ਨਵੀਂ ਦਿੱਲੀ, 25 ਅਗਸਤ
ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਐਲਾਨ ਕੀਤਾ ਹੈ ਕਿ ਹੁਣ ਤੋਂ ਭਾਰਤ ਆਉਣ ਲਈ ਸਾਰੇ ਅਫ਼ਗਾਨ ਨਾਗਰਿਕਾਂ ਨੂੰ ਈ-ਵੀਜ਼ਾ ਲੈਣਾ ਪਏਗਾ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਰਕਾਰ ਨੇ ਅਫ਼ਗਾਨ ਨਾਗਰਿਕਾਂ ਲਈ ਇਕ ਨਵਾਂ ਵੀਜ਼ਾ ਸ਼ੁਰੂ ਕੀਤਾ ਹੈ। ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਅਫ਼ਗਾਨਿਸਤਾਨ ਦੀ ਵਰਤਮਾਨ ਸਥਿਤੀ ਦੇ ਮੱਦੇਨਜ਼ਰ ਤੇ ਵੀਜ਼ਾ ਪ੍ਰਕਿਰਿਆ ਨੂੰ ਕਾਰਗਰ ਬਣਾਉਣ ਦੇ ਮੰਤਵ ਨਾਲ ਈ-ਵੀਜ਼ਾ ਲਾਜ਼ਮੀ ਕੀਤਾ ਗਿਆ ਹੈ। ਕੁਝ ਰਿਪੋਰਟਾਂ ਮੁਤਾਬਕ ਅਫ਼ਗਾਨ ਨਾਗਰਿਕਾਂ ਦੇ ਕੁਝ ਪਾਸਪੋਰਟ ਗੁਆਚ ਗਏ ਸਨ। ਉਹ ਅਫ਼ਗਾਨ ਨਾਗਰਿਕ ਜਿਨ੍ਹਾਂ ਨੂੰ ਪਹਿਲਾਂ ਵੀਜ਼ੇ ਮਿਲੇ ਹੋਏ ਹਨ ਪਰ ਉਹ ਹੁਣ ਭਾਰਤ ਵਿਚ ਨਹੀਂ ਹਨ, ਦੇ ਵੀਜ਼ੇ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੇ ਗਏ ਹਨ। ਅਫ਼ਗਾਨ ਨਾਗਰਿਕ ਭਾਰਤ ਆਉਣ ਲਈ ਈ-ਵੀਜ਼ਾ ਲੈ ਸਕਦੇ ਹਨ। ਅਫ਼ਗਾਨਿਸਤਾਨ ਵਿਚ ਦੂਤਾਵਾਸ ਬੰਦ ਹੋਣ ਕਾਰਨ ਸਾਰੀਆਂ ਅਰਜ਼ੀਆਂ ਨਵੀਂ ਦਿੱਲੀ ਵਿਚ ਪਰਖ਼ੀਆਂ ਜਾਣਗੀਆਂ। ਨਵਾਂ ਸ਼ੁਰੂ ਕੀਤਾ ਈ-ਵੀਜ਼ਾ ਪਹਿਲਾਂ ਛੇ ਮਹੀਨਿਆਂ ਲਈ ਹੋਵੇਗਾ। -ਪੀਟੀਆਈ
ਜੈਸ਼ੰਕਰ ਵੱਲੋਂ ਬਰਤਾਨਵੀ ਵਿਦੇਸ਼ ਮੰਤਰੀ ਨਾਲ ਗੱਲਬਾਤ
ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਫ਼ਗਾਨਿਸਤਾਨ ਵਿੱਚ ਚੱਲ ਰਹੇ ਘਟਨਾਕ੍ਰਮ ਸਬੰਧੀ ਅੱਜ ਆਪਣੇ ਬਰਤਾਨਵੀ ਹਮਰੁਤਬਾ ਡੌਮੀਨਿਕ ਰਾਬ ਨਾਲ ਗੱਲਬਾਤ ਕੀਤੀ। ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ’ਤੇ ਕਬਜ਼ੇ ਮਗਰੋਂ ਦੇਸ਼ ਵਿੱਚ ਸਿਆਸੀ ਸੰਕਟ ਪੈਦਾ ਹੋ ਗਿਆ ਹੈ। ਜੈਸ਼ੰਕਰ ਨੇ ਟਵੀਟ ਕੀਤਾ, ‘‘ਅੱਜ ਦੁਪਹਿਰ ਬਰਤਾਨਵੀ ਵਿਦੇਸ਼ ਮੰਤਰੀ ਡੌਮੀਨਿਕ ਰਾਬ ਨਾਲ ਗੱਲਬਾਤ ਕੀਤੀ ਗਈ। ਇਹ ਚਰਚਾ ਅਫ਼ਗਾਨਿਸਤਾਨ ਵਿੱਚ ਚੱਲ ਰਹੇ ਘਟਨਾਕ੍ਰਮ ’ਤੇ ਕੇਂਦਰਿਤ ਸੀ।’’ ਅਫ਼ਗਾਨਿਸਤਾਨ ਸੰਕਟ ਨੂੰ ਲੈ ਕੇ ਭਾਰਤ ਵੱਖ-ਵੱਖ ਤਾਕਤਵਰ ਮੁਲਕਾਂ ਦੇ ਸੰਪਰਕ ਵਿੱਚ ਹੈ। -ਪੀਟੀਆਈ