ਪਵਨ ਕੁਮਾਰ ਵਰਮਾ
ਧੂਰੀ, 6 ਜਨਵਰੀ
ਜਿੱਥੇ ਸਰਕਾਰਾਂ ਇਹ ਦਾਅਵਾ ਕਰਦੀਆਂ ਨਹੀਂ ਥੱਕਦੀਆਂ ਕਿ ਪਿੰਡਾਂ ਵਿੱਚ ਪੁਰਾਣੀਆ ਯਾਦਗਾਰੀ ਇਮਾਰਤਾਂ ਦੀ ਸਾਭ ਸੰਭਾਲ ਲਈ ਹਰ ਪਿੰਡ ਨੂੰ ਗਰਾਂਟਾਂ ਦੇ ਗੱਫੇ ਦਿੱਤੇ ਜਾਂਦੇ ਹਨ, ਉੱਥੇ ਹੀ ਧੂਰੀ ਪਿੰਡ ਦਾ ਰਵਿਦਾਸੀਆ ਦਰਵਾਜ਼ਾ ਸਰਕਾਰੀ ਗਰਾਂਟ ਦੀ ਉਡੀਕ ਕਰ ਰਿਹਾ ਹੈ। ਪਿੰਡ ਦੇ ਵਸਨੀਕ ਸੁਖਦੇਵ ਸਿੰਘ ਨੇ ਦੱਸਿਆ ਕਿ ਧੂਰੀ ਪਿੰਡ ਦਾ ਰਵਿਦਾਸੀਆ ਦਰਵਾਜ਼ਾ 1986 ਵਿੱਚ ਸਾਡੇ ਪਿੰਡ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਧੂਰੀ ਨੇ ਬਣਾਇਆ ਸੀ ਪਰ ਹੁਣ ਦਰਵਾਜ਼ੇ ਦੀ ਹਾਲਤ ਤਰਸਯੋਗ ਹੋ ਗਈ ਹੈ। ਇਹ ਦਰਵਾਜ਼ਾ ਹਰ ਸਮੇਂ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ, ਦਰਵਾਜ਼ੇ ਦੀ ਛੱਤ ਦੇ ਬਾਲੇ ਲੱਗਭਗ ਟੁੱਟ ਚੁੱਕੇ ਹਨ। ਪਿੰਡ ਵਾਸੀਆਂ ਨੇ ਇਸ ਸਬੰਧੀ ਸੰਸਦ ਭਗਵੰਤ ਮਾਨ ਅਤੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਕੋਲ ਕਈ ਵਾਰੀ ਲਿਖਤੀ ਮੰਗ ਕਰ ਚੁੱਕੇ ਹਨ ਪਰ ਸਹਾਇਤਾ ਨਹੀਂ ਮਿਲੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦਰਵਾਜ਼ੇ ਉੱਪਰ ਛੇਤੀਂ ਤੋਂ ਛੇਤੀਂ ਲੈਂਟਰ ਪਵਾਇਆ ਜਾਵੇ। ਇਸ ਮੌਕੇ ਦਰਸ਼ਨ ਸਿੰਘ, ਤਰਨਜੀਤ ਸਿੰਘ ਅਤੇ ਹੋਰ ਪਿੰਡ ਵਾਸੀ ਵੀ ਮੌਜੂਦ ਸਨ।