ਰਾਕੇਸ਼ ਸੈਣੀ
ਨੰਗਲ , 3 ਜਨਵਰੀ
ਨੰਗਲ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ ਅੰਤਰਰਾਜੀ ਮੋਟਰਸਾਈਕਲ ਚੋਰ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੀਡੀਆ ਨੂੰ ਸੰਬੋਧਨ ਕਰਦਿਆਂ ਡੀਐੱਸਪੀ (ਨੰਗਲ) ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਐੱਸਆਈ ਬਲਰਾਮ ਅਤੇ ਉਨ੍ਹਾਂ ਦੀ ਟੀਮ ਨੇ ਵਿਸ਼ੇਸ਼ ਸੂਚਨਾ ਦੇ ਆਧਾਰ ’ਤੇ ਐੱਮਪੀ ਦੀ ਕੋਠੀ ਨਹਿਰ ਦੇ ਨਜ਼ਦੀਕ ਚਾਰ ਨੌਜਵਾਨਾਂ ਗੁਰਦੀਪ ਸਿੰਘ ਵਾਸੀ ਪਿੰਡ ਅਜੋਲੀ, ਮੂਲਾ ਵਾਸੀ ਪਿੰਡ ਬੰਦਲੈਹੜੀ, ਅਸ਼ਵਨੀ ਵਾਸੀ ਪਿੰਡ ਢੋਲਾਵੜੀ (ਹਿਮਾਚਲ ਪ੍ਰਦੇਸ਼) ਅਤੇ ਸਤੀਸ਼ ਵਾਸੀ ਪਿੰਡ ਕਲਿੱਤਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਪੁਲੀਸ ਅਨੁਸਾਰ ਉਪਰੋਕਤ ਮੁਲਜ਼ਮ ਕਥਿਤ ਤੌਰ ’ਤੇ ਬੈਂਕ ਡਕੈਤੀ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਤੋਂ ਅੱਠ ਮੋਟਰਸਾਈਕਲ, ਇਕ ਖਿਡੌਣਾ ਪਿਸਤੌਲ, ਦੋ ਤਲਵਾਰਾਂ, ਇਕ ਕਿਰਚ ਅਤੇ ਇਕ ਗੰਡਾਸੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਤੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਸਨ।
ਪ੍ਰੈੱਸ ਕਾਨਫਰੰਸ ਮੌਕੇ ਐੱਸਐੱਚਓ ਪਵਨ ਚੌਧਰੀ, ਨਵਾਂ ਨੰਗਲ ਚੌਕੀ ਇੰਚਾਰਜ ਨਰਿੰਦਰ ਸਿੰਘ ਸਣੇ ਪੁਲੀਸ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।