ਮੁੰਬਈ, 5 ਜਨਵਰੀ
ਪ੍ਰਸਿੱਧ ਗਾਇਕ ਰਾਹਤ ਫ਼ਤਹਿ ਅਲੀ ਖਾਨ ਦੇ ਗੀਤ ‘ਜ਼ਰੂਰੀ ਥਾ’ ਨੂੰ ਯੂ ਟਿਊਬ ’ਤੇ ਇੱਕ ਅਰਬ ਤੋਂ ਵੱਧ ਲੋਕਾਂ ਨੇ ਦੇਖਿਆ ਹੈ। ਇਸ ਗੱਲ ਤੋਂ ਉਹ ਕਾਫ਼ੀ ਹੈਰਾਨ ਹੋ ਗਏ। ਇਹ ਗਾਣਾ ਛੇ ਸਾਲ ਪਹਿਲਾਂ ਰਿਲੀਜ਼ ਕੀਤਾ ਗਿਆ ਸੀ ਅਤੇ ਇਹ ਸਾਬਕਾ ਜੋੜੇ ਗੌਹਰ ਖਾਨ ਅਤੇ ਕੁਸ਼ਾਲ ਟੰਡਨ ’ਤੇ ਫਿਲਮਾਇਆ ਗਿਆ ਸੀ, ਜਿਨ੍ਹਾਂ ਨੇ ਰਿਐਲਟੀ ਸ਼ੋਅ ‘ਬਿੱਗ ਬੌਸ 7’ ਵਿੱਚ ਆਪਣੀ ਪੇਸ਼ਕਾਰੀ ਮਗਰੋਂ ਕਾਫ਼ੀ ਪ੍ਰਸਿੱਧੀ ਪ੍ਰਾਪਤ ਕੀਤੀ ਸੀ। ਇਹ ਗਾਣਾ ਸੰਗੀਤ ਐਲਬਮ ‘ਬੈਕ 2 ਲਵ’ ਦਾ ਹਿੱਸਾ ਸੀ, ਜੋ ਜੂਨ 2014 ਵਿੱਚ ਵਿਸ਼ਵ ਪੱਧਰ ‘ਤੇ ਰਿਲੀਜ਼ ਹੋਈ ਸੀ।
ਰਾਹਤ ਦੇ ਪਲ ਮਹਿਸੂਸ ਕਰਦਿਆਂ ਪ੍ਰਸਿੱਧ ਗਾਇਕ ਰਾਹਤ ਫ਼ਤਹਿ ਅਲੀ ਖਾਨ ਨੇ ਕਿਹਾ ‘ਯੂ ਟਿਊਬ ’ਤੇ ਗਾਣੇ ਨੂੰ ਇੱਕ ਅਰਬ ਲੋਕਾਂ ਵੱਲੋਂ ਦੇਖੇ ਜਾਣ ਦਾ ਅਹਿਸਾਸ ਜ਼ਬਰਦਸਤ ਹੈ।’ ਉਨ੍ਹਾਂ ਨੇ ਗੀਤ ਦੇ ਪਿੱਛੇ ਸ਼ਾਮਲ ਪੂਰੀ ਟੀਮ ਦਾ ਧੰਨਵਾਦ ਕੀਤਾ। ਇਸ ਟੀਮ ਵਿੱਚ ਗੀਤਕਾਰ ਖਲੀਲ-ਉਰ-ਰਹਿਮਾਨ ਕਮਰ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਨੇ ਗੀਤ ਵਿੱਚ ਵਧੀਆ ਸ਼ਬਦਾਂ ਨੂੰ ਪਰੋ ਕੇ ਇਸ ਨੂੰ ਸੁੰਦਰ ਤੇ ਹਿੱਟ ਬਣਾਉਣ ਦਾ ਕੰਮ ਕੀਤਾ ਹੈ। ਗਾਇਕ ਨੇ ਕਿਹਾ ਕਿ ਗੀਤ ਵਿੱਚ ਗੌਹਰ ਖਾਨ ਅਤੇ ਕੁਸ਼ਾਲ ਟੰਡਨ ਦੀ ਆਨ ਸਕਰੀਨ ਕੈਮਿਸਟਰੀ ਨੂੰ ਸਾਰਿਆਂ ਨੇ ਪਸੰਦ ਕੀਤਾ ਸੀ। ਇਸ ਗੀਤ ਵਿੱਚ ਸ਼ਾਮਲ ਸਭ ਲਈ ਇਹ ਬਹੁਤ ਵੱਡੀ ਉਪਲੱਬਧੀ ਹੈ।
ਦਸੰਬਰ ਵਿੱਚ ਇਸ ਮੀਲ ਪੱਥਰ ਨੂੰ ਹਾਸਲ ਕਰਨ ’ਤੇ ਰਾਹਤ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਉਤਸ਼ਾਹਿਤ ਕੀਤਾ ਸੀ। ਆਪਣੇ ਇੰਸਟਾਗ੍ਰਾਮ ’ਤੇ ਉਨ੍ਹਾਂ ਪੋਸਟ ਕੀਤਾ ਸੀ, ‘ਇਸ ਵਿੱਚ ਸ਼ਾਮਲ ਹੋਏ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਖਾਸ ਕਰਕੇ ਆਪਣੇ ਸਰੋਤਿਆਂ ਅਤੇ ਪ੍ਰਸ਼ੰਸਕਾਂ ਦਾ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਬਹੁਤ ਪਿਆਰ ਦਿੱਤਾ ਹੈ।’ -ਆਈਏਐੱਨਐੱਸ