ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਜਨਵਰੀ
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਨਗਰ ਨਿਗਮ ਤੇ ਮਿਉਂਸਿਪਲ ਕਮੇਟੀ ਚੋਣਾਂ ਲਈ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਲਈ ਅੱਜ ਪਾਰਟੀ ਨੇ ਪੰਜਾਬ ਦੇ 22 ਜ਼ਿਲ੍ਹਿਆਂ ’ਚ ਚੋਣ ਕਮੇਟੀਆਂ ਦਾ ਗਠਨ ਕਰ ਦਿੱਤਾ ਹੈ। ਪਾਰਟੀ ਦੇ ਸੂਬਾ ਇੰਚਾਰਜ ਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਇਹ ਕਮੇਟੀਆਂ ਯੋਗ ਉਮੀਦਵਾਰਾਂ ਦੀ ਚੋਣ ਕਰਨਗੀਆਂ। ਉਨ੍ਹਾਂ ਕਿਹਾ ਕਿ ਪਾਰਟੀ ਆਪਣੇ ਚੋਣ ਨਿਸ਼ਾਨ ’ਤੇ ਚੋਣਾਂ ਲੜੇਗੀ ਅਤੇ ਰਵਾਇਤੀ ਪਾਰਟੀਆਂ ਦਾ ਬਦਲ ਦਿੰਦੇ ਹੋਏ ਇਮਾਨਦਾਰ, ਪੜ੍ਹੇ ਲਿਖੇ ਤੇ ਯੋਗ ਉਮੀਦਵਾਰ ਖੜ੍ਹਾਏ ਜਾਣਗੇ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਮੈਂਬਰ ਅਤੇ ਯੂਥ ਅਕਾਲੀ ਦਲ ਮਾਲਵਾ ਜ਼ੋਨ-3 ਦੇ ਸਾਬਕਾ ਪ੍ਰਧਾਨ ਤਰਸੇਮ ਸਿੰਘ ਭਿੰਡਰ ਸਾਥੀਆਂ ਸਣੇ ‘ਆਪ’ ਵਿੱਚ ਸ਼ਾਮਲ ਹੋ ਗਏ। ਪਾਰਟੀ ਆਗੂ ਜਰਨੈਲ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ।