ਖੇਤਰੀ ਪ੍ਰਤੀਨਿਧ
ਲੁਧਿਆਣਾ, 4 ਜਨਵਰੀ
ਤਰਕਸ਼ੀਲ ਸੁਸਾਇਟੀ ਪੰਜਾਬ (ਇਕਾਈ ਲੁਧਿਆਣਾ) ਦੀ ਮੀਟਿੰਗ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿੱਚ ਬਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਤਰਕਸ਼ੀਲ ਸੁਸਾਇਟੀ ਦਾ ਨਵੇਂ ਸਾਲ ਦਾ ਤਰਕਸ਼ੀਲ ਕੈਲੰਡਰ ਅਤੇ ਰਸਾਲਾ ਰਿਲੀਜ਼ ਕੀਤਾ ਗਿਆ।
ਸਤੀਸ਼ ਸੱਚਦੇਵਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਸੁਸਾਇਟੀ ਦੇ ਜ਼ੋਨ ਜੱਥੇਬੰਦਕ ਮੁਖੀ ਜਸਵੰਤ ਜੀਰਖ ਅਤੇ ਵਿੱਤ ਮੁੱਖੀ ਆਤਮਾ ਸਿੰਘ ਨੇ ਸੂਬਾ ਕਮੇਟੀ ਵੱਲੋਂ ਪ੍ਰਸਤਾਵਤ ਕੀਤੇ ਕਾਨੂੰਨੀ ਸੁਧਾਰਾਂ ਦੀ ਰਿਪੋਰਟ ਪੇਸ਼ ਕੀਤੀ, ਜਿਸ ’ਤੇ ਭਰਵੀਂ ਵਿਚਾਰ-ਚਰਚਾ ਕੀਤੀ ਗਈ। ਜੱਥੇਬੰਦੀ ਨੂੰ ਮਜ਼ਬੂਤ ਕਰਨ ਲਈ ਕੁੱਝ ਤਜਵੀਜ਼ਤ ਸੋਧਾਂ ਲਾਗੂ ਕਰਨ ਅਤੇ ਕਈਆਂ ਨੂੰ ਮੁੜ ਵਿਚਾਰਨ ਲਈ ਸੂਬਾ ਕਮੇਟੀ ਨੂੰ ਸਲਾਹ ਦੇਣ ਲਈ ਸਰਬਸੰਮਤੀ ਨਾਲ ਸਹਿਮਤੀ ਜ਼ਾਹਰ ਕੀਤੀ ਗਈ। ਮੀਟਿੰਗ ਦੌਰਾਨ ਗ਼ੈਰ-ਸਰਗਰਮ ਮੈਂਬਰਾਂ ਨੂੰ ਮੁੜ ਸਰਗਰਮ ਕਰਨ ਅਤੇ ਨਵੇਂ ਨੌਜਵਾਨ ਮੈਂਬਰਾਂ ਨੂੰ ਜੱਥੇਬੰਦੀ ਵਿੱਚ ਸ਼ਾਮਲ ਕਰਨ ਬਾਰੇ ਵੀ ਚਰਚਾ ਕੀਤੀ ਗਈ। ਜੱਥੇਬੰਦੀ ਨੂੰ ਆਰਥਿਕ ਤੌਰ ’ਤੇ ਹੋਰ ਮਜ਼ਬੂਤ ਕਰਨ ਅਤੇ ਲੋਕਾਂ ਦੇ ਅੰਧ-ਵਿਸ਼ਵਾਸੀ ਵਿਚਾਰਾਂ ਨੂੰ ਵਿਗਿਆਨਕ ਬਣਾਉਣ ਲਈ ਸਾਰੇ ਮੈਂਬਰਾਂ ਨੂੰ ਤਰਕਸ਼ੀਲ ਸਾਹਿਤ ਅਤੇ ਮੈਗਜ਼ੀਨ ਦੇ ਵੱਧ ਤੋਂ ਵੱਧ ਪਾਠਕ ਬਣਾਉਣ ਲਈ ਆਪਣੇ ਪੂਰੇ ਯਤਨ ਜੁਟਾਉਣ ਬਾਰੇ ਤੈਅ ਕੀਤਾ ਗਿਆ। ਮੀਟਿੰਗ ਦੇ ਅਖ਼ੀਰ ਵਿੱਚ ਮੌਜੂਦਾ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨਵੇਂ ਸਾਲ 2021 ਦਾ ਕੈਲੰਡਰ ਅਤੇ ਤਰਕਸ਼ੀਲ ਮੈਗਜ਼ੀਨ ਜਾਰੀ ਕੀਤਾ ਗਿਆ।