ਮਨੋਜ ਸ਼ਰਮਾ
ਬਠਿੰਡਾ, 5 ਜਨਵਰੀ
ਅੱਜ ਬਠਿੰਡਾ ਪੱਟੀ ਵਿਚ ਪਏ ਮੀਂਹ ਨਾਲ ਬਠਿੰਡਾ ਵਾਸੀਆਂ ਨੇ ਠਾਰ ਕੇ ਰੱਖ ਦਿੱਤਾ ਹੈ। ਸਵੇਰ ਤੋਂ ਰੁਕ ਰੁਕ ਪੈਂਦੀ ਬਾਰਸ਼ ਕਾਰਨ ਅੱਜ ਆਮ ਲੋਕ ਘਰਾਂ ’ਚ ਹੀ ਟਿਕੇ ਰਹੇ ਜਦੋਂ ਕਿ ਕਾਰੋਬਾਰੀ ਤੇ ਮੁਲਾਜ਼ਮ ਵਰਗ ਦੇ ਲੋਕ ਪੋਹ ਦੀ ਝੜੀ ’ਚ ਦਫ਼ਤਰਾਂ ਤੇ ਦੁਕਾਨਾਂ ਨੂੰ ਜਾਂਦੇ ਦੇਖੇ ਗਏ। ਪਹਾੜਾਂ ਤੇ ਪਈ ਬਰਫ਼ਬਾਰੀ ਤੇ ਪੰਜਾਬ ’ਚ ਬਦਲੇ ਮੌਸਮ ਦੇ ਤੇਵਰ ਨੇ ਜਨਵਰੀ ਮਹੀਨੇ ਦੇ ਪਹਿਲੇ ਹਫ਼ਤੇ ਮੀਂਹ ਨੇ ਮਾਲਵੇ ਖ਼ਿੱਤੇ ਨੂੰ ਪੂਰੀ ਤਰ੍ਹਾਂ ਲਪੇਟ ’ਚ ਲੈ ਲਿਆ ਹੈ। ਅੱਜ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਕੈਂਪਸ ਬਠਿੰਡਾ ਅਨੁਸਾਰ 3.4 ਐਮ.ਐਮ ਮੀਂਹ ਦਰਜ ਕੀਤਾ ਗਿਆ।
ਭੁੱਚੋ ਮੰਡੀ (ਪੱਤਰ ਪ੍ਰੇਰਕ) ਇਲਾਕੇ ਵਿੱਚ ਅੱਜ ਹਲਕੀ ਬਰਸਾਤ ਹੋਈ। ਸਵੇਰ ਤੋਂ ਸ਼ਾਮ ਤੱਕ ਸਾਰਾ ਦਿਨ ਰੁਕ ਰੁਕ ਕੇ ਮੀਂਹ ਪੈਂਦਾ ਰਿਹਾ। ਦੁਪਹਿਰ ਸਮੇਂ ਠੰਢੀ ਹਵਾ ਵੀ ਚੱਲੀ। ਸੂਰਜ ਵੀ ਆਪਣੀ ਤਪਸ ਨਾ ਬਖੇਰ ਸਕਿਆ। ਇਸ ਕਾਰਨ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ।
ਮਾਨਸਾ (ਜੋਗਿੰਦਰ ਸਿੰਘ ਮਾਨ) ਮਾਲਵਾ ਪੱਟੀ ’ਚ ਪੋਹ ਦਾ ਪੌਣਾ ਮਹੀਨਾ ਸੁੱਕਾ ਲੰਘਣ ਮਗਰੋਂ ਮੀਂਹ ਵਰਸਣਾ ਸ਼ੁਰੂ ਹੋ ਗਿਆ ਹੈ। ਇਸ ਮੀਂਹ ਨਾਲ ਖੁੱਸ਼ਕੀ ਚੁੱਕੀ ਗਈ ਹੈ। ਮੈਡੀਕਲ ਮਾਹਿਰ ਖੁਸ਼ਕ ਠੰਢ ਨੂੰ ਵੀ ਮਨੁੱਖਾਂ ਲਈ ਖ਼ਤਰਨਾਕ ਦੱਸਦੇ ਸਨ, ਜਦੋਂਕਿ ਖੇਤੀ ਵਿਗਿਆਨੀ ਮੀਂਹ ਨਾ ਪੈਣ ਨੂੰ ਹਾੜੀ ਦੀਆਂ ਫ਼ਸਲਾਂ ਲਈ ਖੜੋਤ ਮੰਨਣ ਲੱਗ ਪਏ ਸਨ। ਇਸ ਮੀਂਹ ਨੇ ਖੇਤਾਂ ਵਿੱਚ ਅੱਜ ਸ਼ਾਮ ਨੂੰ ਲਹਿਰਾਂ-ਬਹਿਰਾਂ ਲਾ ਦਿੱਤੀਆਂ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਇਸ ਮੀਂਹ ਨੂੰ ਕਣਕ ਸਮੇਤ ਹੋਰ ਸਾਰੀਆਂ ਹਾੜੀ ਦੀਆਂ ਫ਼ਸਲਾਂ ਨੂੰ ਲਾਹੇਵੰਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਅਜੇ ਤੱਕ ਹਾੜੀ ਦੀਆਂ ਫ਼ਸਲਾਂ ਨੂੰ ਹੋਰ ਮੀਂਹ ਦੀ ਲੋੜ ਹੈ, ਪਰ ਜਿਸ ਰੂਪ ’ਚ ਮੌਸਮ ਵਿਭਾਗ ਤੋਂ ਸੂਚਨਾਵਾਂ ਮਿਲ ਰਹੀਆਂ ਹਨ, ਉਸ ਹਿਸਾਬ ਨਾਲ ਅਗਲੇ ਦਿਨਾਂ ਵਿਚ ਹੋਰ ਵੀ ਮੀਂਹ ਪੈਣ ਦੀਆਂ ਸੰਭਾਵਨਾਵਾਂ ਹਨ। ਡਾ. ਰੋਮਾਣਾ ਦਾ ਕਹਿਣਾ ਹੈ ਕਿ ਮੀਂਹ ਤੋਂ ਬਿਨਾਂ ਕਣਕ ਦੀ ਫ਼ਸਲ ਦਾ ਫੁਟਾਰਾ ਨਹੀਂ ਹੁੰਦਾ ਤੇ ਇਹ ਫੁਟਾਰਾ ਹੀ ਹਾੜੀ ਦੀ ਇਸ ਮੁੱਖ ਫ਼ਸਲ ਦੇ ਭਰਵੇਂ ਝਾੜ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਇਹ ਮੀਂਹ ਦੱਖਣੀ ਪੰਜਾਬ ਅਤੇ ਉਸਦੇ ਨਾਲ ਲੱਗਦੇ ਹਰਿਆਣਾ ਖੇਤਰ ਦੇ ਬਰਾਨੀ ਖੇਤਾਂ ਵਿਚ ਖੜ੍ਹੀਆਂ ਸਰੋਂ,ਛੋਲੇ ਅਤੇ ਜੌਂਆਂ ਦੀਆਂ ਫ਼ਸਲਾਂ ਲਈ ਵੀ ਘਿਓ ਬਣਕੇ ਵਰ੍ਹਿਆ ਹੈ। ਖੇਤੀ ਮਾਹਿਰ ਦਾ ਇਹ ਵੀ ਕਹਿਣਾ ਹੈ ਕਿ ਬੇਸ਼ੱਕ ਮਾਲਵਾ ਪੱਟੀ ’ਚ ਇਸ ਵੇਲੇ ਪੂਰੀ ਕੜਾ ਕੇ ਦੀ ਠੰਢ ਪੈ ਰਹੀ ਹੈ, ਪਰ ਇਹ ਸੁੱਕੀ ਠੰਢ ਉਨਾਂ ਚਿਰ ਤੱਕ ਫ਼ਸਲਾਂ ਲਈ ਲਾਭਦਾਇਕ ਨਹੀਂ ਮੰਨੀ ਜਾਂਦੀ, ਜਿੰਨਾ ਚਿਰ ਤੱਕ ਕਣੀਆਂ ਦੇ ਰੂਪ ’ਚ ਪਾਣੀ ਫ਼ਸਲਾਂ ਉਤੇ ਨਹੀਂ ਡਿੱਗਦਾ।
ਜਲਾਲਾਬਾਦ (ਚੰਦਰ ਕਾਲੜਾ) ਮਾਲਵੇ ਦੇ ਇਸ ਖੇਤਰ ਵਿੱਚ ਸੋਮਵਾਰ ਦੀ ਰਾਤ ਤੋਂ ਸ਼ੁਰੂ ਹੋਈ ਹਲਕੀ ਬਰਸਾਤ ਮੰਗਲਵਾਰ ਤੜਕਸਾਰ ਤੱਕ ਰੁਕ-ਰੁਕ ਕੇ ਚੱਲਦੀ ਰਹੀ। ਜਿਸ ਨਾਲ ਪਿਛਲੇ ਕਈ ਦਿਨਾਂ ਚੱਲ ਰਹੀ ਖੁਸ਼ਕੀ ਤੋਂ ਬਾਅਦ ਫਸਲਾਂ ’ਤੇ ਨਿਖਾਰ ਆਇਆ ਹੈ। ਇਸ ਮੀਂਹ ਤੋਂ ਬਾਅਦ ਕਿਸਾਨਾਂ ਨੇ ਆਪਣੀਆਂ ਹਾੜੀ ਦੀਆਂ ਫਸਲਾਂ ਉਪਰ ਖੇਤਾਂ ’ਚ ਯੂਰੀਆ ਖਾਦ ਤੇ ਹੋਰ ਲੋੜੀਂਦੇ ਤੱਤਾਂ ਵਾਲੀ ਖਾਦ ਦਾ ਛਿੱਟਾ ਦੇਣਾ ਆਰੰਭ ਕਰ ਦਿੱਤਾ ਹੈ। ਅਗਾਹ ਵਧੂ ਕਿਸਾਨ ਅਸ਼ੋਕ ਕੁਮਾਰ ਦਹੂਜਾ ਤੇ ਨੰਬਰਦਾਰ ਸੰਜੀਵ ਛਾਬੜਾ ਨੇ ਦੱਸਿਆ ਕਿ ਇਸ ਬਰਸਾਤ ਨਾਲ ਸਾਰੀਆਂ ਫਸਲਾਂ ਦੇ ਪੱਤੇ ਧੋਤੇ ਗਏ ਹਨ। ਇਸ ਨਾਲ ਝਾੜ ਚੰਗਾ ਹੋਣ ਦੀ ਸੰਭਾਵਨਾ ਬਣੀ ਹੈ। ਕਿਸਾਨ ਤੇ ਕੁਦਰਤੀ ਖੇਤੀ ਮਾਹਿਰ ਕਿਸਾਨ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਅੰਬਰੀ ਪਾਣੀ ਨੇ ਹਾੜੀ ਦੀਆਂ ਫਸਲਾਂ ਤੇ ਸਬਜ਼ੀਆਂ ਦਾ ਮੁਹਾਂਦਰਾ ਹੀ ਬਦਲ ਕੇ ਰੱਖ ਦਿੱਤਾ ਹੈ ਅਤੇ ਫਸਲਾਂ ਹੋਰ ਕੁਦਰਤੀ ਫੁਟਾਰ ਵੱਲ ਵਧਣਗੀਆਂ। ਬਲਾਕ ਖੇਤੀਬਾੜੀ ਅਫਸਰ ਡਾ. ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਇਸ ਬਰਸਾਤ ਨਾਲ ਹਾੜੀ ਦੀਆਂ ਫਸਲਾਂ ਦੇ ਪੱਤੇ ਧੋਤੇ ਗਏ ਹਨ ਅਤੇ ਫਸਲਾਂ ਤੇ ਪਈ ਸਾਰੀ ਗਰਦ, ਮਿੱਟੀ ਧੂੜ ਆਦਿ ਧੋਤੀ ਗਈ ਹੈ। ਹੁਣ ਫਸਲਾਂ ਦਾ ਕੁਦਰਤੀ ਵਾਧਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬਰਸਾਤ ਕਣਕ ਦੀ ਸਮੇਂ ਸਿਰ ਤੇ ਪਛੇਤੀ ਕਣਕ ਦੀ ਬਿਜਾਈ ਲਈ ਵੀ ਲਾਹੇਵੰਦ ਰਹੇਗੀ ਤੇ ਝਾੜ ’ਤੇ ਵੀ ਚੰਗਾ ਅਸਰ ਹੋਣ ਦੀ ਪੂਰੀ ਸੰਭਾਵਨਾ ਹੈ।
ਝੁਨੀਰ (ਪੱਤਰ ਪ੍ਰੇਰਕ) ਕਸਬਾ ਝੁਨੀਰ ਦੇ ਉੱਦਮੀ ਕਿਸਾਨ ਮਲੂਕ ਸਿੰਘ ਝੁਨੀਰ, ਸੁਰਜੀਤ ਸਿੰਘ ਸਿੱਧੂ ਅਤੇ ਜਗਸੀਰ ਸਿੰਘ ਮੈਂਬਰ ਆਦਿ ਕਿਸਾਨਾਂ ਨੇ ਕਿਹਾ ਕਿ ਅੱਜ ਪਏ ਹਲਕੇ ਮੀਂਹ ਦਾ ਕਣਕ ਦੀ ਫਸਲ ਨੂੰ ਜਿੱਥੇ ਭਾਰੀ ਲਾਭ ਹੋਵੇਗਾ ਉੱਥੇ ਲੋਕਾਂ ਨੂੰ ਖੁਸ਼ਕ ਠੰਢ ਤੋਂ ਕੁਝ ਰਾਹਤ ਮਿਲੇਗੀ। ਲਗਾਤਾਰ ਕਿਣ-ਮਿਣ ਹੋਣ ਕਾਰਨ ਕਿਸਾਨ ਭਾਰੀ ਖੁਸ਼ੀ ਵਿੱਚ ਹਨ।