ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ. ਨਗਰ (ਮੁਹਾਲੀ), 3 ਜਨਵਰੀ
ਮੁਹਾਲੀ ਇੰਡਸਟਰੀ ਐਸੋਸੀਏਸ਼ਨ ਨੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਹੈ। ਐਸੋਸੀਏਸ਼ਨ ਦੇ 40 ਮੈਂਬਰੀ ਵਫ਼ਦ ਨੇ ਸਯੁੰਕਤ ਵਿੱਤ ਸਕੱਤਰ ਜਗਦੀਪ ਸਿੰਘ, ਜੁਆਇੰਟ ਸਕੱਤਰ ਇਕਬਾਲ ਸਿੰਘ ਅਤੇ ਕਮਲ ਧੂਪੜ ਦੀ ਅਗਵਾਈ ਹੇਠ ਦਿੱਲੀ ਦੇ ਸਿੰਘੂ ਬਾਰਡਰ ਦੇ ਧਰਨੇ ਵਿੱਚ ਸ਼ਾਮਲ ਹੁੰਦਿਆਂ ਕਿਸਾਨਾਂ ਨੂੰ ਸਹਿਯੋਗ ਦਾ ਭਰੋਸਾ ਦਿਵਾਇਆ।
ਐਸੋਸੀਏਸ਼ਨ ਦੇ ਪ੍ਰਧਾਨ ਯੋਗੇਸ਼ ਸਾਗਰ ਨੇ ਦੱਸਿਆ ਕਿ ਇਸ ਮੌਕੇ ਸਨਅਤਕਾਰਾਂ ਨੇ ਕਿਸਾਨ ਮੋਰਚੇ ਵਿੱਚ ਇੱਕ ਲੱਖ, ਇਕੱਤੀ ਹਜ਼ਾਰ ਦੀ ਨਕਦ ਰਾਸ਼ੀ ਭੇਟ ਕੀਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਚਾਰ ਕੁਵਿੰਟਲ ਦਾਲਾਂ, ਇੱਕ ਕੁਵਿੰਟਲ ਚਾਵਲ, ਪੰਜਾਹ ਕਿਲੋ ਚਾਹ ਪੱਤੀ, ਇੱਕ ਹਜ਼ਾਰ ਕੰਬਲ, ਪੰਜ ਸੌ ਵਾਰਮਰ, ਪੰਜ ਸੌ ਮਫ਼ਲਰ ਅਤੇ ਇੱਕ ਹਜ਼ਾਰ ਜੋੜੇ ਜੁਰਾਬਾਂ ਤੋਂ ਇਲਾਵਾ ਖਾਣ-ਪੀਣ ਦੀ ਹੋਰ ਸਮੱਗਰੀ ਭੇਟ ਕੀਤੀ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਦੇ ਨੁਮਾਇੰਦਿਆਂ ਇਕਬਾਲ ਸਿੰਘ ਤੇ ਜਗਦੀਪ ਸਿੰਘ ਨੇ ਕਿਸਾਨਾਂ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕਰਦਿਆਂ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ।
ਟੌਲ ਪਲਾਜ਼ਾ ਤੋਂ ਬਿਨਾਂ ਪਰਚੀ ਲੰਘੇ ਵਾਹਨ
ਪੰਚਕੂਲਾ (ਪੱਤਰ ਪ੍ਰੇਰਕ): ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਦੇ ਨੇਤਾਵਾਂ ਅਤੇ ਕਿਸਾਨਾਂ ਨੇ ਚੰਡੀਮੰਦਰ ਟੌਲ ਪਲਾਜ਼ਾ ਨੂੰ ਵਾਹਨਾਂ ਦੀ ਆਵਾਜਾਈ ਲਈ ਟੌਲ ਫ੍ਰੀ ਕੀਤਾ ਹੋਇਆ ਹੈ। ਇਸ ਦੌਰਾਨ ਥੋੜ੍ਹੀ-ਥੋੜ੍ਹੀ ਬਾਰਿਸ਼ ਹੁੰਦੀ ਰਹੀ ਪਰ ਕਿਸਾਨ ਫਿਰ ਵੀ ਪਲਾਜ਼ਾ ’ਤੇ ਡਟੇ ਰਹੇ। ਬਲਾਕ ਪ੍ਰਧਾਨ ਕਰਮ ਸਿੰਘ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਖੇਤੀਬਾੜੀ ਕਾਨੂੰਨ ਵਾਪਸ ਨਹੀਂ ਲੈਂਦੀ ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ ਅਤੇ ਚੰਡੀਮੰਦਰ ਟੌਲ ਪਲਾਜ਼ਾ ਉੱਤੇ ਟੌਲ ਟੈਕਸ ਨਹੀਂ ਲੈਣ ਦਿੱਤਾ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਕਿਸਾਨ ਧਰਨੇ ’ਤੇ ਮੌਜੂਦ ਸਨ।
ਪ੍ਰਭ ਆਸਰਾ ਵਲੋਂ ਟੀਮ ਦਿੱਲੀ ਰਵਾਨਾ
ਕੁਰਾਲੀ (ਮਿਹਰ ਸਿੰਘ): ਦਿੱਲੀ ਵਿਖੇ ਕਿਸਾਨੀ ਸੰਘਰਸ਼ ਵਿੱਚ ਕਿਸਾਨਾਂ ਲਈਹ ਸਿਹਤ ਸਹੂਲਤਾਂ ਦੀ ਲੋੜ ਨੂੰ ਦੇਖਦਿਆਂ ਇੱਥੋਂ ਦੀ ਸਮਾਜ ਸੇਵੀ ਪ੍ਰਭ ਆਸਰਾ ਨੇ ਐਮਰਜੈਂਸੀ ਸਿਹਤ ਕੈਂਪ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਹੈ। ਪ੍ਰਭ ਆਸਰਾ ਦੇ ਮੁਖੀ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਕਿਸਾਨਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਲੀ ਟੀਮ ਨੂੰ ਲੋੜੀਂਦਾ ਸਾਮਾਨ ਤੇ ਦਵਾਈਆਂ ਦੇ ਕੇ ਰਵਾਨਾ ਕੀਤਾ। ਉਨ੍ਹਾਂ ਦੱਸਿਆ ਕਿ ਟੀਮ ਟਿਕਰੀ ਹੱਦ ’ਤੇ ਐਮਰਜੈਂਸੀ ਕੈਂਪ ’ਚ ਸਿਹਤ ਸਹੂਲਤਾਂ ਮੁਹੱਈਆ ਕਰਵਾਏਗੀ।
ਖਾਧ ਪਦਾਰਥ ਲੈ ਕੇ ਦਿੱਲੀ ਰਵਾਨਾ
ਲਾਲੜੂ (ਸਰਬਜੀਤ ਸਿੰਘ ਭੱਟੀ): ਦਿੱਲੀ ਸਿੰਘੂ ਹੱਦ ’ਤੇ ਧਰਨਾ ਦੇ ਰਹੇ ਕਿਸਾਨਾਂ ਲਈ ਵੈਲਕਮ ਲਾਈਟ ਕਮਰਸ਼ੀਅਲ ਯੂਨੀਅਨ ਲਾਲੜੂ ਤੋਂ ਖਾਣ-ਪੀਣ ਦੀ ਸਮੱਗਰੀ ਅਤੇ ਹੋਰ ਜ਼ਰੂਰੀ ਸਾਮਾਨ ਦਾ ਕੈਂਟਰ ਯੂਨੀਅਨ ਦੇ ਪ੍ਰਧਾਨ ਬਲਕਾਰ ਸਿੰਘ ਦੱਪਰ ਵੱਲੋਂ ਰਵਾਨਾ ਕੀਤਾ ਗਿਆ। ਕੈਂਟਰ ’ਚ ਯੂਨੀਅਨ ਦੇ ਤਿੰਨ ਦਰਜਨ ਤੋਂ ਵੱਧ ਅਹੁਦੇਦਾਰ ਵੀ ਰਵਾਨਾ ਹੋਏ।
ਸੱਤ ਨੂੰ ਫੂਕੇ ਜਾਣਗੇ ਮੋਦੀ ਤੇ ਲਾਲਪੁਰਾ ਦੇ ਪੁਤਲੇ
ਨੂਰਪੁਰ ਬੇਦੀ (ਪੱਤਰ ਪ੍ਰੇਰਕ): ਅੱਜ ਕਿਰਤੀ ਕਿਸਾਨ ਮੋਰਚਾ ਰੂਪਨਗਰ ਦੀ ਮੀਟਿੰਗ ਪਿੰਡ ਨੂਰਪੁਰ ਬੇਦੀ ਵਿੱਚ ਕੀਤੀ ਗਈ। ਇਸ ਵਿੱਚ ਫੈਸਲਾ ਕੀਤਾ ਗਿਆ ਕਿ 5 ਜਨਵਰੀ ਰੋਪੜ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਦਿੱਲੀ ’ਚ ਟਰੈਕਟਰ ਮਾਰਚ ’ਚ ਸ਼ਮੂਲੀਅਤ ਕੀਤੀ ਜਾਵੇਗੀ ਅਤੇ 7 ਜਨਵਰੀ ਨੂੰ ਨੂਰਪੁਰ ਬੇਦੀ ਵਿੱਚ ਨਰਿੰਦਰ ਮੋਦੀ ਅਤੇ ਇਕਬਾਲ ਸਿੰਘ ਲਾਲਪੁਰਾ ਦਾ ਪੁਤਲਾ ਫੂਕਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਖੇਤੀ ਕਾਨੂੰਨ ਤੁਰੰਤ ਰੱਦ ਕਰੇ। ਉਨ੍ਹਾਂ ਦੱਸਿਆ ਕਿ 5 ਜਨਵਰੀ ਨੂੰ ਜਥੇ ਟਰੈਕਟਰ ਮਾਰਚ ’ਚ ਸ਼ਾਮਲ ਹੋਣਗੇ।
ਗੁਰੂ ਰਵਿਦਾਸ ਸਭਾ ਵੱਲੋਂ ਕਿਸਾਨੀ ਮੰਗਾਂ ਦੇ ਹੱਕ ’ਚ ਮੁਜ਼ਾਹਰਾ
ਖਰੜ (ਸ਼ਸ਼ੀਪਾਲ ਜੈਨ): ਦਿੱਲੀ ਦੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਖਰੜ ਦੀਆਂ ਸਮਾਜਿਕ,ਧਾਰਮਿਕ ਜਥੇਬੰਦੀਆਂ ਅਤੇ ਆਮ ਲੋਕਾਂ ਨੇ ਸ੍ਰੀ ਗੁਰੂ ਰਵਿਦਾਸ ਸਭਾ ਖਰੜ ਦੀ ਅਗਵਾਈ ਵਿੱਚ ਰੋਸ ਮੁਜਾਹਰਾ ਕੀਤਾ। ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਦੇਵਿੰਦਰ ਸਿੰਘ ਦੇਹ ਕਲਾਂ, ਗੁਰਨਾਮ ਸਿੰਘ ਦਾਊਂ, ਸ੍ਰੀ ਗੁਰੂ ਰਵਿਦਾਸ ਖਰੜ ਵੱਲੋਂ ਮਦਨ ਲਾਲ ਜਨਾਗਲ, ਸ੍ਰੀ ਹਰਕਾ ਦਾਸ ਅਤੇ ਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਰੇਸ਼ਮ ਸਿੰਘ ਕਾਹਲੋਂ, ਗੁਰਦੁਆਰਾ ਗੁਰਦੁਆਰਾ ਦਸਮੇਸ਼ ਨਗਰ ਦੇ ਸਾਬਕਾ ਪ੍ਰਧਾਨ ਗੁਰਮੁੱਖ ਸਿੰਘ, ਗੁਰਦੁਆਰਾ ਮਾਤਾ ਗੁਜਰੀ ਦੇ ਪ੍ਰਧਾਨ ਦਵਿੰਦਰ ਸਿੰਘ ਬੀਰਮੀ ਅਤੇ ਬੀਬੀਆਂ ਦੇ ਜਥੇ ਦੀ ਅਗਵਾਈ ਬੀਬੀ ਅੰਮ੍ਰਿਤ ਕੌਰ ਨੇ ਕੀਤੀ। ਇਹ ਰੋਸ ਮਾਰਚ ਗੁਰੂ ਤੇਗ ਬਹਾਦਰ ਨਗਰ ਤੋਂ ਸ਼ੁਰੂ ਹੋ ਕੇ ਸੰਨੀ ਇਨਕਲੇਵ ਵਿਖੇ ਸਮਾਪਤ ਹੋਇਆ। ਮੁਜ਼ਾਹਰੇ ਦੌਰਾਨ ਦੇਵਿੰਦਰ ਸਿੰਘ ਦੇਹ ਕਲਾਂ ਨੇ ਕਿਹਾ ਕਿ ਭਾਜਪਾ ਸਰਕਾਰ ਦੇਸ਼ ਦੀ ਜਨਤਾ ਦੀਆਂ ਜਾਨਾਂ ਦੀ ਪ੍ਰਵਾਹ ਨਾ ਕਰਕੇ ਕਾਰਪੋਰੇਟ ਘਰਾਣਿਆਂ ਲਈ ਕੰਮ ਕਰ ਰਹੀ ਹੈ। ਜਦੋਂ ਕਿ ਭਾਰਤ ਦੇ ਕਿਸਾਨ ਤੇ ਮਜ਼ਦੂਰ ਆਪਣੀਆਂ ਮੰਗਾਂ ਦੀ ਪਰਾਪਤੀ ਲਈ ਸੜਕਾਂ ਉੱਤੇ ਹਨ। ਡੈਮੋਕ੍ਰੈਟਿਕ ਰੈਜ਼ੀਡੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਅਤ ਸਿੰਘ ਨੇ ਕਿਹਾ ਕਿ ਕਿਸਾਨ ਲੜਾਈ ਜਿੱਤ ਕੇ ਹੀ ਮੁੜਨਗੇ। ਸੀਟੂ ਆਗੂ ਸਾਥੀ ਚੰਦਰ ਸ਼ੇਖਰ ਨੇ ਕਿਹਾ ਕਿ ਇਸ ਵਿਸ਼ਾਲ ਅੰਦੋਲਨ ਨਾਲ ਮਜ਼ਦੂਰਾਂ ਅਤੇ ਕਿਸਾਨਾਂ ਦੀ ਏਕਤਾ ਮਜ਼ਬੂਤ ਹੋਈ ਹੈ ਅਤੇ ਕਿਸਾਨ ਅੰਦੋਲਨ ਫਾਸ਼ੀਵਾਦੀ ਸਰਕਾਰ ਦੇ ਗਲੇ ਦਾ ਫੰਦਾ ਬਣ ਗਿਆ ਹੈ। ਇਨ੍ਹਾਂ ਘੋਲਾਂ ਵਿੱਚ ਲੋਕਾਂ ਦੀ ਜਿੱਤ ਯਕੀਨੀ ਹੈ।
ਵੱਖ-ਵੱਖ ਪਿੰਡਾਂ ਤੋਂ ਕਿਸਾਨਾਂ ਦੇ ਜਥੇ ਦਿੱਲੀ ਧਰਨੇ ’ਚ ਸ਼ਮੂਲੀਅਤ ਲਈ ਰਵਾਨਾ
ਮੋਰਿੰਡਾ (ਸੰਜੀਵ ਤੇਜਪਾਲ): ਦਿੱਲੀ ’ਚ ਚੱਲ ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਨਜ਼ਦੀਕੀ ਪਿੰਡ ਦਤਾਰਪੁਰ ਤੋਂ ਕਿਸਾਨਾਂ ਦਾ ਜਥਾ ਰਵਾਨਾ ਹੋਇਆ। ਹਰਬੰਸ ਸਿੰਘ ਧਨੋਆ ਅਤੇ ਹਰਪਾਲ ਸਿੰਘ ਦਤਾਰਪੁਰ ਨੇ ਦੱਸਿਆ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰਨ ਉਪਰੰਤ ਲੰਗਰ ਦੀ ਰਸਦ ਲੈ ਕੇ ਕਿਸਾਨਾਂ ਦਾ ਜਥਾ ਸਿੰਘੂ ਬਾਰਡਰ ਦਿੱਲੀ ਲਈ ਰਵਾਨਾ ਹੋਇਆ। ਉਨ੍ਹਾਂ ਕਿਹਾ ਕਿ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਕਿਸਾਨਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ’ਚ ਹੋਰ ਕਿਸਾਨ ਦਿੱਲੀ ਲਈ ਰਵਾਨਾ ਹੋਣਗੇ।
