮਜ਼ਦੂਰਾਂ ਦੀ ਮੰਗ ਅਤੇ ਸਹਿਮਤੀ ਤੋਂ ਬਗੈਰ ਲਿਆਂਦੇ ਹਨ ਉਸ ਦੇ ਵਿਰੋਧ ਵਿੱਚ ਸਾਰੇ ਦੇਸ਼ ਦੇ ਲੋਕ ਰੋਸ਼ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਦੀ ਇੱਕੋ ਆਵਾਜ਼ ਹੈ ਕਿ ਤਿੰਨੋ ਬਿੱਲ ਰੱਦ ਕੀਤੇ ਜਾਣ ਜਿਸ ਨਾਲ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣੀ ਰਹੇ। ਇਸ ਮੌਕੇ ਜਸਵੀਰ ਸਿੰਘ, ਤੇਜਿੰਦਰ ਸਿੰਘ, ਜਸਵਿੰਦਰ ਸਿੰਘ ਜੱਸੀ ਸਿਆੜ੍ਹ, ਰਛਪਾਲ ਸਿੰਘ, ਨਿਰਮਲ ਸਿੰਘ, ਨਿਰਭੈ ਸਿੰਘ, ਗੁਰਮੁੱਖ ਸਿੰਘ, ਹਰਚੰਦ ਸਿੰਘ ਹਾਜ਼ਰ ਸਨ।
ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ
ਸਮਰਾਲਾ (ਡੀਪੀਐੱਸ ਬੱਤਰਾ):ਪੰਜਾਬ ਨੰਬਰਦਾਰਾ ਐਸੋਸੀਏਸ਼ਨ (ਗ਼ਾਲਬਿ) ਰਜਿ. ਨੰਬਰ 169 ਦੀ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਸੁਰਮੁਖ ਸਿੰਘ ਹਰਬੰਸਪੁਰਾ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਸਮਰਾਲਾ ਵਿੱਚ ਮੀਟਿੰਗ ਹੋਈ। ਇਸ ਵਿੱਚ ਸੂਬਾ ਪ੍ਰਧਾਨ ਪਰਮਿੰਦਰ ਗ਼ਾਲਬਿ ਅਤੇ ਕੌਮੀ ਤੇ ਸੂਬਾ ਜਨਰਲ ਸਕੱਤਰ ਆਲਮਜੀਤ ਸਿੰਘ ਚਕੋਹੀ ਹਾਜ਼ਰ ਹੋਏ। ਇਸ ਮੌਕੇ ਪ੍ਰਧਾਨ ਗ਼ਾਲਬਿ ਤੇ ਚਕੋਹੀ ਨੇ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਹਮਾਇਤ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਮੀਟਿੰਗਾਂ ਕਰ ਕੇ ਦਿੱਲੀ ਜਾਣ ਸਬੰਧੀ ਨੰਬਰਦਾਰ ਭਾਈਚਾਰੇ ਨਾਲ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਦਾ ਪੁਤਲਾ ਵੀ ਫੂਕਿਆ ਗਿਆ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਸਬ ਡਿਵੀਜ਼ਨ ਕੂਮ ਕਲਾਂ ਦੇ ਨਵ ਨਿਯੁਕਤ ਪ੍ਰਧਾਨ ਗਿਆਨ ਸਿੰਘ ਤੇ ਚੁਣੀ ਗਈ ਸਾਰੀ ਟੀਮ ਨੂੰ ਪ੍ਰਧਾਨ ਗ਼ਾਲਬਿ ਨੇ ਸਨਮਾਨਤ ਕੀਤਾ।
ਖ਼ੂਨ ਨਾਲ ਲਿਖੀ ਚਿੱਠੀ ਚੀਫ਼ ਜਸਟਿਸ ਨੂੰ ਭੇਜੀ
ਲੁਧਿਆਣਾ (ਗੁਰਿੰਦਰ ਸਿੰਘ): ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਸਿੰਘੂ ਬਾਰਡਰ ਵਿੱੱਚ ਲਗਾਏ ਖੂਨਦਾਨ ਕੈਂਪ ਵਿੱਚ 65 ਨੌਜਵਾਨਾਂ ਦੇ ਦਸਤਖ਼ਤਾਂ ਵਾਲੀ ਖੂਨ ਨਾਲ ਲਿਖੀ 16ਵੀਂ ਚਿੱਠੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਭੇਜ ਕੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਮਿਸ਼ਨ ਦੇ ਮੁੱਖ ਸੇਵਾਦਾਰ ਤਰਨਜੀਤ ਸਿੰਘ ਨਿਮਾਣਾ ਦੀ ਦੇਖ ਰੇਖ ਹੇਠ ਸੰਘਰਸ਼ ਦੀ ਮੇਨ ਸਟੇਜ ਦੇ ਪਿਛਲੇ ਪਾਸੇ ਕਿਸਾਨ ਆਗੂ ਗੁਰਦੀਪ ਸਿੰਘ ਸਿੱਧੂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸਹਿਯੋਗ ਨਾਲ ਤਿੰਨ ਕਾਲੇ ਕਾਨੂੰਨਾਂ ਰਦ ਕਰਵਾਉਣ ਲਈ ਚੱਲ ਰਹੇ ਖੂਨਦਾਨ ਕੈਂਪ ਰਾਹੀਂ ਅੱਜ ਤਕ 15 ਖੂਨ ਦੀਆਂ ਚਿੱਠੀਆਂ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਰਾਸ਼ਟਰਪਤੀ, ਉਪ ਰਾਸ਼ਟਰਪਤੀ ਨੂੰ ਤਿੰਨ ਕਾਲੇ ਕਾਨੂੰਨਾਂ ਨੂੰ ਰਦ ਕਰਵਾਉਣ ਲਈ ਲਿਖਿਆ ਗਿਆ ਹੈ।