ਜੈਪੁਰ: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈੱਕ ਵਿਚਾਲੇ ਕੋਵਿਡ-19 ਰੋਕੂ ਟੀਕੇ ਸਬੰਧੀ ਹੋਈ ਬਿਆਨਬਾਜ਼ੀ ਨੂੰ ‘ਮੰਦਭਾਗਾ’ ਦੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਸ੍ਰੀ ਗਹਿਲੋਤ ਨੇ ਟਵਿੱਟਰ ’ਤੇ ਟਵੀਟ ਕੀਤਾ, ‘‘ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈੱਕ ਦੀ ਵੈਕਸੀਨ ਨੂੰ ਭਾਰਤ ਵਿੱਚ ਪ੍ਰਵਾਨਗੀ ਮਿਲਣ ਮਗਰੋਂ ਦੋਵਾਂ ਕੰਪਨੀਆਂ ਵਿਚਾਲੇ ਹੋਈ ਆਪਸੀ ਬਿਆਨਬਾਜ਼ੀ ਮੰਦਭਾਗੀ ਹੈ। ਇਹ ਬਹੁਤ ਹੀ ਸੰਵੇਦਨਸ਼ੀਲ ਮਸਲਾ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਨੂੰ ਦਖ਼ਲ ਦੇਣਾ ਚਾਹੀਦਾ ਹੈ।’’ ਸ੍ਰੀ ਗਹਿਲੋਤ ਨੇ ਸੀਰਮ ਇੰਸਟੀਚਿਊਟ ਦੇ ਸੀਈਓ ਅਦਾਰ ਪੂਨਾਵਾਲਾ ਦੀ ਮੀਡੀਆ ਨੂੰ ਦਿੱਤੀ ਉਸ ਖ਼ਾਸ ਟਿੱਪਣੀ ਦਾ ਜ਼ਿਕਰ ਕੀਤਾ, ਜਿਸ ਵਿੱਚ ਉਨ੍ਹਾਂ ਨੇ ਭਾਰਤ ਬਾਇਓਟੈੱਕ ਵੱਲੋਂ ਤਿਆਰ ਟੀਕੇ ਕੋਵੈਕਸੀਨ ਦੇ ਅਸਰਦਾਰ ਹੋਣ ਦੇ ਦਾਅਵਿਆਂ ’ਤੇ ਸਵਾਲ ਉਠਾਏ ਸਨ। ਰਾਜਸਥਾਨ ਦੇ ਮੁੱਖ ਮੰਤਰੀ ਨੇ ਕਿਹਾ, ‘‘ਬਰਤਾਨੀਆ ਵਿੱਚ ਮਿਲੇ ਕਰੋਨਾ ਦੇ ਨਵੇਂ ਮਾਮਲੇ ਭਾਰਤ ਵਿੱਚ ਵਧਦੇ ਜਾ ਰਹੇ ਹਨ। ਸੱਤ ਜਨਵਰੀ ਨੂੰ ਬਰਤਾਨੀਆ ਵਿੱਚ ਮੁੜ ਹਵਾਈ ਉਡਾਣ ਸ਼ੁਰੂ ਕਰਨ ਦੇ ਫ਼ੈਸਲੇ ’ਤੇ ਭਾਰਤ ਸਰਕਾਰ ਨੂੰ ਮੁੜ ਗੌਰ ਕਰਨੀ ਚਾਹੀਦੀ ਹੈ।’’ ਉਨ੍ਹਾਂ ਕਿਹਾ, ‘‘ਜੇਕਰ ਜਨਵਰੀ 2020 ਵਿੱਚ ਕਰੋਨਾ ਦੇ ਸ਼ੁਰੂ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ਨੂੰ ਰੋਕਿਆ ਗਿਆ ਹੁੰਦਾ ਤਾਂ ਅੱਜ ਇਹ ਸਥਿਤੀ ਨਾ ਹੁੰਦੀ। ਭਾਰਤ ਸਰਕਾਰ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬਰਤਾਨੀਆ ਵਿੱਚ ਉਡਾਣ ਸ਼ੁਰੂ ਹੋਣ ਮਗਰੋਂ ਕਰੋਨਾ ਨਾਲ ਦੇਸ਼ ਵਿੱਚ ਪਹਿਲਾਂ ਵਰਗੀ ਹਾਲਤ ਨਹੀਂ ਬਣੇਗੀ।’’
-ਪੀਟੀਆਈ