ਹਰਜੀਤ ਸਿੰਘ
ਜ਼ੀਰਕਪੁਰ, 13 ਅਕਤੂਬਰ
ਢਕੋਲੀ ਪੁਲੀਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਇਕ ਬਿਹਾਰ ਨੰਬਰ ਦੇ ਕੰਟੇਨਰ ਤੋਂ 318 ਪੇਟੀ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਐਸ.ਪੀ. (ਰੂਰਲ) ਰਵਜੋਤ ਕੌਰ ਗਰੇਵਾਲ, ਡੀ.ਐਸ.ਪੀ. ਡੇਰਾਬੱਸੀ ਗੁਰਬਖ਼ਸ਼ੀਸ਼ ਸਿੰਘ ਨੇ ਦੱਸਿਆ ਕਿ ਢਕੋਲੀ ਥਾਣਾ ਮੁਖੀ ਸਹਾਇਕ ਇੰਸਪੈਕਟਰ ਨਰਪਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਚੰਡੀਗੜ੍ਹ ਦੀ ਪਾਬੰਦੀਸ਼ੁਦਾ ਸ਼ਰਾਬ ਪੰਚਕੂਲਾ ਦੇ ਰਸਤੇ ਢਕੋਲੀ ਤੋਂ ਲੰਘਦੀ ਪੁਰਾਣੀ ਕਾਲਕਾ ਸੜਕ ਰਾਹੀਂ ਤਸਕਰੀ ਕਰ ਬਿਹਾਰ ਲਿਜਾਈ ਜਾ ਰਹੀ ਹੈ। ਸੂਚਨਾ ਦੇ ਆਧਾਰ ‘ਤੇ ਪੁਲੀਸ ਦੀ ਟੀਮ ਵੱਲੋਂ ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਰੋਪੜ ਰੇਂਜ ਵਿਨੋਦ ਪਹੁਜਾ ਅਤੇ ਐਕਸਾਈਜ਼ ਇੰਸਪੈਕਟਰ ਸਤਿੰਦਰ ਸਿੰਘ ਮੱਲੀ ਨਾਲ ਢਕੋਲੀ ਚੌਂਕ ‘ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਸ਼ੁਰੂ ਕੀਤੀ ਗਈ। ਇਸ ਦੌਰਾਨ ਇਕ ਪੂਰੀ ਤਰਾਂ ਸੀਲ ਕੰਟੇਨਰ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ ਗਿਆ। ਉਨ੍ਹਾਂ ਦੱਸਿਆ ਕਿ ਕੰਟੇਨਰ ਚਾਲਕ ਵੱਲੋਂ ਦਾਅਵਾ ਕੀਤਾ ਕਿ ਕੰਟੇਨਰ ਵਿੱਚ ਪੰਚਕੂਲਾ ਤੋਂ ਲਿਆਂਦੀਆਂ ਟਾਈਲਾਂ ਹਨ ਜਿਸ ਦੇ ਉਸ ਕੋਲ ਪੱਕੇ ਬਿੱਲ ਵੀ ਮੌਜੂਦ ਸਨ। ਇਸ ਮਗਰੋਂ ਕੰਟਨੇਰ ਦੀ ਸੀਲ ਤੋੜ ਕੇ ਸ਼ਰਾਬ ਦੀ ਖੇਪ ਬਰਾਮਦ ਕੀਤੀ। ਕੰਟੇਨਰ ਨੂੰ ਡਰਾਈਵਰ ਰੋਹਿਤ ਵਾਸੀ ਪਿੰਡ ਬਬੈਲਾ ਜ਼ਿਲ੍ਹਾ ਪਾਣੀਪਤ ਨੂੰ ਮੌਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ।