ਮੁੰਬਈ: ਸ਼ਾਲਿਨੀ ਪਾਂਡੇ ਅਦਾਕਾਰ ਰਣਵੀਰ ਸਿੰਘ ਨਾਲ ਫ਼ਿਲਮ ‘ਜਯੇਸ਼ਭਾਈ ਜੋਰਦਾਰ’ ਰਾਹੀਂ ਬੌਲੀਵੁੱਡ ਵਿੱਚ ਸ਼ੁਰੂਆਤ ਕਰਨ ਲਈ ਤਿਆਰ ਹੈ। ਫਿਲਮ ‘ਅਰਜੁਨ ਰੈਡੀ’, ਜਿਸ ਨੇ ਉਸ ਨੂੰ ਦੱਖਣੀ ਫਿਲਮ ਜਗਤ ਵਿੱਚ ਬੁਲੰਦੀਆਂ ’ਤੇ ਪਹੁੰਚਾਇਆ, ਦੀ ਚੌਥੀ ਵਰ੍ਹੇਗੰਢ ’ਤੇ ਸ਼ਾਲਿਨੀ ਨੇ ਇਸ ਦਾ ਸਿਹਰਾ ਫਿਲਮ ਅਤੇ ਇਸ ਦੇ ਨਿਰਦੇਸ਼ਕ ਸੰਦੀਪ ਰੈਡੀ ਵਾਂਗਾ ਸਿਰ ਬੰਨ੍ਹਿਆ। ਸ਼ਾਲਿਨੀ ਨੇ ਕਿਹਾ, ‘‘ਮੈਂ ‘ਅਰਜੁਨ ਰੈੱਡੀ’ ਦੀ ਕਰਜ਼ਦਾਰ ਹਾਂ ਕਿਉਂਕਿ ਇਸ ਨੇ ਮੈਨੂੰ ਇੱਕ ਕਲਾਕਾਰ ਦੇ ਰੂਪ ਵਿੱਚ ਸਾਰਿਆਂ ਸਾਹਮਣੇ ਲਿਆਂਦਾ। ਮੈਂ ਇਸ ਵਿੱਚ ਆਪਣੀ ਪੂਰੀ ਵਾਹ ਲਾ ਦਿੱਤੀ, ਜਿਸ ’ਤੇ ਮੈਨੂੰ ਮਾਣ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਦਰਸ਼ਕਾਂ ਨੇ ਮੇਰੀ ਮਿਹਨਤ ਸਰਾਹੀ। ਮੈਂ ਆਪਣੇ ਨਿਰਦੇਸ਼ਕ ਸੰਦੀਪ ਵਾਂਗਾ ਰੈਡੀ ਦੀ ਵੀ ਦੇਣਦਾਰ ਹਾਂ, ਜਿਸ ਨੇ ਮੇਰੇ ’ਤੇ ਭਰੋਸਾ ਕੀਤਾ।’ ਅਦਾਕਾਰਾ ਦਾ ਕਹਿਣਾ ਹੈ ਕਿ ‘ਅਰਜੁਨ ਰੈਡੀ’ ਦੀ ਸਫ਼ਲਤਾ ਨੇ ਉਸ ਨੂੰ ਬਹੁਪੱਖੀ ਕਲਾਕਾਰ ਵਜੋਂ ਮਾਨਤਾ ਦਿਵਾਉਣ ਵਿੱਚ ਸਹਿਯੋਗ ਦਿੱਤਾ। ਉਸ ਨੇ ਕਿਹਾ, ‘ਮੈਂ ਇਸ ਵੇਲੇ ਫਿਲਮ ਵਿੱਚ ਆਪਣੇ ਕਿਰਦਾਰ ਬਾਰੇ ਜ਼ਿਆਦਾ ਗੱਲ ਨਹੀਂ ਕਰ ਸਕਦੀ, ਇਸ ਲਈ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ।’’ -ਆਈਏਐੱਨਐੱਸ