ਸਤਨਾਮ ਸਿੰਘ
ਮਸਤੂਆਣਾ ਸਾਹਿਬ, 3 ਜਨਵਰੀ
ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਲੜਕੀਆਂ ਦੇ ਹੋਸਟਲ ਵਿੱਚ ਹਥਿਆਰਾਂ ਨਾਲ ਲੈਸ ਕੁਝ ਵਿਅਕਤੀਆਂ ਵੱਲੋਂ ਰਾਤ ਨੂੰ ਅੱਠ ਵਜੇ ਦਾਖ਼ਲ ਹੋ ਕੇ ਹੁੱਲੜਬਾਜ਼ੀ ਕਰਨ ਦੇ ਦੋਸ਼ ਵਜੋਂ ਦੁੱਗਾਂ-ਬਹਾਦਰਪੁਰ ਅਤੇ ਭੁੱਲਰਹੇੜੀ ਦੇ ਤਿੰਨ ਵਿਅਕਤੀਆਂ ਸਮੇਤ ਵੀਹ-ਪੱਚੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਚੌਕੀ ਬਡਰੁੱਖਾਂ ਦੇ ਇੰਚਾਰਜ ਗੁਰਮੇਲ ਸਿੰਘ ਸਬ ਇੰਸਪੈਕਟਰ ਨੇ ਦੱਸਿਆ ਕਿ ਅਕਾਲ ਕਾਲਜ ਕੌਂਸਲ ਅਤੇ ਅਕਾਲ ਡਿਗਰੀ ਕਾਲਜ ਗੁਰਸਾਗਰ ਮਸਤੂਆਣਾ ਸਾਹਿਬ ਦੀ ਮੈਨੇਜਿੰਗ ਕਮੇਟੀ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਵੱਲੋਂ ਬੀਤੇ ਦਿਨੀਂ ਦਿੱਤੀ ਗਈ ਸ਼ਿਕਾਇਤ ਵਿਚ ਕਿਹਾ ਗਿਆ ਕਿ ਦਰਸ਼ਨ ਸਿੰਘ ਵਾਸੀ ਬਹਾਦਰਪੁਰ, ਜਸਵੰਤ ਸਿੰਘ ਵਾਸੀ ਦੁੱਗਾਂ, ਸੁਖਵਿੰਦਰ ਸਿੰਘ ਵਾਸੀ ਭੁੱਲਰਹੇੜੀ ਅਤੇ ਉਨ੍ਹਾਂ ਨਾਲ ਹੋਰ ਵੀਹ-ਪੱਚੀ ਅਣਪਛਾਤੇ ਵਿਅਕਤੀਆਂ ਵੱਲੋਂ ਕਾਲਜ ਦੇ ਲੜਕੀਆਂ ਦੇ ਹੋਸਟਲ ’ਚ ਰਾਤ ਨੂੰ 8 ਵਜੇ ਦੇ ਕਰੀਬ ਹਥਿਆਰਾਂ ਨਾਲ ਲੈਸ ਹੋ ਕੇ ਜ਼ਬਰਦਸਤੀ ਦਾਖ਼ਲ ਹੋ ਕੇ ਹੁੱਲੜਬਾਜ਼ੀ ਕੀਤੀ ਗਈ। ਹੋਸਟਲ ਵਿੱਚ ਰਹਿ ਰਹੀਆਂ ਲੜਕੀਆਂ ਦੇ ਕਮਰਿਆਂ ਦੇ ਜਿੰਦਰੇ ਤੋੜਨੇ ਸ਼ੁਰੂ ਕਰ ਦਿੱਤੇ ਅਤੇ ਰਾਤ ਹੋਸਟਲ ਦੇ ਅੰਦਰ ਹੀ ਸੁੱਤੇ। ਭੰਨ-ਤੋੜ ਕਰਨ ਸਮੇਂ ਗੰਦੀ ਸ਼ਬਦਾਵਲੀ ਵਰਤੀ ਗਈ। ਹੋਸਟਲ ’ਚ ਹਾਜ਼ਰ ਲੜਕੀਆਂ ਹੁੱਲੜਬਾਜ਼ਾਂ ਨੂੰ ਦੇਖ ਕੇ ਡਰ ਕੇ ਰੋਂਦੀਆਂ ਰਹੀਆਂ। ਘਟਨਾ ਦਾ ਪਤਾ ਲੱਗਦੇ ਹੀ ਸਕੱਤਰ ਕੌਂਸਲ ਅਤੇ ਹੋਰ ਸਾਥੀ ਮੈਂਬਰ ਜਦੋਂ ਮੌਕੇ ’ਤੇ ਪਹੁੰਚੇ ਤਾਂ ਹੁੱਲੜਬਾਜ਼ਾਂ ਵੱਲੋਂ ਉਨ੍ਹਾਂ ਨਾਲ ਗਾਲੀ ਗਲੋਚ ਕੀਤੀ ਗਈ ਅਤੇ ਧਮਕੀਆਂ ਦਿੱਤੀਆਂ। ਲੜਕੀਆਂ ਵੱਲੋਂ ਇਸ ਘਟਨਾ ਦੀ ਵੀਡੀਓ ਵੀ ਮੋਬਾਈਲਾਂ ਰਾਹੀਂ ਬਣਾਈ ਗਈ ਜੋ ਪੁਲੀਸ ਚੌਕੀ ਬਡਰੁੱਖਾਂ ਨੂੰ ਦਿੱਤੀ ਗਈ। ਪੁਲੀਸ ਚੌਕੀ ਬਡਰੁੱਖਾਂ ਅਤੇ ਥਾਣਾ ਲੌਂਗੋਵਾਲ ਵੱਲੋਂ ਉਪਰੋਕਤ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਦਰਸ਼ਨ ਸਿੰਘ ਬਹਾਦਰਪੁਰ, ਜਸਵੰਤ ਸਿੰਘ ਦੁੱਗਾਂ, ਸੁਖਵਿੰਦਰ ਸਿੰਘ ਭੁੱਲਰਹੇੜੀ ਤੋਂ ਇਲਾਵਾ ਵੀਹ-ਪੱਚੀ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।