ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਅੱਜ ਲੋਕਾਂ ਨੂੰ ‘ਕੋ-ਵਿਨ’ ਨਾਮ ਦੀ ਕਿਸੇ ਮੋਬਾਈਲ ਐਪ ਨੂੰ ‘ਡਾਊਨਲੋਡ’ ਕਰਨ ਅਤੇ ਉਸ ’ਤੇ ਸੂਚਨਾ ਸਾਂਝੀ ਕਰਨ ਖ਼ਿਲਾਫ਼ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕੁੱਝ ਐਪਸ ਸ਼ਰਾਰਤੀ ਤੱਤਾਂ ਨੇ ਬਣਾਈਆਂ ਹਨ, ਜਿਨ੍ਹਾਂ ਦੇ ਨਾਮ ਕੋਵਿਡ-19 ਟੀਕਾਕਰਨ ਸਬੰਧੀ ਸਰਕਾਰ ਦੀਆਂ ਆਉਣ ਵਾਲੀਆਂ ਅਧਿਕਾਰਤ ਐਪਸ ਨਾਲ ਮਿਲਦੇ ਜੁਲਦੇ ਹਨ। ਸ੍ਰੀ ਹਰਸ਼ਵਰਧਨ ਨੇ ਟਵੀਟ ਕੀਤਾ, ‘‘ਸਰਕਾਰ ਦੀਆਂ ਆਉਣ ਵਾਲੀਆਂ ਅਧਿਕਾਰਤ ਐਪਸ ਨਾਲ ਮਿਲਦੇ-ਜੁਲਦੇ ਨਾਮ ਵਾਲੀਆਂ ਕੁੱਝ ਐਪਸ ਸ਼ਰਾਰਤੀ ਤੱਤਾਂ ਵੱਲੋਂ ਬਣਾਈਆਂ ਗਈਆਂ ਹਨ, ਜੋ ਐਪ ਸਟੋਰ ’ਤੇ ਉਪਲੱਬਧ ਹਨ। ਉਨ੍ਹਾਂ (ਐਪਸ) ਨੂੰ ਡਾਊਨਲਾਊਡ ਜਾਂ ਉਸ ’ਤੇ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ। ਕੇਂਦਰੀ ਸਿਹਤ ਮੰਤਰਾਲਾ ਅਧਿਕਾਰਤ ਐਪ ਆਉਣ ਵਾਲੇ ਸਮੇਂ ’ਚ ਜਾਰੀ ਕਰੇਗਾ।’’ -ਪੀਟੀਆਈ