ਨੂਰਪਰ ਬੇਦੀ (ਬਲਵਿੰਦਰ ਰੈਤ): ਨਗਰ ਤਖਤਗੜ੍ਹ ਤੋਂ ਰਸਦ ਪਾਣੀ , ਅਤੇ 15 ਗੱਦੇ ਲੈ ਕੇ ਜਥਾ ਕਿਸਾਨ ਅੰਦੋਲਨ ਦਿੱਲੀ ਲਈ ਰਵਾਨਾ ਹੋਇਆ। ਸਰਪੰਚ ਕੇਵਲ ਕ੍ਰਿਸ਼ਨ ਹੈਪੀ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ, ਜਥੇ ਰਵਾਨਾ ਹੁੰਦੇ ਰਹਿਣਗੇ। ਜਥਾ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਆਲੂ, ਮਟਰ, ਗਾਜਰ ਅਤੇ 15 ਗੱਦੇ ਲੈ ਕੇ ਰਵਾਨਾ ਹੋਇਆ।
ਕਿਸਾਨ ਅੰਦਲੋਨ ਲੋਕ ਲਹਿਰ ਬਣ ਚੁੱਕੈ: ਚੀਮਾ
ਨੰਗਲ (ਰਾਕੇਸ਼ ਸੈਣੀ): ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇਕ ਵਿਸ਼ੇਸ਼ ਬੈਠਕ ਸੀਨੀਅਰ ਆਗੂ ਜਗਦੇਵ ਸਿੰਘ ਕੁੱਕੂ ਦੀ ਅਗਵਾਈ ਵਿਚ ਗੁਰਦੁਆਰਾ ਸਿੰਘ ਸਭਾ ਮੇਨ ਮਾਰਕੀਟ ਵਿਖੇ ਹੋਈ। ਇਸ ਮੌਕੇ ਡਾ ਦਲਜੀਤ ਸਿੰਘ ਚੀਮਾ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕਿ ਇਹ ਇਕ ਵਿਸ਼ਾਲ ਰੂਪ ਧਾਰਨ ਕਰ ਚੁੱਕਾ ਹੈ ਤੇ ਪਾਰਟੀ ਇਸ ਦਾ ਸਨਮਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਬਣਦੀ ਜਿੰਮੇਵਾਰੀ ਸੱਭ ਤੋਂ ਪਹਿਲਾਂ ਅੱਗੇ ਹੋਕੇ ਨਿਭਾਈ ਹੈ। ਉਨ੍ਹਾਂ ਕਿਹਾ ਕਿਹਾ ਕਿ ਕਿਸਾਨ ਸੰਘਰਸ਼ ਇਕ ਲੋਕ ਲਹਿਰ ਬਣ ਚੁੱਕਾ ਹੈ ਦੇਸ਼ ਦੇ ਹਰ ਧਰਮ ਅਤੇ ਹਰ ਵਰਗ ਦਾ ਵਿਅਕਤੀ ਇਸ ਮਸਲੇ ਨੂੰ ਲੈ ਕੇ ਅਰਦਾਸ ਕਰ ਰਿਹਾ ਤੇ ਕਿਸਾਨਾਂ ਦੇ ਹੱਕ ਵਿਚ ਅਵਾਜ਼ ਬੁਲੰਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਂਦਰ ਸਰਕਾਰ ਨੂੰ ਲੋਕਾਂ ਦੇ ਰੋਹ ਨੂੰ ਦੇਖਦਿਆਂ ਹੋਏ ਇਨ੍ਹਾਂ ਤਿੰਨਾਂ ਬਿੱਲਾਂ ਨੂੰ ਵਾਪਿਸ ਲੈਣਾ ਚਾਹੀਦਾ ਹੈ।
ਕਿਸਾਨੀ ਅੰਦੋਲਨ ਮਹਿਜ਼ ਕਿਸਾਨਾਂ ਦਾ ਮਸਲਾ ਨਹੀਂ: ਬਿਕਰਮਜੀਤ ਸੰਧੂ
ਫਤਹਿਗੜ੍ਹ ਸਾਹਿਬ (ਅਜੈ ਮਲਹੋਤਰਾ): ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ ਦੇ ਡੀਨ ਅਕਾਦਮਿਕ ਡਾ. ਬਿਕਰਮਜੀਤ ਸਿੰਘ ਸੰਧੂ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੇ ਸਿੰਘੂ ਅਤੇ ਟਿਕਰੀ ਹੱਦ ’ਤੇ ਚੱਲ ਰਿਹਾ ਕਿਸਾਨ ਅੰਦੋਲਨ ਮਹਿਜ਼ ਕਿਸਾਨਾਂ ਦਾ ਮਸਲਾ ਨਹੀ ਰਿਹਾ ਸਗੋਂ ਹਰ ਭਾਰਤ ਵਾਸੀ ਦਾ ਮਸਲਾ ਬਣ ਚੁੱਕਾ ਹੈ। ਇਸੇ ਕਰਕੇ ਇਸ ਅੰਦੋਲਨ ਵਿੱਚ ਸਿਰਫ ਪੰਜਾਬ ਹੀ ਨਹੀ ਸਗੋਂ ਇਨ੍ਹਾਂ ਤਿੰਨ ਕਾਨੂੰਨਾਂ ਤੋਂ ਭਵਿੱਖ ਵਿੱਚ ਪ੍ਰਭਾਵਿਤ ਹੋਣ ਵਾਲੇ ਦੇਸ਼ ਭਰ ਦੇ ਕਿਸਾਨ ਹਾਜ਼ਰੀ ਭਰ ਕੇ ਕੇਂਦਰ ਸਰਕਾਰ ਵਿਰੁੱਧ ਰੋਸ ਜਤਾ ਰਹੇ ਹਨ। ਸ੍ਰੀ ਸਿੰਘ ਸੰਧੂ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਦਾ ਪ੍ਰਭਾਵ ਇਕੱਲੇ ਕਿਸਾਨਾਂ ’ਤੇ ਹੀ ਨਹੀਂ ਸਗੋਂ ਹਰੇਕ ਵਰਗ ਦੇ ਲੋਕਾਂ ਤੇ ਪਵੇਗਾ। ਇਸ ਲਈ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਗੰਭੀਰਤਾ ਨਾਲ ਹੱਲ ਕਰਨ ਦੀ ਲੋੜ ਹੈ।
ਸੀਟੂ ਵਰਕਰ 8 ਨੂੰ ਦੇਣਗੇ ਗ੍ਰਿਫ਼ਤਾਰੀਆਂ
ਰੂਪਨਗਰ (ਪੱਤਰ ਪ੍ਰੇਰਕ): ਸੀਟੂ ਪੰਜਾਬ ਦੇ ਪ੍ਰਧਾਨ ਕਾਮਰੇਡ ਮਹਾ ਸਿੰਘ ਰੋੜੀ, ਸਕੱਤਰ ਕਾਮਰੇਡ ਗੁਰਦੇਵ ਸਿੰਘ ਬਾਗੀ ਨੇ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਵਿਰੁੱਧ ਮੋਦੀ ਵੱਲੋਂ ਬਣਾਏ ਕਾਲੇ ਕਾਨੂੰਨਾਂ ਖ਼ਿਲਾਫ਼ ਕੁੱਲ ਹਿੰਦ ਸੀਟੂ ਵੱਲੋਂ ਦੇਸ਼ ਭਰ ਵਿੱਚ 8 ਜਨਵਰੀ ਨੂੰ ਗ੍ਰਿਫ਼ਤਾਰੀਆਂ ਦੇਣ ਦੇ ਸੱਦੇ ਨੂੰ ਪੰਜਾਬ ’ਚ ਸਫਲ ਬਣਾਉਣ ਲਈ ਤਿਆਰੀ ਜ਼ੋਰਾਂ ’ਤੇ ਹੈ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਸੰਵਿਧਾਨ ਦੇ ਉਲਟ ਜਾ ਕੇ ਲਏ ਜਾ ਰਹੇ ਫੈਸਲੇ ਸਮੁੱਚੇ ਦੇਸ਼ ਵਾਸੀਆਂ ਲਈ ਖ਼ਤਰਨਾਕ ਹਨ। ਉਨ੍ਹਾਂ ਨੇ ਸੀਟੂ ਵਰਕਰਾਂ ਨੂੰ ਜੇਲ੍ਹ ਭਰੋ ਅੰਦੋਲਨ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ।