ਟ੍ਰਿਬਿਊਨ ਨਿਊਜ਼ ਸਰਵਿਸ
ਰੇਵਾੜੀ (ਹਰਿਆਣਾ), 3 ਜਨਵਰੀ
ਦਿੱਲੀ-ਜੈਪੁਰ ਹਾਈਵੇਅ ’ਤੇ ਸਥਿਤ ਪਿੰਡ ਸੰਗਵਾੜੀ ਨੇੜੇ ਡੇਰਾ ਪਾਈ ਬੈਠੇ ਹਜ਼ਾਰਾਂ ਕਿਸਾਨਾਂ ਨੇ ਅੱਜ ਸ਼ਾਮ ਪੁਲੀਸ ਵੱਲੋਂ ਲਾਏ ਬੈਰੀਕੇਡ ਤੋੜ ਕੇ ਅਚਾਨਕ ਦਿੱਲੀ ਵੱਲ ਕੂਚ ਕਰ ਦਿੱਤਾ। ਸੈਂਕੜੇ ਟਰੈਕਟਰ-ਟਰਾਲੀਆਂ ’ਤੇ ਸਵਾਰ ਕਿਸਾਨ ਜਦੋਂ ਧਾਰੂਹੇੜਾ ਤੋਂ ਪਹਿਲਾਂ ਸਾਬੀ ਪੁਲ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਰੋਕਣ ਲਈ ਪੁਲੀਸ ਨੇ ਵੱਡੀ ਗਿਣਤੀ ’ਚ ਅੱਥਰੂ ਗੈਸ ਦੇ ਗੋਲੇ ਦਾਗੇ। ਟਕਰਾਅ ਦੀ ਸਥਿਤੀ ਦੇ ਬਾਵਜੂਦ ਕਿਸਾਨ ਨਾ ਰੁਕੇ ਤੇ ਦਿੱਲੀ ਵੱਲ ਵਧਦੇ ਚਲੇ ਗਏ। ਹਾਈਵੇਅ ’ਤੇ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਇਕੱਠੇ ਹਨ। ਕਿਸਾਨ ਅੰਦੋਲਨ ਕਾਰਨ ਹਾਈਵੇਅ ’ਤੇ ਲੰਮਾ ਜਾਮ ਲੱਗ ਗਿਆ ਤੇ ਹਜ਼ਾਰਾਂ ਦੀ ਗਿਣਤੀ ’ਚ ਲੋਕ ਇਸ ’ਚ ਫਸ ਗਏ। ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਹੁਣ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਕੋਈ ਨਹੀਂ ਰੋਕ ਸਕਦਾ।
ਤਿੰਨ ਦਿਨ ਪਹਿਲਾਂ ਸੈਂਕੜੇ ਕਿਸਾਨ ਸੂਬਾਈ ਹੱਦ ’ਤੇ ਲੱਗੇ ਬੈਰੀਕੇਡ ਤੋੜ ਕੇ 22 ਕਿਲੋਮੀਟਰ ਦੂਰ ਦਿੱਲੀ ਵੱਲ ਸੰਗਵਾੜੀ ਪਹੁੰਚ ਗਏ ਸਨ। ਇੱਥੇ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ ਸੀ ਪਰ ਅੱਜ ਸ਼ਾਮ ਐੱਨਐੱਚ-71 ਵੱਲੋਂ ਆਏ ਸੈਂਕੜੇ ਕਿਸਾਨ ਵੀ ਉਨ੍ਹਾਂ ਨਾਲ ਚੱਲ ਪਏ ਅਤੇ ਇਕੱਠਿਆਂ ਦਿੱਲੀ ਕੂਚ ਲਈ ਹੱਲਾ ਬੋਲ ਦਿੱਤਾ। ਐੱਨਐੱਚ-71 ’ਤੇ ਇਨ੍ਹਾਂ ਕਿਸਾਨਾਂ ਨੇ ਲੰਘੀ ਰਾਤ ਹੀ ਡੇਰਾ ਪਾ ਲਿਆ ਸੀ ਅਤੇ ਇੱਥੇ ਗੰਗਾਇਚਾ ਟੌਲ ਫਰੀ ਕੀਤਾ ਗਿਆ ਸੀ। ਇਹ ਸਾਰੇ ਕਿਸਾਨ ਟਰੈਕਟਰ-ਟਰਾਲੀਆਂ ਤੇ ਰਾਸ਼ਨ ਨਾਲ ਭਰੇ ਟਰੱਕਾਂ ਨਾਲ ਬੈਰੀਕੇਡ ਤੋੜ ਕੇ ਧਾਰੂਹੇੜਾ ਨੇੜੇ ਸਾਬੀ ਪੁਲ ਜਾ ਪਹੁੰਚੇ। ਉਨ੍ਹਾਂ ਨੇ ਪੁਲੀਸ ਵੱਲੋਂ ਲਾਏ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗੇ। ਇਸ ਦੌਰਾਨ ਇੱਕ ਟਰੈਕਟਰ ਟਰਾਲੀ ਨੂੰ ਅੱਗ ਵੀ ਲੱਗ ਗਈ, ਪਰ ਇਸ ਦੇ ਬਾਵਜੂਦ ਕਿਸਾਨ ਪੁਲੀਸ ਦੇ ਅੜਿੱਕੇ ਤੋੜ ਕੇ ਅੱਗੇ ਵਧ ਗਏ। ਕਿਸਾਨਾਂ ਨੇ ਡਿਵਾਈਡਰ ਵਿਚਾਲੇ ਟਰੱਕ ਖੜ੍ਹੇ ਕਰਕੇ ਹਾਈਵੇਅ ਦੋਵੇਂ ਪਾਸਿਓਂ ਜਾਮ ਕਰ ਦਿੱਤਾ ਜਿਸ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਫਿਲਹਾਲ ਸੰਘਰਸ਼ੀ ਕਿਸਾਨਾਂ ਨੂੰ ਪੁਲੀਸ ਤੇ ਆਰਏਐੱਫ ਨੇ ਸਾਬੀ ਪੁਲ ਹੇਠਾਂ ਰੋਕਿਆ ਹੋਇਆ ਹੈ ਜਿੱਥੇ ਕਿਸੇ ਵੀ ਵੇਲ ਟਕਰਾਅ ਦੀ ਸਥਿਤੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪ੍ਰਸ਼ਾਸਨ ਨੇ ਕਿਸਾਨਾਂ ਨੂੰ ਰੋਕਣ ਲਈ ਜਲ ਤੋਪਾਂ ਵੀ ਤਾਇਨਾਤ ਕੀਤੀਆਂ ਹੋਈਆਂ ਹਨ।
ਜੈਸਿੰਘਪੁਰਾ ’ਚ ਇਕੱਠੇ ਹੋਏ ਛੇ ਸੂਬਿਆਂ ਦੇ ਕਿਸਾਨ
ਰਾਜਸਥਾਨ ਦੀ ਹੱਦ ’ਤੇ ਸਥਿਤ ਜੈਸਿੰਘਪੁਰਾ ਖੇੜਾ ਬਾਰਡਰ ’ਤੇ ਵੀ ਛੇ ਸੂਬਿਆਂ ਦੇ ਕਿਸਾਨਾਂ ਦਾ ਇਕੱਠ ਵੱਧਦਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸਿਧਾਰਾ ਸਿੰਘ ਅੱਜ ਟਿਕਰੀ ਬਾਰਡਰ ਤੋਂ ਕਿਸਾਨਾਂ ਦੇ ਜਥੇ ਨਾਲ ਬਾਰਡਰ ’ਤੇ ਪਹੁੰਚੇ। ਉਨ੍ਹਾਂ ਨਾਲ ਹਜ਼ਾਰਾਂ ਟਰੈਕਟਰ-ਟਰਾਲੀਆਂ ਸਨ। ਅਲਵਰ ਯੂਨੀਅਨ ਦੇ ਆਗੂ ਬਲਬੀ ਛਿੱਲੜ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਭਲਕ ਦੀ ਵਾਰਤਾ ਨਾਕਾਮ ਰਹਿੰਦੀ ਹੈ ਤਾਂ ਭਾਜਪਾ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਜਾਵੇਗੀ। ਬਾਰਡਰ ’ਤੇ ਰਾਜਸਥਾਨ ਦੇ ਵਿਧਾਇਕ ਰਹੇ ਅਮਰਾਰਾਮ ਤੇ ਰਾਜਾਰਾਮ ਮੀਲ ਨੇ ਕਿਹਾ ਕਿ ਦਿੱਲੀ ਹੁਣ ਦੂਰ ਨਹੀਂ ਹੈ। ਸਵਰਾਜ ਇੰਡੀਆ ਪਾਰਟੀ ਦੇ ਆਗੂ ਯੋਗੇਂਦਰ ਯਾਦਵ ਲਗਾਤਾਰ ਕਿਸਾਨਾਂ ਨੂੰ ਹਦਾਇਤਾਂ ਦੇ ਰਹੇ ਹਨ। ਖੇੜਾ ਬਾਰਡਰ ਤੋਂ 5 ਕਿਲੋਮੀਟਰ ਦੂਰ ਆਰਐੱਲਪੀ ਆਗੂ ਤੇ ਸੰਸਦ ਮੈਂਬਰ ਹਨੁਮਾਨ ਬੈਨੀਵਾਲ ਸ਼ਾਹਜਹਾਂਪੁਰ ਨੇੜੇ ਕਿਸਾਨਾਂ ਨਾਲ ਰੁਕੇ ਹੋਏ ਹਨ। ਇੱਥੇ ਸਾਬਕਾ ਵਿਧਾਇਕ ਪੇਮਾਰਾਮ, ਡਾ. ਸੰਜੈ ਮਾਧਵ, ਅਵਤਾਰ ਸਿੰਘ, ਨਿਸ਼ਾ ਸੰਧੂ, ਅਜੈ ਡਾਰ, ਮਨਮੇਂਦਰ ਮੀਲ ਵੀ ਹਨ। ਇਨ੍ਹਾਂ ’ਚ ਵੱਡੀ ਗਿਣਤੀ ਔਰਤਾਂ ਦੀ ਹੈ। ਕਿਸਾਨਾਂ ਦਾ ਤੀਜਾ ਮੋਰਚਾ ਹਾਈਵੇਅ ਦੇ ਬਨੀਪੁਰ ਚੌਕ ਕੋਲ ਲੱਗਾ ਹੋਇਆ ਹੈ। ਇੱਥੇ ਤਕਰੀਬਨ ਦੋ ਹਫ਼ਤਿਆਂ ਤੋਂ ਹਾਈਵੇਅ ਰੋਕ ਕੇ ਬੈਠੇ ਕਿਸਾਨਾਂ ਨੇ ਵੀ ਧਰਨਾ ਖਤਮ ਕਰਕੇ ਅੱਜ ਦਿੱਲੀ ਵੱਲ ਕੂਚ ਕਰ ਦਿੱਤਾ ਹੈ। ਧਰਨੇ ਦੀ ਅਗਵਾਈ ਕਰ ਰਹੇ ਯੂਨੀਅਨ ਦੇ ਨੇਤਾ ਰਾਮਕਿਸ਼ਨ ਮਹਿਲਾਵਤ ਨੇ ਕਿਹਾ ਕਿ ਉਨ੍ਹਾਂ ਦਾ ਕਾਫਲਾ ਮਸਾਨੀ ਬੈਰਾਜ ਪਹੁੰਚ ਗਿਆ ਤੇ ਉਹ ਵੀ ਸਾਬੀ ਪੁਲ ’ਤੇ ਰੋਕੇ ਗਏ ਕਿਸਾਨਾਂ ਨਾਲ ਮਿਲ ਜਾਵੇਗਾ।