ਨਵੀਂ ਦਿੱਲੀ, 22 ਮਈ
ਦਿੱਲੀ ਤੋਂ ਮੁੱਕੇਬਾਜ਼ ਐਮ.ਸੀ. ਮੈਰੀਕੋਮ ਤੇ ਭਾਰਤੀ ਮੁੱਕੇਬਾਜ਼ੀ ਟੀਮ ਦੇ 30 ਹੋਰਨਾਂ ਨੂੰ ਲੈ ਕੇ ਉਡੀ ‘ਸਪਾਈਸਜੈੱਟ’ ਦੀ ਇਕ ਉਡਾਣ ਨੂੰ ਅੱਜ ਸਵੇਰੇ ਕਰੀਬ 45 ਮਿੰਟ ਦੁਬਈ ਦੇ ਉਪਰ ਗੇੜੇ ਲਾਉਣ ਲਈ ਮਜਬੂਰ ਕੀਤਾ ਗਿਆ ਤੇ ਅਮਲੇ ਵੱਲੋਂ ‘ਈਂਧਨ ਐਮਰਜੈਂਸੀ’ ਐਲਾਨਣ ਤੋਂ ਬਾਅਦ ਹੀ ਇਸ ਨੂੰ ਦੁਬਈ ਹਵਾਈ ਅੱਡੇ ’ਤੇ ਉਤਰਨ ਦੀ ਪ੍ਰਵਾਨਗੀ ਮਿਲੀ। ਡੀਜੀਸੀਏ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਕੋਵਿਡ ਦੀਆਂ ਪਾਬੰਦੀਆਂ ਕਾਰਨ ‘ਸਪਾਈਸਜੈੱਟ’ ਨੂੰ ਯੂਏਈ ਸਰਕਾਰ ਨੇ ਵਿਸ਼ੇਸ਼ ਮਨਜ਼ੂਰੀ ਦਿੱਤੀ ਸੀ ਤੇ ਉਡਾਣ ਭਾਰਤੀ ਮੁੱਕੇਬਾਜ਼ਾਂ ਨੂੰ ਏਸ਼ੀਅਨ ਚੈਂਪੀਅਨਸ਼ਿਪ ਲਈ ਦੁਬਈ ਲੈ ਕੇ ਆਈ ਸੀ। ਇਹ ਮੁਕਾਬਲਾ 24 ਮਈ ਤੋਂ ਪਹਿਲੀ ਜੂਨ ਤੱਕ ਹੋਣਾ ਹੈ। ਹਾਲਾਂਕਿ ਜਦੋਂ ਜਹਾਜ਼ ਦੁਬਈ ਦੀ ਏਅਰਸਪੇਸ ਵਿਚ ਦਾਖਲ ਹੋਇਆ ਤਾਂ ਦੁਬਈ ਹਵਾਈ ਅੱਡੇ ਦਾ ਏਅਰ ਟਰੈਫਿਕ ਕੰਟਰੋਲ ਉਲਝਣ ’ਚ ਪੈ ਗਿਆ ਕਿ ਇਸ ਜਹਾਜ਼ ਨੂੰ ਲੈਂਡ ਕਰਨ ਦਿੱਤਾ ਜਾਵੇ ਜਾਂ ਨਹੀਂ।
ਇਸ ਤੋਂ ਬਾਅਦ ਜਹਾਜ਼ 45 ਮਿੰਟ ਹਵਾ ’ਚ ਹੀ ਰਿਹਾ ਤੇ ਤੇਲ ਮੁੱਕਣ ਦੀ ਚਿਤਾਵਨੀ ਦੇਣ ’ਤੇ ਇਸ ਨੂੰ ਉਤਰਨ ਦੀ ਮਨਜ਼ੂਰੀ ਦਿੱਤੀ ਗਈ। ਜ਼ਿਕਰਯੋਗ ਹੈ ਕਿ 25 ਅਪਰੈਲ ਤੋਂ ਯੂਏਈ ਨੇ ਭਾਰਤ ਤੋਂ ਆਉਣ ਵਾਲੇ ਸਾਰੇ ਯਾਤਰੀਆਂ ’ਤੇ ਪਾਬੰਦੀ ਲਾਈ ਹੋਈ ਹੈ। ਸਿਰਫ਼ ਯੂਏਈ ਦੇ ਨਾਗਰਿਕਾਂ, ਕੂਟਨੀਤਕ ਪਾਸਪੋਰਟ ਧਾਰਕਾਂ ਤੇ ਸਰਕਾਰੀ ਵਫ਼ਦਾਂ ਨੂੰ ਯੂਏਈ ’ਚ ਦਾਖਲ ਹੋਣ ਦੀ ਮਨਜ਼ੂਰੀ ਹੈ। ‘ਸਪਾਈਸਜੈੱਟ’ ਨੇ ਦੱਸਿਆ ਕਿ ਸਾਰੇ ਯਾਤਰੀ ਸੁਰੱਖਿਅਤ ਪਹੁੰਚ ਗਏ ਹਨ ਤੇ ਇਮੀਗ੍ਰੇਸ਼ਨ ਕਲੀਅਰ ਹੋ ਗਈ ਹੈ। -ਪੀਟੀਆਈ