ਸ਼ਸ਼ੀ ਪਾਲ ਜੈਨ
ਖਰੜ, 13 ਅਕਤੂਬਰ
ਕਿਸਾਨਾਂ ਵੱਲੋਂ ਖੇਤੀ ਬਿੱਲਾਂ ਵਿਰੁੱਧ ਖਰੜ-ਮੋਰਿੰਡਾ ਸੜਕ ’ਤੇ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਵੱਲੋਂ ਬਣਾਏ ਗਏ ਟੌਲ ਪਲਾਜ਼ਾ ’ਤੇ ਧਰਨਾ ਲਗਾਤਾਰ ਜਾਰੀ ਹੈ। ਅੱਜ ਕਲਾਕਾਰ ਗੁਰਕ੍ਰਿਪਾਲ ਸੂਰਾਪੁਰੀ, ਜਰਨੈਲ ਸਿੰਘ ਜੈਲੀ ਨੇ ਟੌਲ ਪਲਾਜ਼ਾ ਖਰੜ ’ਚ ਕਿਸਾਨਾਂ ਦੇ ਧਰਨੇ ਵਿੱਚ ਪਹੁੰਚ ਕੇ ਕਿਸਾਨਾਂ ਨੂੰ ਪੂਰਨ ਹਮਾਇਤ ਦਿੱਤੀ।
ਮੋਰਿੰਡਾ (ਸੰਜੀਵ ਤੇਜਪਾਲ): ਮੋਦੀ ਸਰਕਾਰ ਖਿਲਾਫ਼ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਰੋਸ-ਪ੍ਰਦਰਸ਼ਨਾਂ ਵਿੱਚ ਹਰ ਵਰਗ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਇਸੇ ਤਹਿਤ ਨਿਊ ਰੇਲਵੇ ਸਟੇਸ਼ਨ ਮੋਰਿੰਡਾ ਵਿੱਚ ਰੇਲਵੇ ਟਰੈਕ ’ਤੇ ਬੈਠੇ ਕਿਸਾਨਾਂ ਦਾ ਸਾਥ ਦੇਣ ਲਈ ਪੰਜਾਬੀ ਫਿਲਮੀ ਕਲਾਕਾਰਾਂ ਵੱਲੋਂ ਧਰਨੇ ਵਿੱਚ ਹਿੱਸਾ ਲਿਆ ਗਿਆ। ਇਸ ਮੌਕੇ ਫਿਲਮੀ ਕਲਾਕਾਰ ਯੋਗਰਾਜ ਸਿੰਘ, ਸਰਦਾਰ ਸੋਹੀ, ਹਰਜੀਤ ਹਰਮਨ, ਗੁਰਕ੍ਰਿਪਾਲ ਸੂਰਾਪੁਰੀ, ਸਰਦੂਲ ਸਿਕੰਦਰ, ਅਮਰ ਨੂਰੀ, ਜੈਲੀ, ਤਰਸੇਮ ਪਾਲ, ਜਪਜੀ ਖਹਿਰਾ, ਗੁਰਪ੍ਰੀਤ ਕੌਰ ਭੰਗੂ, ਸ਼ਿਵੰਦਰ ਮਾਹਲ ਅਤੇ ਗੁਰਬਖਸ਼ ਸ਼ੌਂਕੀ ਆਦਿ ਫਿਲਮੀ ਕਲਾਕਾਰ ਧਰਨੇ ਵਿੱਚ ਸ਼ਾਮਲ ਹੋਏ। ਯੋਗਰਾਜ ਸਿੰਘ ਨੇ ਮੋਦੀ ਸਰਕਾਰ ਨੂੰ ਖੂਬ ਖਰੀਆਂ-ਖਰੀਆਂ ਸੁਣਾਈਆਂ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਕਿਸਾਨ ਮਾਰੂ ਬਿੱਲਾਂ ਨੂੰ ਵਾਪਸ ਨਹੀਂ ਲੈਂਦੀ ਉੱਦੋਂ ਤੱਕ ਉਹ ਟਿਕ ਕੇ ਨਹੀਂ ਬੈਠਣਗੇ। ਇਸ ਮੌਕੇ ਮਿਹਰ ਸਿੰਘ ਥੇੜੀ, ਪਰਮਿੰਦਰ ਸਿੰਘ ਚਲਾਕੀ, ਦਲਜੀਤ ਸਿੰਘ ਚਲਾਕੀ ਤੇ ਹੋਰ ਕਿਸਾਨ ਮੌਜੂਦ ਸਨ।
ਕੁਰਾਲੀ (ਮਿਹਰ ਸਿੰਘ): ਕਿਸਾਨੀ ਸੰਘਰਸ਼ ਦੇ ਸਮਰਥਨ ਵਜੋਂ ‘ਲੋਕ ਹਿੱਤ ਮਿਸ਼ਨ’ ਬਲਾਕ ਮਾਜਰੀ ਵਲੋਂ ਬੜੌਦੀ ਟੌਲ ਪਲਾਜ਼ਾ ’ਤੇ ਲਗਾਏ ਧਰਨੇ ਦੌਰਾਨ ਅੱਜ ਪੰਜਾਬੀ ਗਾਇਕ ਜੱਸ ਬਾਜਵਾ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਵਾਈ। ਜੱਸ ਬਾਜਵਾ ਨੇ ਗਾਇਕ ਕਲਾਕਾਰਾਂ ਵਲੋਂ ਕਿਸਾਨ ਸੰਘਰਸ਼ ਦੀ ਡਟਵੀਂ ਹਮਾਇਤ ਦਾ ਐਲਾਨ ਕਰਦਿਆਂ ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ਕਾਲਾ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ। ਇਸ ਮੌਕੇ ਦਲਵਿੰਦਰ ਸਿੰਘ ਬੈਨੀਪਾਲ, ਹਰਜੀਤ ਸਿੰਘ ਹਰਮਨ ਤੇ ਹੋਰ ਹਾਜ਼ਰ ਸਨ।
ਰੇਲ ਰੋਕੋ ਅੰਦੋਲਨ 13ਵੇਂ ਦਿਨ ਵੀ ਜਾਰੀ
ਰੂਪਨਗਰ (ਬਹਾਦਰਜੀਤ ਸਿੰਘ):ਖੇਤੀ ਕਾਨੂੰਨਾਂ ਖਿਲਾਫ਼ ਆਰੰਭਿਆ ਕਿਸਾਨ ਰੇਲ ਅੰਦੋਲਨ ਅੱਜ 13ਵੇਂ ਦਿਨ ਵੀ ਜਾਰੀ ਰਿਹਾ। ਸਥਾਨਕ ਨੰਗਲ ਚੌਕ ਨੇੜੇ ਸਥਿਤ ਰੇਲਵੇ ਟਰੈਕ ’ਤੇ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮੋਹਨ ਸਿੰਘ ਧਮਾਣਾ, ਗੁਰਮੇਲ ਸਿੰਘ ਬਾੜਾ, ਪ੍ਰਗਟ ਸਿੰਘ ਰੋਲੂਮਾਜਰਾ ਤੇ ਹੋਰਾਂ ਨੇ ਕਿਹਾ ਕਿ ਸੂਬਾ ਪੱਧਰੀ ਜੋ ਫ਼ੈਸਲਾ ਕਿਸਾਨ ਜਥੇਬੰਦੀਆਂ ਕਰਨਗੀਆਂ ਜ਼ਿਲ੍ਹਾ ਰੋਪੜ ਦੀਆਂ ਕਿਸਾਨ ਜਥੇਬੰਦੀਆਂ ਉਸ ਮੁਤਾਬਕ ਹੀ ਅੰਦੋਲਨ ਕਰਨਗੀਆਂ।