ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 4 ਜਨਵਰੀ
ਸ੍ਰੀ ਮੁਕਤਸਰ ਸਾਹਿਬ ਦੇ ਟਿੱਬੀ ਸਾਹਿਬ ਰੋਡ ’ਤੇ ਬੀਤੇ ਦਿਨ ਇੱਕ ਬਜ਼ੁਰਗ ਦੀ ਸ਼ੱਕੀ ਹਾਲਤ ’ਚ ਹੋਈ ਮੌਤ ਦੇ ਮਾਮਲੇ ’ਚ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਦੀ ਲਾਸ਼ ਰੱਖ ਕੇ ਜਾਮ ਤੇ ਧਰਨਾ ਪ੍ਰਦਰਸ਼ਨ ਦੂਸਰੇ ਦਿਨ ਵੀ ਜਾਰੀ ਰਿਹਾ। ਓਧਰ ਦੂਜੇ ਪਾਸੇ ਡੀਐਸਪੀ ਨਾਲ ਆਗੂਆਂ ਦੀ ਦੇਰ ਸ਼ਾਮ ਤੱਕ ਜਾਰੀ ਰਹੀ ਮੀਟਿੰਗ ਵਿਚ ਕੋਈ ਨਤੀਜਾ ਨਹੀੰ ਸਾਹਮਣੇ ਆ ਸਕਿਆ ਜਿਸ ਕਰਕੇ ਸ਼ਾਮ ਚਾਰ ਵਜੇ ਤਕ ਪਰਿਵਾਰਕ ਮੈਂਬਰਾਂ ਨੇ ਟਿੱਬੀ ਸਾਹਿਬ ਰੋਡ ’ਤੇ ਜਾਮ ਲਗਾਈ ਰੱਖਿਆ। ਜਾਮ ਦੇ ਚਲਦਿਆਂ ਵਾਹਨ ਚਾਲਕ ਵੀ ਪ੍ਰੇਸ਼ਾਨ ਹੁੰਦੇ ਨਜ਼ਰ ਆਏ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬਜ਼ੁਰਗ ਗੁਰਜੰਟ ਸਿੰਘ ਦੀ ਮੌਤ ਤੋਂ ਬਾਅਦ ਟਿੱਬੀ ਸਾਹਿਬ ਰੋਡ ਤੇ ਲਾਸ਼ ਰੱਖਕੇ ਜਾਮ ਲਾਉਂਦਿਆਂ ਪਰਿਵਾਰਿਕ ਮੈਂਬਰਾਂ ਤੇ ਦਿਹਾਤੀ ਮਜ਼ਦੂਰ ਸਭਾ ਸਮੇਤ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਇਕ ਸਾਬਕਾ ਕਰਨਲ ਤੇ ਬਜ਼ੁਰਗ ਜੋੜੇ ਨੂੰ ਘਰੋਂ ਬਾਹਰ ਕੱਢਣ ਤੇ ਬਜ਼ੁਰਗ ਨਾਲ ਕੁੱਟਮਾਰ ਦੇ ਕਥਿਤ ਦੋਸ਼ ਲਗਾਏ ਹਨ। ਮੌਕੇ ’ਤੇ ਮੌਜੂਦ ਆਗੂ ਲੱਖਾ ਸਿੰਘ ਨੇ ਦੱਸਿਆ ਕਿ ਡੀਐਸਪੀ ਨਾਲ ਮੀਟਿੰਗ ਚਲ ਰਹੀ ਹੈ ਜੋ ਹਾਲੇ ਤੱਕ ਬੇਸਿੱਟਾ ਹੈ ਤੇ ਧਰਨਾ ਜਾਰੀ ਹੈ। ਜਦੋਂ ਤੱਕ ਕੋਈ ਨਤੀਜਾ ਸਾਹਮਣੇ ਆਵੇਗਾ ਜਾਮ ਹਟਾ ਦਿੱਤਾ ਜਾਵੇਗਾ।
ਠੰਢ ਨਾਲ ਸਾਧੂ ਦੀ ਮੌਤ
ਜੈਤੋ: (ਪੱਤਰ ਪ੍ਰੇਰਕ) ਲੰਘੀ ਰਾਤ ਇਥੇ ਰਾਮਲੀਲਾ ਗਰਾਊਂਡ ਵਿਚ ਇਕ ਸਾਧੂ ਦੀ ਮੌਤ ਹੋ ਗਈ। ਕਿਆਸ ਕੀਤਾ ਜਾ ਰਿਹਾ ਹੈ ਕਿ ਮੌਤ ਠੰਢ ਲੱਗਣ ਨਾਲ ਹੋਈ। ਨੌਜਵਾਨ ਵੈਲਫ਼ੇਅਰ ਸੁਸਾਇਟੀ ਨੂੰ ਕਿਸੇ ਵੱਲੋਂ ਸੂਚਨਾ ਦੇਣ ’ਤੇ ਸੰਸਥਾ ਦੇ ਚੇਅਰਮੈਨ ਨਵਨੀਤ ਗੋਇਲ, ਜੋਨੀ ਜਿੰਦਲ, ਮੀਤ ਸਿੰਘ ਮੀਤਾ ਅਤੇ ਮਨੂੰ ਗੋਇਲ ਗਰਾਊਂਡ ਵਿਚ ਪਹੁੰਚੇ। ਉਥੇ ਸਾਧੂ ਦੀ ਰਾਤ ਨੂੰ ਜ਼ਮੀਨ ’ਤੇ ਵਿਛਾਏ ਬਿਸਤਰੇ ’ਤੇ ਲਾਸ਼ ਪਈ ਸੀ। ਉਨਾਂ ਵੱਲੋਂ ਪੁਲੀਸ ਨੂੰ ਸੂਚਨਾ ਦੇਣ ਪਿੱਛੋਂ ਲਾਸ਼ ਨੂੰ ਸਿਵਲ ਹਸਪਤਾਲ ਵਿਚਲੇ ਮਿ੍ਰਤਕ ਦੇਹ ਸੰਭਾਲ ਕੇਂਦਰ ਵਿਚ ਲਿਜਾਇਆ ਗਿਆ। ਪਤਾ ਲੱਗਾ ਹੈ ਕਿ ਮਿ੍ਰਤਕ ਮੋਹਰ ਸਿੰਘ (55) ਪੁੱਤਰ ਬਾਬੂ ਰਾਮ ਮੁੱਢਲੇ ਤੌਰ ’ਤੇ ਜੈਤੋ ਅਤੇ ਹੁਣ ਦਿੱਲੀ ਦਾ ਵਸਨੀਕ ਸੀ। ਘਟਨਾ ਬਾਰੇ ਸੰਸਥਾ ਵੱਲੋਂ ਮਰਹੂਮ ਸਾਧੂ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਹੈ।