ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਜਨਵਰੀ
ਸਨਅਤੀ ਸ਼ਹਿਰ ਵਿਚ ਪਏ ਮੀਂਹ ਕਾਰਨ ਅੱਜ ਫਿਰ ਠੰਢ ਵਿੱਚ ਵਾਧਾ ਹੋਇਆ ਹੈ। ਮੰਗਲਵਾਰ ਨੂੰ ਸਵੇਰੇ ਕੁੱਝ ਸਮੇਂ ਲਈ ਸੂਰਜ ਦੇ ਦਰਸ਼ਨ ਹੋਏ, ਪਰ ਉਸ ਤੋਂ ਬਾਅਦ ਸ਼ਹਿਰ ਵਿਚ ਹਲਕੀ ਬੁੰਦਾਬਾਂਦੀ ਸ਼ੁਰੂ ਹੋ ਗਈ ਜੋ ਰਾਤ ਤੱਕ ਜਾਰੀ ਰਹੀ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 24 ਘੰਟੇ ਵਿਚ ਵੀ ਮੀਂਹ ਪੈਣ ਦੇ ਆਸਾਰ ਹਨ।
ਮੌਸਮ ਵਿਭਾਗ ਦੇ ਵਿਗਿਆਨੀ ਪ੍ਰਭਜੋਤ ਕੌਰ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਦੁਪਹਿਰ ਤੱਕ ਜ਼ਿਲ੍ਹੇ ਵਿਚ 0.6 ਐਮਐਮ ਬਾਰਸ਼ ਹੋਈ ਹੈ। ਇਸ ਦੌਰਾਨ ਘੱਟੋ-ਘੱਟ ਤਾਪਮਾਨ ਵਿਚ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਛੇ ਜਨਵਰੀ ਤੋਂ ਬਾਅਦ ਮੌਸਮ ਸਾਫ਼ ਰਹਿਣ ਦੇ ਆਸਾਰ ਹਨ। ਇਸ ਤੋਂ ਬਾਅਦ ਇੱਕ ਵਾਰ ਫਿਰ ਤਾਪਮਾਨ ਥੱਲੇ ਆਵੇਗਾ ਤੇ ਠੰਢ ਵਿਚ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਮੌਸਮ ਖ਼ਾਸਕਰ ਖੇਤੀ ਲਈ ਲਾਹੇਵੰਦ ਹੈ ਕਿਉਂਕਿ ਹਲਕਾ ਮੀਂਹ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਹਲਕਾ ਮੀਂਹ ਕਣਕ ਲਈ ਕਾਫ਼ੀ ਫ਼ਾਇਦੇਮੰਦ ਹੋਵੇਗਾ। ਉਨ੍ਹਾਂ ਦੱਸਿਆ ਕਿ ਮੀਂਹ ਕਰ ਕੇ ਧੁੰਦ ਪੈਣੀ ਵੀ ਘਟ ਗਈ ਹੈ ਜੋ ਸਬਜ਼ੀਆਂ ਲਈ ਫ਼ਾਇਦੇਮੰਦ ਹੈ।