ਪਰਸ਼ੋਤਮ ਬੱਲੀ
ਬਰਨਾਲਾ, 6 ਜਨਵਰੀ
ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਇਥੇ ਰੇਲਵੇ ਸਟੇਸ਼ਨ ‘ਤੇ ਸਾਂਝੇ ਕਿਸਾਨ ਮੋਰਚੇ ‘ਚ ਜਿੱਥੇ ਅੱਜ ਆੜ੍ਹਤੀਆ ਐਸੋਸੀਏਸ਼ਨ ਧਨੌਲਾ ਦੀ ਅਗਵਾਈ ਹੇਠ ਆੜ੍ਹਤੀਆਂ ਅਤੇ ਏਟਕ ਆਗੂ ਜਗਰਾਜ ਰਾਮਾ ਦੀ ਅਗਵਾਈ ਹੇਠ ਮਜ਼ਦੂਰਾਂ ਸ਼ਿਰਕਤ ਕੀਤੀ। ਅੱਜ ਦੀ ਲੜੀਵਾਰ ਭੁੱਖ ਹੜਤਾਲ ‘ਤੇ ਪਿੰਡ ਕਰਮਗੜ੍ਹ ਦੀਆਂ ਬੀਬੀਆਂ ਬੈਠੀਆਂ, ਜੋ ਬੀਕੇਯੂ ਡਕੌਂਦਾ ਦੀ ਆਗੂ ਜਸਪਾਲ ਕੌਰ ਦੀ ਅਗਵਾਈ ‘ਚ ਸ਼ਾਮਲ ਹੋਈਆਂ| ਸਾਂਝੇ ਕਿਸਾਨ ਸੰਘਰਸ਼ ਨੂੰ ਆੜ੍ਹਤੀਆ ਐਸੋਸੀਏਸ਼ਨ ਧਨੌਲਾ ਵੱਲੋਂ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕਰਦਿਆਂ ਸੰਚਾਲਨ ਕਮੇਟੀ ਨੂੰ 21,000 ਦੀ ਸਹਿਯੋਗ ਰਾਸ਼ੀ ਭੇਟ ਕੀਤੀ| ਗੁਰਚਰਨ ਸਿੰਘ ਕਲੇਰ ਧਨੌਲਾ ਵੱਲੋਂ ਵੀ ਸੰਚਾਲਨ ਕਮੇਟੀ ਨੂੰ 5100 ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ| ਅੱਜ ਦੇ ਇਕੱਠ ਨੂੰ ਕਿਸਾਨ ਆਗੂਆਂ ਬਲਵੰਤ ਸਿੰਘ ਉੱਪਲੀ, ਉਜਾਗਰ ਸਿੰਘ ਬੀਹਲਾ, ਲਾਲ ਸਿੰਘ ਧਨੌਲਾ, ਗੁਰਚਰਨ ਸਿੰਘ ਸਰਪੰਚ, ਪ੍ਰੇਮਪਾਲ ਕੌਰ, ਬਾਬੂ ਸਿੰਘ ਖੁੱਡੀਕਲਾਂ, ਨੇਕਦਰਸ਼ਨ ਸਿੰਘ, ਬਾਰਾ ਸਿੰਘ ਬਦਰਾ, ਗੁਰਮੇਲ ਰਾਲ ਸ਼ਰਮਾ, ਜਸਵਿੰਦਰ ਸਿੰਘ ਮੰਡੇਰ ਨੇ ਸੰਬੋਧਨ ਕੀਤਾ। ਇਸ ਮੌਕੇ ਐਲਾਨ ਕੀਤਾ ਕਿ ਭਲਕੇ ਦਾਣਾ ਮੰਡੀ ਤੋਂ ਰੇਲਵੇ ਸਟੇਸ਼ਨ ਤੱਕ ਵਿਸ਼ਾਲ ਟਰੈਕਟਰ ਮਾਰਚ ਕੀਤਾ ਜਾਵੇਗਾ। ਅੱਜ ਭੁੱਖ ਹੜਤਾਲ ਉੱਪਰ ਬੈਠਣ ਵਾਲੇ ਜਥੇ ਵਿੱਚ ਗਗਨਦੀਪ ਕੌਰ, ਸਵਨਪ੍ਰੀਤ ਕੌਰ, ਮਨਪ੍ਰੀਤ ਕੌਰ, ਬਲਵੀਰ ਕੌਰ, ਬਿਮਲਾ ਦੇਵੀ, ਜਸਪਾਲ ਕੌਰ, ਸੁਖਵਿੰਦਰ ਕੌਰ, ਅਮਰਜੀਤ ਕੌਰ, ਗੁਰਦੇਵ ਕੌਰ, ਬਲਜੀਤ ਕੌਰ, ਸਮਰਜੀਤ ਕੌਰ, ਤੇਜਪਾਲ ਕੌਰ ਸ਼ਾਮਿਲ ਸਨ| ਮੁਨਸ਼ੀ ਖਾਂ ਰੂੜੇਕੇ, ਨਰਿੰਦਪਾਲ ਸਿੰਗਲਾ, ਲੱਧਾ ਸਿੰਘ, ਸਿੰਦਰ ਸਿੰਘ ਧੌਲਾ, ਸੁਦਰਸ਼ਨ ਗੁੱਡੂ ਨੇ ਇਨਕਲਾਬੀ ਗੀਤ ਪੇਸ਼ ਕੀਤੇ| 97 ਦਿਨਾਂ ਤੋਂ ਸੰਘਰਸ਼ ਦੀ ਮੋਹਰੀ ਕਤਾਰ ਵਿੱਚ ਕਰਮਗੜ੍ਹ ਦੀਆਂ ਸਕੂਲੀ ਵਿਦਿਆਰਥਣਾਂ ਗਗਨਦੀਪ ਕੌਰ, ਸਵਨਪ੍ਰੀਤ ਕੌਰ, ਮਨਪ੍ਰੀਤ ਕੌਰ ਖਿੱਚ ਦਾ ਕੇਂਦਰ ਬਣੀਆਂ ਰਹੀਆਂ|
ਇਸ ਦੌਰਾਨ ਬਰਨਾਲਾ-ਬਾਜਾਖ਼ਾਨਾ ਰੋਡ ’ਤੇ ਸਥਿਤ ‘ਰਿਲਾਇੰਸ ਸਮਾਰਟ ਮਾਲ’ ਦੇ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ 95 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਧਰਨਾ ਖ਼ਰਾਬ ਮੌਸਮ ਦੇ ਬਾਵਜੂਦ ਜਾਰੀ ਰਿਹਾ। ਧਰਨੇ ਵਿੱਚ ਸ਼ਾਮਲ ਕਿਸਾਨ ਮਰਦਾਂ, ਔਰਤਾਂ ਅਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਬੀਕੇਯੂ (ਡਕੌਂਦਾ) ਦੇ ਜ਼ਿਲ੍ਹਾ ਜਥੇਬੰਦਕ ਸਕੱਤਰ ਸਾਹਿਬ ਸਿੰਘ ਬਡਬਰ, ਪਰਮਿੰਦਰ ਹੰਡਿਆਇਆ, ਜਸਪਾਲ ਸਿੰਘ ਚੀਮਾ, ਸੁਰਜੀਤ ਸਿੰਘ ਕਰਮਗੜ੍ਹ, ਸੁਖਦੇਵ ਸਿੰਘ ਮੱਲੀ, ਦਵਿੰਦਰ ਸਿੰਘ ਬਰਨਾਲਾ ਅਤੇ ਮੇਜਰ ਸਿੰਘ ਸੰਘੇੜਾ ਨੇ ਕਿਹਾ ਕਿ ਤਿੰਨੇ ਕਾਨੂੰਨ ਰੱਦ ਹੋਣ ਅਤੇ ਸਾਰੀਆਂ ਦੀਆਂ ਸਾਰੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਦਰਜਾ ਮਿਲਣ ਤੱਕ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ ਤੇ ਦਿਨੋ-ਦਿਨ ਤੇਜ਼ ਹੁੰਦਾ ਜਾਵੇਗਾ।