ਮਨਦੀਪ ਸਿੰਘ ਸਿੱਧੂ
ਪੰਜਾਬੀ ਨਾਵਲਕਾਰੀ ਵਿਚ ਮਾਲਵੇ ਦੇ ਸ਼ੋਹਰਤਯਾਫ਼ਤਾ ਨਾਵਲਕਾਰ ਤੇ ਕਹਾਣੀਕਾਰ ਹੋਣ ਦੇ ਨਾਲ-ਨਾਲ ਬੂਟਾ ਸਿੰਘ ਸ਼ਾਦ ਉਮਦਾ ਫ਼ਿਲਮਸਾਜ਼, ਹਿਦਾਇਤਕਾਰ, ਅਦਾਕਾਰ ਅਤੇ ਮੁਕਾਲਮਾਨਿਗ਼ਾਰ ਵੀ ਹਨ। ਫ਼ਿਲਮਾਂ ਵਿਚ ਕਦਮ ਰੱਖਣ ਤੋਂ ਪਹਿਲਾਂ ਇਨ੍ਹਾਂ ਦੇ ਲਿਖੇ ਕੁਝ ਪੰਜਾਬੀ ਨਾਵਲ ਆਵਾਮ ਵਿਚ ਬੇਹੱਦ ਮਕਬੂਲ ਹੋ ਚੁੱਕੇ ਸਨ, ਪਰ ਸਿਨਮਾਈ ਖਿੱਚ ਇਨ੍ਹਾਂ ਨੂੰ ਫ਼ਿਲਮਾਂ ਦੇ ਵੱਡੇ ਮਰਕਜ਼ ਬੰਬੇ ਲੈ ਟੁਰੀ। ਫਿਰ ਉਨ੍ਹਾਂ ਨੇ ਨਾਵਲ ਤੇ ਕਹਾਣੀ ਸੰਗ੍ਰਹਿ ਲਿਖਣ ਦੇ ਨਾਲ-ਨਾਲ ਆਪਣਾ ਫ਼ਿਲਮੀ ਸਫ਼ਰ ਵੀ ਜਾਰੀ ਰੱਖਿਆ।
ਬੂਟਾ ਸਿੰਘ ਬਰਾੜ ਉਰਫ਼ ਬੂਟਾ ਸਿੰਘ ‘ਸ਼ਾਦ’ ਉਰਫ਼ ਬੀ. ਐੱਸ. ‘ਸ਼ਾਦ’ ਦੀ ਪੈਦਾਇਸ਼ 12 ਨਵੰਬਰ 1943 ਨੂੰ ਮਾਲਵੇ ਦੇ ਪਿੰਡ ਦਾਨ ਸਿੰਘ ਵਾਲਾ (ਬਠਿੰਡਾ) ਦੇ ਜੱਟ ਸਿੱਖ ਪਰਿਵਾਰ ’ਚ ਹੋਈ। ਇਨ੍ਹਾਂ ਦੇ ਪਿਤਾ ਦਾ ਨਾਮ ਸੰਤਾ ਸਿੰਘ ਅਤੇ ਮਾਤਾ ਹਰਨਾਮ ਕੌਰ ਸੀ। ‘ਸ਼ਾਦ’ ਇਨ੍ਹਾਂ ਦਾ ਕਲਮੀ ਤਖ਼ੱਲਸ ਹੈ, ਜਿਸਦਾ ਅਰਥ ਹੈ ‘ਖ਼ੁਸ਼’ ਅਤੇ ਫ਼ਿਲਮੀ ਨਾਮ ਪਹਿਲਾਂ ‘ਹਰਵਿੰਦਰ’ ਤੇ ਫਿਰ ‘ਹਰਿੰਦਰ’ ਰਿਹਾ। ਬੂਟਾ ਸਿੰਘ ‘ਸ਼ਾਦ’ ਨੇ ਦਸਵੀਂ ਪਿੰਡੋਂ, ਗ੍ਰੈਜੂਏਸ਼ਨ ਰਾਜਿੰਦਰਾ ਕਾਲਜ ਬਠਿੰਡਾ ਅਤੇ ਐੱਮ. ਏ. ਅੰਗਰੇਜ਼ੀ, ਡੀ. ਏ. ਵੀ. ਕਾਲਜ ਦੇਹਰਾਦੂਨ ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਗੁਰੂ ਕਾਸ਼ੀ ਕਾਲਜ, ਤਲਵੰਡੀ ਸਾਬੋ, ਬਰਜਿੰਦਰਾ ਕਾਲਜ, ਫ਼ਰੀਦਕੋਟ, ਗੁਰੂ ਨਾਨਕ ਕਾਲਜ, ਕਿੱਲਿਆਂਵਾਲੀ (ਡੱਬਵਾਲੀ), ਖਾਲਸਾ ਕਾਲਜ ਫਾਰ ਵਿਮੈੱਨ, ਸਿੱਧਵਾਂ ਖੁਰਦ ਵਿਖੇ ਪੜ੍ਹਾਇਆ ਵੀ। ਅਧਿਆਪਨ ਕਿੱਤੇ ਦੌਰਾਨ ਹੀ ਸ਼ਾਦ ਨੂੰ ਫ਼ਿਲਮਾਂ ਨਾਲ ਗਹਿਰੀ ਦਿਲਚਸਪੀ ਹੋ ਗਈ ਸੀ। ਲਿਹਾਜ਼ਾ ਇਸੇ ਸ਼ੌਕ ਦੇ ਚੱਲਦਿਆਂ ਉਨ੍ਹਾਂ ਨੇ ਫ਼ਿਲਮ ਲਾਈਨ ਅਖ਼ਤਿਆਰ ਕਰ ਲਈ ਅਤੇ 1970 ਵਿਚ ਫ਼ਿਲਮਾਂ ਦੇ ਵੱਡੇ ਮਰਕਜ਼ ਬੰਬੇ ਦਾ ਰੁਖ਼ ਕਰ ਲਿਆ।
ਬੂਟਾ ਸਿੰਘ ਸ਼ਾਦ ਦੀ ਪਹਿਲੀ ਪੰਜਾਬੀ ਫ਼ਿਲਮ ਆਪਣੇ ਫ਼ਿਲਮਸਾਜ਼ ਅਦਾਰੇ ਬਰਾੜ ਪ੍ਰੋਡਕਸ਼ਨ, ਬੰਬੇ ਦੀ ‘ਕੁੱਲੀ ਯਾਰ ਦੀ’ (1970) ਸੀ। ਆਪਣੇ ਲਿਖੇ ਪੰਜਾਬੀ ਨਾਵਲ ‘ਅੱਧੀ ਰਾਤ ਪਹਿਰ ਦਾ ਤੜਕਾ’ ’ਤੇ ਬਣੀ ਇਸ ਫ਼ਿਲਮ ਵਿਚ ਉਨ੍ਹਾਂ ਨੇ ਹਰਵਿੰਦਰ ਦੇ ਨਾਮ ਨਾਲ ਪਹਿਲੇ ਸਿੱਖ ਹੀਰੋ ਵਜੋਂ ਅਦਾਕਾਰੀ ਕੀਤੀ ਤੇ ਹੀਰੋਇਨ ਦਾ ਕਿਰਦਾਰ ਇੰਦਰਾ ਬਿੱਲੀ ਨਿਭਾ ਰਹੀ ਸੀ। ਇਸ ਫ਼ਿਲਮ ਵਿਚ ਸ਼ਾਦ ਨੇ 3 ਲੋਕ ਗਾਇਕ ਮੁਹੰਮਦ ਸਦੀਕ ‘ਰਾਮਪੁਰੀ’, ਰਣਜੀਤ ਕੌਰ, ਗੁਰਚਰਨ ਸਿੰਘ ਪੋਹਲੀ ਤੋਂ ਇਲਾਵਾ ਸਰੂਪ ਪਰਿੰਦਾ ਉਰਫ਼ ਸਰੂਪ ਸਿੰਘ ਸਰਾਂ ਨੂੰ ਪੇਸ਼ ਕੀਤਾ। ਮਨੋਹਰ ਸਿੰਘ ਦੀ ਮੁਰੱਤਬਿ ਮੌਸੀਕੀ ’ਚ ਬਾਬੂ ਸਿੰੰਘ ਮਾਨ ਦੇ ਲਿਖੇ 4 ਗੀਤਾਂ ’ਚੋਂ 3 ਗੀਤ ਹਰਵਿੰਦਰ ਤੇ ਇੰਦਰਾ ਉੱਤੇ ਫ਼ਿਲਮਾਏ ‘ਏ ਜੀ ਹਾਂ ਜੀ ਦਿਲ ਮੇਰਾ ਧੜਕੇ’ (ਸ਼ਮਸ਼ਾਦ ਬੇਗ਼ਮ), ‘ਚੰਨਾ ਵੇ ਤੇਰਾ ਘੁੱਟ ਭਰ ਲਾਂ’, ‘ਕੰਡਾ ਤੇਰੇ ਕਿੱਥੇ ਚੁਭਿਆ’ (ਸ਼ਮਸ਼ਾਦ ਬੇਗ਼ਮ) ਤੇ ਚੌਥਾ ਗੀਤ ‘ਜਨਨੀ ਜਨੇ ਤਾਂ ਭਗਤ ਜਨ’ (ਮਹਿੰਦਰ ਕਪੂਰ) ਗੁਰਚਰਨ ਪੋਹਲੀ ਉੱਤੇ ਫ਼ਿਲਮਾਇਆ ਗਿਆ ਸੀ। ਇਹ ਬਲੈਕ ਐਂਡ ਵ੍ਹਾਈਟ ਫ਼ਿਲਮ 27 ਨਵੰਬਰ 1970 ਨੂੰ ਨੰਦਨ ਸਿਨਮਾ, ਅੰਮ੍ਰਿਤਸਰ ’ਚ ਰਿਲੀਜ਼ ਹੋਈ। ਬੂਟਾ ਸਿੰਘ ਸ਼ਾਦ ਨੇ ਦੱਸਿਆ, ‘ਬੇਸ਼ੱਕ ਸਾਡੀ ਇਹ ਫ਼ਿਲਮ ਤਕਨੀਕੀ ਪੱਖੋਂ ਕੋਈ ਆਲ੍ਹਾ ਦਰਜੇ ਦੀ ਨਹੀਂ ਸੀ ਤੇ ਨਾ ਹੀ ਮੇਰੀ ਅਦਾਕਾਰੀ ਕੋਈ ਕਮਾਲ ਕਰ ਪਾਈ ਸੀ, ਪਰ ਉਸ ਵੇਲੇ ਇਸਦੀ ਖ਼ਾਸੀ ਪਬਲੀਸਿਟੀ ਹੋ ਗਈ ਸੀ ਕਿ ਇਸ ਪੰਜਾਬੀ ਫ਼ਿਲਮ ਵਿਚ ਪਹਿਲਾ ਸਿੱਖ ਹੀਰੋ ਬੂਟਾ ਸਿੰਘ ਸ਼ਾਦ ਕੰਮ ਕਰ ਰਿਹਾ ਹੈ। ਇਸ ਨਾਲ ਸਾਡੀ ਫ਼ਿਲਮ ਨੂੰ ਭਰਵਾਂ ਹੁੰਗਾਰਾ ਤੇ ਹੌਸਲਾ ਜ਼ਰੂਰ ਮਿਲਿਆ।’ ਇਸ ਤੋਂ ਬਾਅਦ ਸ਼ਾਦ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਨਾਵਲਾਂ ਦੇ ਨਾਲ-ਨਾਲ ਫ਼ਿਲਮਾਂ ਬਣਾਉਣੀਆਂ ਜਾਰੀ ਰੱਖੀਆਂ।
ਆਪਣੇ ਜ਼ਾਤੀ ਬੈਨਰ ਦੀ ਹੀ ਦੂਜੀ ਰੰਗਦਾਰ ਧਾਰਮਿਕ ਪੰਜਾਬੀ ਫ਼ਿਲਮ ‘ਮਿੱਤਰ ਪਿਆਰੇ ਨੂੰ’ (1975) ਸੀ। ਇਸ ਫ਼ਿਲਮ ਦੀ ਕਹਾਣੀ, ਮੰਜ਼ਰਨਾਮਾ, ਮੁਕਾਲਮੇ ਲਿਖਣ ਦੇ ਨਾਲ-ਨਾਲ ਫ਼ਿਲਮਸਾਜ਼ ਅਤੇ ਹਿਦਾਇਤਕਾਰ ਵਜੋਂ ਉਨ੍ਹਾਂ ਦਾ ਨਾਮ ਬੂਟਾ ਸਿੰਘ ਸ਼ਾਦ ਦਰਜ ਹੈ। ਫ਼ਿਲਮ ’ਚ ਅਦਾਕਾਰ ਵਜੋਂ ਉਨ੍ਹਾਂ ਨੇ ਹਰਿੰਦਰ ਦੇ ਨਾਮ ਨਾਲ ‘ਰਣਜੀਤ ਸਿੰਘ’ ਦਾ ਕਿਰਦਾਰ ਨਿਭਾਇਆ, ਜਿਸ ਦੇ ਰੂਬਰੂ ਅਦਾਕਾਰਾ ਮੀਨਾ ਰਾਏ ‘ਸ਼ੀਤਲ’ ਦਾ ਪਾਰਟ ਅਦਾ ਕਰ ਰਹੀ ਸੀ। ਗੀਤ ਕਸ਼ਮੀਰ ਕਾਦਰ ਅਤੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਲੈ ਗਏ ਸਨ। ਇਹ ਫ਼ਿਲਮ ਵੀ ਬੂਟਾ ਸਿੰਘ ਸ਼ਾਦ ਦੇ ਪੰਜਾਬੀ ਨਾਵਲ ‘ਮਿੱਤਰ ਪਿਆਰੇ’ (1970) ’ਤੇ ਆਧਾਰਿਤ ਸੀ। ਬੂਟਾ ਸਿੰਘ ਸ਼ਾਦ ਨੇ ਦੱਸਿਆ ਕਿ ਇਸ ਫ਼ਿਲਮ ਨੇ ਉਸਨੂੰ ਐਨਾ ਪੈਸਾ ਦਿੱਤਾ ਕਿ ਫ਼ਿਲਮ ਸਨਅਤ ਵਿਚ ਮੇਰੇ ਪੈਰ ਜੰਮ ਗਏ। ਆਪਣੇ ਫ਼ਿਲਮਸਾਜ਼ ਅਦਾਰੇ ਦੀ ਹੀ ਤੀਜੀ ਪੰਜਾਬੀ ਫ਼ਿਲਮ ‘ਸੱਚਾ ਮੇਰਾ ਰੂਪ ਹੈ’ (1976) ਸੀ। ਬੂਟਾ ਸਿੰਘ ਸ਼ਾਦ ਦੇ ਨਾਮ ਨਾਲ ਕਹਾਣੀਨਵੀਸ, ਫ਼ਿਲਮਸਾਜ਼ ਤੇ ਹਿਦਾਇਤਕਾਰ (ਸਹਾਇਕ ਸੁਰਿੰਦਰ ਸਿੰਘ) ਸਨ। ਅਦਾਕਾਰ ਵਜੋਂ ਹਰਿੰਦਰ ਦੇ ਨਾਮ ਨਾਲ ‘ਅਧਿਆਪਕ’ ਦਾ ਰੋਲ ਕੀਤਾ, ਜਿਸ ਦੇ ਸਨਮੁੱਖ ਅਦਾਕਾਰਾ ਸਰਿਤਾ ‘ਜੱਗੀ’ ਦਾ ਕਿਰਦਾਰ ਨਿਭਾ ਰਹੀ ਸੀ। ਫ਼ਿਲਮ ਦੀ ਸਟਾਰ ਕਾਸਟ ਵਿਚ ਹਿੰਦੀ ਫ਼ਿਲਮਾਂ ਦੀ ਮਸ਼ਹੂਰ ਡਾਂਸਰ ਹੈਲਨ ਦਾ ਨਾਮ ਦਰਜ ਹੈ, ਪਰ ਬੂਟਾ ਸਿੰਘ ਸ਼ਾਦ ਦੇ ਦੱਸਣ ਮੁਤਾਬਿਕ ਫ਼ਿਲਮ ਧਾਰਮਿਕ ਰੰਗਤ ਦੀ ਹੋਣ ਕਰਕੇ ਹੈਲਨ ਦਾ ਗੀਤ ਕੱਟ ਦਿੱਤਾ ਗਿਆ ਸੀ। ਐੱਸ. ਜੇ. ਕੇ. ਪ੍ਰੋਡਕਸ਼ਨਜ਼, ਬੰਬੇ ਦੀ ਸੁਰਿੰਦਰ ਸਿੰਘ ਨਿਰਦੇਸ਼ਿਤ ਫ਼ਿਲਮ ‘ਧਰਤੀ ਸਾਡੀ ਮਾਂ’ (1976) ਵਿਚ ਹਰਿੰਦਰ ਨੇ ਫ਼ੌਜ ਦੇ ਕੈਪਟਨ ‘ਰਣਬੀਰ’ ਦਾ ਕਿਰਦਾਰ ਨਿਭਾਇਆ, ਜਿਸ ਦੇ ਸਨਮੁੱਖ ਇਕ ਵਾਰ ਫਿਰ ਸਰਿਤਾ ‘ਵੀਨਾ’ ਦਾ ਰੋਲ ਕਰ ਰਹੀ ਸੀ। ਕਹਾਣੀ ਤੇ ਗੀਤ ਕਸ਼ਮੀਰ ਕਾਦਰ, ਮੰਜ਼ਰਨਾਮਾ ਤੇ ਮੁਕਾਲਮੇ ਜਸਵੰਤ ਸਿੰਘ ਵਿਰਦੀ, ਸੰਗੀਤ ਵੇਦਪਾਲ ਅਤੇ ਫ਼ਿਲਮਸਾਜ਼ ਕਸ਼ਮੀਰ ਕਾਦਰ ਤੇ ਜਨਕ ਸ਼ਰਮਾ ਸਨ। ਅਮਰ ਫ਼ਿਲਮਜ਼, ਬੰਬੇ ਦੀ ਪੰਜਾਬੀ ਫ਼ਿਲਮ ‘ਗਿੱਧਾ’ (1978) ਦੀ ਕਹਾਣੀ ਤੇ ਹਿਦਾਇਤਕਾਰੀ ਦੇ ਫ਼ਰਜ਼ ਵੀ ਬੀ. ਐੱਸ. ਸ਼ਾਦ ਨੇ ਅੰਜਾਮ ਦਿੱਤੇ। ਫ਼ਿਲਮਸਾਜ਼ ਭੁਪਿੰਦਰ ਪੁਰੇਵਾਲ, ਆਰ. ਐੱਸ. ਰੰਗੀਲਾ, ਆਰ. ਐੱਸ. ਪਰਵਾਨਾ ਤੇ ਬੀ. ਐੱਸ. ਸ਼ਾਦ ਸਨ। ਸੰਗੀਤ ਵੇਦਪਾਲ ਅਤੇ ਗੀਤ ਕਸ਼ਮੀਰ ਕਾਦਰ ਨੇ ਤਹਿਰੀਰ ਕੀਤੇ। ਮਰਕਜ਼ੀ ਕਿਰਦਾਰ ਵਿਚ ਵਰਿੰਦਰ ਤੇ ਕੋਮਿਲਾ ਵਿਰਕ ਸਨ ਅਤੇ ਮਹਿਮਾਨ ਅਦਾਕਾਰ ਵਜੋਂ ਧਰਮਿੰਦਰ ਤੇ ਦਾਰਾ ਸਿੰਘ ਵਗੈਰਾ ਸ਼ਾਮਲ ਸਨ। ਇਹ ਫ਼ਿਲਮ ਹਿੰਦੀ ਵਿਚ ਪਾਪੂਲਰ ਫ਼ਿਲਮ ਐਕਸਚੇਂਜ, ਬੰਬਈ ਦੇ ਬੈਨਰ ਹੇਠ ‘ਜ਼ਖ਼ਮੀ ਦਿਲ’ (1982) ਦੇ ਨਾਮ ਨਾਲ ਡੱਬ ਹੋਈ। ਸਨਰਾਈਜ਼ ਇੰਟਰਪ੍ਰਾਈਸਜ਼, ਬੰਬੇ ਦੀ ਪੰਜਾਬੀ ਫ਼ਿਲਮ ‘ਸੈਦਾਂ ਜੋਗਨ’ (1979) ਦੇ ਹਿਦਾਇਤਕਾਰ ਬੀ. ਐੱਸ. ਸ਼ਾਦ ਤੇ ਫ਼ਿਲਮਸਾਜ਼ ਬਲਦੇਵ ਸਿੰਘ ਦਾਨੀ ਸਨ। ਕਹਾਣੀ ਸਰਦਾਰ ਭਾਗ ਸਿੰਘ, ਗੀਤ ਤੇ ਮੁਕਾਲਮੇ ਬੀ. ਐੱਸ. ਮਾਨ ਅਤੇ ਸੰਗੀਤ ਮੁਹੰਮਦ ਸਦੀਕ ਨੇ ਤਿਆਰ ਕੀਤਾ ਸੀ।
ਬਲਬੀਰ ਟਾਂਡਾ ਨੌਰਵੇ ਦੇ ਫ਼ਿਲਮਸਾਜ਼ ਅਦਾਰੇ ਟਾਂਡਾ ਫ਼ਿਲਮਜ਼, ਬੰਬੇ ਦੀ ਪਹਿਲੀ ਪੰਜਾਬੀ ਫ਼ਿਲਮ ‘ਵੈਰੀ’ (1992) ਦੇ ਕਹਾਣੀਨਵੀਸ ਤੇ ਹਿਦਾਇਤਕਾਰ ਵੀ ਬੀ. ਐੱਸ. ਸ਼ਾਦ ਸਨ। ਇਸ ਫ਼ਿਲਮ ਵਿਚ ਸ਼ਾਦ ਨੇ ਫਗਵਾੜੇ ਦੀ ਮੁਟਿਆਰ ਰਵਿੰਦਰ ਮਾਨ ਨੂੰ ਨਵੀਂ ਹੀਰੋਇਨ ਵਜੋਂ ਪੇਸ਼ ਕਰਵਾਇਆ। ਬਰਾੜ ਕੰਬਾਇਨ, ਬੰਬੇ ਦੀ ਫ਼ਿਲਮ ‘ਲਾਲੀ’ (1997) ਦੇ ਕਹਾਣੀਨਵੀਸ, ਫ਼ਿਲਮਸਾਜ਼ ਤੇ ਹਿਦਾਇਤਕਾਰ ਵੀ ਬੀ. ਐੱਸ. ਸ਼ਾਦ ਸਨ। ਫ਼ਿਲਮ ਵਿਚ ਰਵਿੰਦਰ ਮਾਨ ਤੇ ਵਿਸ਼ਾਲ ਸਿੰਘ (ਪੁਨੀਤ ਚੰਦਰ ਸ਼ਰਮਾ) ਨੇ ਮਰਕਜ਼ੀ ਕਿਰਦਾਰ ਨਿਭਾਏ। ਇਹ ਫ਼ਿਲਮ ਵੀ ਸ਼ਾਦ ਦੇ ਲਿਖੇ ਪੰਜਾਬੀ ਨਾਵਲ ‘ਲਾਲੀ’ (1985) ’ਤੇ ਆਧਾਰਿਤ ਸੀ।
ਬੀ. ਐੱਸ. ਸ਼ਾਦ ਦੇ ਫ਼ਿਲਮਸਾਜ਼ ਅਦਾਰੇ ਬਰਾੜ ਪ੍ਰੋਡਕਸ਼ਨਜ਼, ਬੰਬਈ ਦੀ ਪਹਿਲੀ ਹਿੰਦੀ ਫ਼ਿਲਮ ‘ਕੋਰਾ ਬਦਨ’ (1974) ਸੀ। ਬੀ. ਐੱਸ. ਸ਼ਾਦ ਦੇ ਨਾਮ ਨਾਲ ਫ਼ਿਲਮ ਦੀ ਕਹਾਣੀ, ਮੰਜ਼ਰਨਾਮਾ, ਮੁਕਾਲਮੇ ਲਿਖਣ ਦੇ ਨਾਲ-ਨਾਲ ਫ਼ਿਲਮਸਾਜ਼ ਤੇ ਹਿਦਾਇਤਕਾਰ ਵੀ ਖ਼ੁਦ ਸਨ। ਫ਼ਿਲਮ ਵਿਚ ਉਨ੍ਹਾਂ ਨੇ ਹਰਿੰਦਰ ਦੇ ਨਾਮ ਨਾਲ ‘ਮਹੇਸ਼’ ਦਾ ਪਾਰਟ, ਜਿਸ ਦੇ ਸਨਮੁਖ ਰੀਤਾ ਅੰਚਨ ‘ਨੀਲਮ’ ਦਾ ਰੋਲ ਕਰ ਰਹੀ ਸੀ। ਗੀਤ ਬਾਬੂ ਸਿੰਘ ਮਾਨ, ਕਸ਼ਮੀਰ ਕਾਦਰ, ਮਹਿੰਦਰ ਦੇਹਲਵੀ ਅਤੇ ਸੰਗੀਤ ਵੇਦਪਾਲ ਵਰਮਾ (ਸਹਾਇਕ ਸ਼ਰੂਤੀ ਕਾਂਤ ਵਰਮਾ ਤੇ ਅਜੈ ਕੁਮਾਰ) ਤਰਤੀਬ ਦਿੱਤਾ। ਇਹ ਫ਼ਿਲਮ ਬੂਟਾ ਸਿੰਘ ਸ਼ਾਦ ਦੇ ਪੰਜਾਬੀ ਨਾਵਲ ‘ਕੋਰਾ ਬਦਨ’ (1969) ’ਤੇ ਆਧਾਰਿਤ ਸੀ। ਬਰਾੜ ਪ੍ਰੋਡਕਸ਼ਨਜ਼ ਦੀ ਹੀ ਸੁਰਿੰਦਰ ਮੋਹਨ ਨਿਰਦੇਸ਼ਿਤ ਫ਼ਿਲਮ ‘ਨਿਸ਼ਾਨ’ (1983) ਦੇ ਫ਼ਿਲਮਸਾਜ਼ ਬੀ. ਐੱਸ. ਸ਼ਾਦ ਸਨ। ਕਹਾਣੀ ਅਜ਼ੀਜ਼ ਕੁਐਸੀ, ਗੀਤ ਗੁਲਸ਼ਨ ਬਾਵਰਾ ਅਤੇ ਸੰਗੀਤਕਾਰ ਰਾਜੇਸ਼ ਰੌਸ਼ਨ ਸਨ। ਫ਼ਿਲਮ ਦੀਆਂ ਮੁੱਖ ਭੂਮਿਕਾਵਾਂ ਵਿਚ ਰਾਜੇਸ਼ ਖੰਨਾ, ਜਤਿੰਦਰ, ਪੂਨਮ ਢਿੱਲੋਂ, ਅਮਰੀਸ਼ ਪੁਰੀ, ਜੀਵਨ, ਕੰਚਨ ਮੱਟੂ ਆਦਿ ਨੁਮਾਇਆਂ ਸਨ। ਆਪਣੇ ਜ਼ਾਤੀ ਬੈਨਰ ਦੀ ਹੀ ਤੀਜੀ ਫ਼ਿਲਮ ਕੇ. ਬਪੀਹਾ ਨਿਰਦੇਸ਼ਿਤ ‘ਹਿੰਮਤ ਔਰ ਮਿਹਨਤ’ (1987) ਸੀ। ਫ਼ਿਲਮਸਾਜ਼ ਬੀ. ਐੱਸ. ਸ਼ਾਦ, ਗੀਤ ਇੰਦੀਵਰ ਤੇ ਸੰਗੀਤ ਭੱਪੀ ਲਹਿਰੀ ਨੇ ਦਿੱਤਾ ਸੀ। ਫ਼ਿਲਮ ਵਿਚ ਜਤਿੰਦਰ, ਸ੍ਰੀਦੇਵੀ, ਸ਼ਮੀ ਕਪੂਰ, ਰਾਜ ਕਿਰਨ ਦਿਵਯਾ ਰਾਣਾ, ਕਾਦਰ ਖ਼ਾਨ, ਸ਼ਕਤੀ ਆਦਿ ਆਪਣੇ ਫ਼ਨ ਦੀ ਪੇਸ਼ਕਾਰੀ ਕਰ ਰਹੇ ਸਨ। ਬਰਾੜ ਕੰਬਾਇਨ, ਬੰਬਈ ਦੀ ਸ਼ਿਭੂ ਮਿੱਤਰਾ ਨਿਰਦੇਸ਼ਿਤ ਹਿੰਦੀ ਫ਼ਿਲਮ ‘ਕਸਮ ਵਰਦੀ ਕੀ’ (1989) ਦੇ ਫ਼ਿਲਮਸਾਜ਼ ਬੀ. ਐੱਸ. ਸ਼ਾਦ ਤੇ ਜਿੰਮੀ ਨਰੂਲਾ ਸਨ। ਗੀਤਕਾਰ ਅਨਜਾਨ ਤੇ ਤਰਜ਼ਾਂ ਭੱਪੀ ਲਹਿਰੀ ਨੇ ਬਣਾਈਆਂ ਸਨ। ਫ਼ਿਲਮ ਵਿਚ ਜਤਿੰਦਰ, ਚੰਕੀ ਪਾਂਡੇ, ਭਾਨੂੰ ਪ੍ਰਿਆ, ਫ਼ਰਹਾ ਨਾਜ਼, ਅਨੁਪਮ ਖੇਰ, ਰਜ਼ਾ ਮੁਰਾਦ ਆਦਿ ਨੇ ਅਹਿਮ ਕਿਰਦਾਰ ਨਿਭਾਏ। ਅਮਿਤ ਬਰਾੜ ਆਰਟਸ, ਬੰਬਈ ਐੱਸ. ਏ. ਚੰਦਰ ਸ਼ੇਖਰ ਨਿਰਦੇਸ਼ਿਤ ਫ਼ਿਲਮ ‘ਇਨਸਾਫ਼ ਕੀ ਦੇਵੀ’ (1992) ਦੇ ਫ਼ਿਲਮਸਾਜ਼ ਬੀ. ਐੱਸ. ਸ਼ਾਦ ਤੇ ਸ਼ਬਨਮ ਕਪੂਰ, ਮੁਕਾਲਮੇ ਸ਼ਬਦ ਕੁਮਾਰ, ਗੀਤ ਇੰਦੀਵਰ ਅਤੇ ਸੰਗੀਤ ਭੱਪੀ ਲਹਿਰੀ ਨੇ ਦਿੱਤਾ। ਫ਼ਿਲਮ ’ਚ ਜਤਿੰਦਰ, ਰੇਖਾ, ਉਪਾਸਨਾ ਸਿੰਘ, ਸ਼ਕਤੀ ਕਪੂਰ, ਕਾਦਰ ਖ਼ਾਨ ਆਦਿ ਮੌਜੂਦ ਸਨ। ਬੀ. ਐੱਸ. ਸ਼ਾਦ ਦੀ ਫ਼ਿਲਮਕਾਰੀ ’ਚ ਬਣੀ ਬਰਾੜ ਪ੍ਰੋਡਕਸ਼ਨਜ਼, ਬੰਬਈ ਦੀ ਫ਼ਿਲਮ ‘ਪਹਿਲਾ ਪਹਿਲਾ ਪਿਆਰ’ (1994) ਮਨਮੋਹਨ ਸਿੰਘ ਦੀ ਹਿਦਾਇਤਕਾਰੀ ਵਿਚ ਬਣੀ ਪਹਿਲੀ ਫ਼ਿਲਮ ਸੀ। ਇਸ ਫ਼ਿਲਮ ਵਿਚ ਸ਼ਾਦ ਨੇ ਫ਼ਰਹਾ ਨਾਜ਼ ਦੀ ਛੋਟੀ ਭੈਣ ਤੱਬੂ ਨੂੰ ਨਵੀਂ ਅਦਾਕਾਰ ਵਜੋਂ ਮੁਤਆਰਿਫ਼ ਕਰਵਾਇਆ, ਜਿਸਦੇ ਮੁਕਾਬਿਲ ਹੀਰੋ ਦੇ ਕਿਰਦਾਰ ਵਿਚ ਰਿਸ਼ੀ ਕਪੂਰ ਸਨ। ਕਹਾਣੀ, ਮੰਜ਼ਰਨਾਮਾ ਹਨੀ ਇਰਾਨੀ, ਗੀਤ ਆਨੰਦ ਬਖ਼ਸ਼ੀ ਅਤੇ ਸੰਗੀਤ ਉੱਤਮ ਸਿੰਘ ਨੇ ਤਾਮੀਰ ਕੀਤਾ। ਆਪਣੇ ਜ਼ਾਤੀ ਬੈਨਰ ਦੀ ਹੀ ਅਜੈ ਕਸ਼ਯਪ ਨਿਰਦੇਸ਼ਿਤ ਫ਼ਿਲਮ ‘ਸਮੱਗਲਰ’ (1996) ਦੇ ਕਹਾਣੀਨਵੀਸ ਤੇ ਫ਼ਿਲਮਸਾਜ਼ ਬੀ. ਐੱਸ. ਸ਼ਾਦ ਤੇ ਪੇਸ਼ਕਾਰ ਬਲਬੀਰ ਟਾਂਡਾ, ਨੌਰਵੇ ਸਨ। ਗੀਤ ਮਾਯਾ ਗੋਵਿੰਦ, ਨਵਾਬ ਆਰਜ਼ੂ, ਪ੍ਰਸ਼ਾਂਤ ਵੱਸਲ ਅਤੇ ਸੰਗੀਤਕ ਧੁੰਨਾਂ ਭੱਪੀ ਲਹਿਰੀ ਨੇ ਬਣਾਈਆਂ। ਫ਼ਿਲਮ ਦੀਆਂ ਮੁੱਖ ਭੂਮਿਕਾਵਾਂ ’ਚ ਪਰਮਵੀਰ ਸਿੰਘ ਤੇ ਰਵਿੰਦਰ ਮਾਨ, ਅਯੂਬ ਖ਼ਾਨ ਤੇ ਕਰੀਨਾ ਗਰੋਵਰ ਤੋਂ ਇਲਾਵਾ ਗੁੱਗੂ ਗਿੱਲ, ਸਰਵਰ ਗਿੱਲ ਤੇ ਵਿਸ਼ੇਸ਼ ਕਿਰਦਾਰ ’ਚ ਧਰਮਿੰਦਰ ਮੌਜੂਦ ਸਨ। ਅਮਿਤ ਬਰਾੜ ਆਰਟਸ, ਬੰਬਈ ਦੀ ਨਭ ਕੁਮਾਰ ਨਿਰਦੇਸ਼ਿਤ ਫ਼ਿਲਮ ‘ਟੌਪਲੈੱਸ’ (2005) ਦੇ ਫ਼ਿਲਮਸਾਜ਼ (ਸਹਾਇਕ ਬਲਬੀਰ ਟਾਂਡਾ, ਨੌਰਵੇ) ਤੇ ਕਹਾਣੀਨਵੀਸ ਬੀ. ਐੱਸ. ਸ਼ਾਦ ਸਨ। ਹੀਰੋ ਤਰੁਣ ਖੰਨਾ ਤੇ ਹੀਰੋਇਨ ਦਾ ਪਾਰਟ ਸ਼ਵੈਤਾ ਮੈਨਨ ਨਿਭਾ ਰਹੀ ਸੀ। ਫ਼ਿਲਮ ਦਾ ਸੰਗੀਤ ਚੰਨੀ ਸਿੰਘ (ਅਲਾਪ ਗਰੁੱਪ ਯੂ. ਕੇ.), ਅਕਰਮ ਤੇ ਭੱਪੀ ਲਹਿਰੀ ਨੇ ਤਰਤੀਬ ਦਿੱਤਾ ਸੀ। ਸ਼ਾਦ ਪੰਜਾਬੀ ਫ਼ਿਲਮਾਂ ਬਣਾਉਣ ਨੂੰ ਕਿੱਤਾ ਨਹੀਂ ਸਗੋਂ ਸ਼ੌਕ ਦੀ ਪੂਰਤੀ ਮੰਨਦੇ ਹਨ। ਉਨ੍ਹਾਂ ਮੁਤਾਬਿਕ ਹਿੰਦੀ ਫ਼ਿਲਮਾਂ ਬਗ਼ੈਰ ਗਤੀ ਨਹੀਂ।
ਸ਼ਾਦ ਨੇ ਆਪਣੇ ਪੰਜਾਬੀ ਨਾਵਲਾਂ ਬਾਬਤ ਦਿਲਚਸਪ ਗੱਲਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਉਹ ਰੋਜ਼ਾਨਾ 16 ਘੰਟੇ ਲਿਖਦੇ ਸਨ। ‘ਅੱਧੀ ਰਾਤ ਪਹਿਰ ਦਾ ਤੜਕਾ’ 16 ਦਿਨਾਂ ’ਚ ਲਿਖਿਆ। ‘ਕੁੱਤਿਆਂ ਵਾਲਾ ਸਰਦਾਰ’ ਨਾਵਲ ਪੌਣੇ ਚਾਰ ਦਿਨਾਂ ਵਿਚ ਲਿਖਿਆ। ‘ਕਾਲੀ ਬੋਲੀ ਰਾਤ’ ਦਸ ਦਿਨਾਂ ਵਿਚ ਲਿਖ ਦਿੱਤਾ ਸੀ। ਨਾਵਲ ‘ਰੋਹੀ ਦਾ ਫੁੱਲ’ ਚਾਰ ਦਿਨਾਂ ਵਿਚ ਲਿਖਿਆ ਜੋ ਬੜਾ ਪਸੰਦ ਕੀਤਾ ਗਿਆ। ਸ਼ਾਦ ਦੇ ਨਾਵਲਾਂ ਦੀ ਖ਼ਾਸੀਅਤ ਇਹ ਰਹੀ ਹੈ ਕਿ ਉਹ ਰਿਲੀਜ਼ ਹੁੰਦਿਆਂ ਹੀ ਹੱਥੋ-ਹੱਥੀ ਵਿਕ ਜਾਂਦੇ ਸਨ। ਉਨ੍ਹਾਂ ਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਉਸ ਦੇ ਨਾਵਲਾਂ ਦੀ ਪਾਠਕਾਂ ਦੇ ਵੱਡੇ ਪੱਧਰ ਤਕ ਪਹੁੰਚ ਹੋਣ ਦੇ ਬਾਵਜੂਦ ਪੰਜਾਬੀ ਨਾਵਲ ਤੇ ਪੰਜਾਬੀ ਕਹਾਣੀ ਵਿਚ ਕਿਤੇ ਵੀ ਜ਼ਿਕਰਯੋਗ ਸਥਾਨ ਨਹੀਂ ਹੈ।
ਬੰਬਈ ਆਪਣੀ ਹਿਆਤੀ ਦੇ 47 ਵਰ੍ਹੇ ਗੁਜ਼ਾਰਨ ਵਾਲੇ ਬੂਟਾ ਸਿੰਘ ਸ਼ਾਦ ਇਨ੍ਹੀਂ ਦਿਨੀ ਆਪਣੇ ਭਤੀਜਿਆਂ ਕੋਲ ਪਿੰਡ ਕੂਮਥਲਾਂ, ਜ਼ਿਲ੍ਹਾ ਸਿਰਸਾ ਵਿਖੇ ਰਹਿ ਰਹੇ ਹਨ। ਅੱਜਕੱਲ੍ਹ ਉਹ ਬੇਸ਼ੱਕ ਸਰੀਰਿਕ ਤੌਰ ’ਤੇ ਥੋੜ੍ਹੇ ਬਹੁਤ ਢਿੱਲੇ-ਮੱਠੇ ਰਹਿੰਦੇ ਹਨ, ਪਰ ਫਿਰ ਵੀ ਆਪਣੇ ਆਉਣ ਵਾਲੇ ਨਵੇਂ ਨਾਵਲ ‘ਵਾਵਰੋਲਾ’ ਨੂੰ ਮੁਕੰਮਲ ਕਰ ਰਹੇ ਹਨ।
ਸੰਪਰਕ: 97805-09545