ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 2 ਜਨਵਰੀ
ਕੜਾਕੇ ਦੀ ਠੰਢ ਅਤੇ ਲਗਾਤਾਰ ਪੈ ਰਹੇ ਮੀਂਹ ਦੇ ਬਾਵਜੂਦ ਅੱਜ 95ਵੇਂ ਦਿਨ ਕਿਸਾਨ ਤੇ ਮਜ਼ਦੂਰਾਂ ਦਾ ਜਥਾ ਇਥੋਂ ਦੇ ਰੇਲਵੇ ਸਟੇਸ਼ਨ ’ਤੇ ਕਿਸਾਨ ਮੋਰਚੇ ’ਚ ਭੁੱਖ ਹੜਤਾਲ ’ਤੇ ਬੈਠਿਆ। ਜਥੇ ਦੇ ਮੈਂਬਰ ਜਸਬੀਰ ਸਿੰਘ, ਗਿੰਦਰ ਸਿੰਘ, ਸਤਪਾਲ ਸਿੰਘ, ਦਰਸ਼ਨ ਸਿੰਘ ਖੇਲਾ ਤੇ ਜਰਨੈਲ ਸਿੰਘ ਸ਼ੇਰਪੁਰ ਕਲਾਂ ਨੇ ਭੁੱਖ ਹੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਮੋਦੀ ਹਕੂਮਤ ਦੇ ਰਵੱਈਏ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਵੰਗਾਰਦਿਆਂ ਆਖਿਆ, ‘ਜਿੰਨਾ ਮਰਜ਼ੀ ਜਬਰ ਢਾਹ ਅਸੀਂ ਡੋਲਣ ਵਾਲੇ ਨਹੀਂ, ਆਪਣੇ ਬਣਦੇ ਹੱਕ ਲੈ ਕੇ ਹੀ ਦਮ ਲਵਾਂਗੇ’। ਇਸ ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਸੁਖਚਰਨਪ੍ਰੀਤ ਸਿੰਘ, ਕੁਲਦੀਪ ਸਿੰਘ ਗੁਰੂਸਰ ਤੇ ਕੰਵਲਜੀਤ ਖੰਨਾ ਨੇ ਕਿਹਾ ਕਿ ਨਿਹੱਥੇ ਆਪਣੇ ਹੱਕ ਮੰਗ ਰਹੇ ਕਿਸਾਨ ਮਜ਼ਦੂਰਾਂ ’ਤੇ ਜ਼ੁਲਮ ਢਾਹੁਣ ਵਾਲੀ ਖੱਟਰ ਸਰਕਾਰ ਨਗਰ ਨਿਗਮ ਚੋਣਾਂ ’ਚ ਹਰਿਆਣੇ ਦੇ ਬਹਾਦਰ ਲੋਕਾਂ ਨੇ ਨਕਾਰ ਦਿੱਤੀ। ਉਨ੍ਹਾਂ ਕਿਹਾ ਕਿ ਭਾਜਪਾ ਦਾ ਜੋ ਹਸ਼ਰ ਦੇਸ਼ ਦੇ ਹਿੰਮਤੀ ਲੋਕਾਂ ਨੇ ਕੀਤਾ ਹੈ ਉਸ ਦੀ ਮਿਸਾਲ ਕਿੱਤੇ ਵੀ ਨਹੀਂ ਮਿਲਦੀ। ਇਸ ਤੋਂ ਇਲਾਵਾ ਚੌਕੀਮਾਨ ਟੌਲ ਪਲਾਜ਼ਾ ’ਤੇ ਲੋਕਾਂ ਦੇ ਵੱਡੇ ਇਕੱਠ ਨੇ ਖੁੱਲ੍ਹੇ ਅਸਮਾਨ ਹੇਠ ਬੈਠ ਮੀਂਹ ਦੀ ਪ੍ਰਵਾਹ ਕੀਤੇ ਬਗੈਰ ਮੋਦੀ ਜੁੰਡਲੀ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਰਤੀ ਲੋਕਾਂ ਨੂੰ ਸਤਨਾਮ ਮੋਰਕਰੀਮਾਂ, ਅਵਤਾਰ ਰਸੂਲਪੁਰ, ਗੁਰਮੇਲ ਭਰੋਵਾਲ ਤੇ ਗਗਨ ਸਰਾਂ ਨੇ ਸੰਬੋਧਨ ਕੀਤਾ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਕੇਂਦਰ ਸਰਕਾਰ ਵੱਲੋਂ ਪਾਸ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਦਾ ਇਥੋਂ ਦੇ ਰੇਲਵੇ ਸਟੇਸ਼ਨ ਅੱਗੇ ਆਰੰਭਿਆ ਸੰਘਰਸ਼ 94ਵੇਂ ਦਿਨ ਵੀ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠ ਲਗਾਤਾਰ ਜਾਰੀ ਹੈ। ਅੱਜ 46ਵੇਂ ਦਿਨ ਸੂਬੇਦਾਰ ਮੇਜਰ ਕਰਨੈਲ ਸਿੰਘ, ਸਤਿੰਦਰਪਾਲ ਸਿੰਘ ਸਲੌਦੀ ਅਤੇ ਬੰਤ ਸਿੰਘ ਇਕੋਲਾਹੀ ਭੁੱਖ ਹੜਤਾਲ ’ਤੇ ਬੈਠੇ। ਇਸ ਮੌਕੇ ਗੁਰਦੀਪ ਸਿੰਘ ਭੱਟੀ ਤੇ ਕਸ਼ਮੀਰਾ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਕਾਰਨ ਇੱਕਲੇ ਕਿਸਾਨਾਂ ਨੂੰ ਨਹੀਂ ਬਲਕਿ ਦੇਸ਼ ਦੇ ਹਰ ਇਕ ਨਾਗਰਿਕ ਨੂੰ ਭਾਰੀ ਮਹਿੰਗਾਈ ਝੱਲਣੀ ਪਵੇਗੀ। ਕਿਸਾਨਾਂ ਦੀਆਂ ਜ਼ਮੀਨਾਂ ’ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਜਾਣ ਨਾਲ ਜਿੱਥੇ ਕਿਸਾਨ ਜ਼ਮੀਨਾਂ ਤੋਂ ਵਾਂਝੇ ਹੋ ਜਾਣਗੇ, ਉੱਥੇ ਹੀ ਜ਼ਰੂਰੀ ਵਸਤਾਂ ਆਮ ਲੋਕਾਂ ਤੋਂ ਦੂਰ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਅੱਗੇ ਕਿਸਾਨ ਝੁਕਣ ਵਾਲੇ ਨਹੀਂ ਅਤੇ ਦਿੱਲੀ ਮੋਰਚੇ ਉਤੇ ਬੈਠੇ ਕਿਸਾਨਾਂ ਨੂੰ ਸਰਕਾਰ ਦੀ ਸੋਧਾਂ ਵਾਲੀ ਮੰਗ ਮਨਜ਼ੂਰ ਨਹੀਂ ਹੈ। ਸ੍ਰੀ ਬੈਨੀਪਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਇਕ ਵਿਸ਼ਾਲ ਰੋਸ ਲਹਿਰ ਦਾ ਰੂਪ ਧਾਰਨ ਕਰ ਚੁੱਕਾ ਹੈ, ਜਿਸ ਅੱਗੇ ਮੋਦੀ ਸਰਕਾਰ ਨੂੰ ਝੁਕਣਾ ਹੀ ਪਵੇਗਾ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਜੇਕਰ 4 ਜਨਵਰੀ ਨੂੰ ਕੇਂਦਰ ਨੇ ਖੇਤੀ ਕਾਨੂੰਨ ਵਾਪਸ ਨਾ ਲਏ ਤਾਂ 7 ਨੂੰ ਹੋਣ ਵਾਲੀ ਟਰੈਕਟਰ ਰੈਲੀ ਵਿਚ ਇਲਾਕੇ ਦੇ ਕਿਸਾਨ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ। ਇਸ ਮੌਕੇ ਰਛਪਾਲ ਸਿੰਘ ਮਾਨ, ਹਰਵਿੰਦਰ ਸਿੰਘ, ਗੁਰਤਿੰਦਰ ਸਿੰਘ ਤੇ ਅਵਤਾਰ ਸਿੰਘ ਹਾਜ਼ਰ ਸਨ।
ਖੁਸ਼ਕ ਬੰਦਰਗਾਹ ਮੋਰਚੇ ’ਚ ਅੱਗੇ ਆਈਆਂ ਬੀਬੀਆਂ
ਲੁਧਿਆਣਾ (ਸਤਵਿੰਦਰ ਬਸਰਾ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਘੇਰੀ ਕਿਲਾ ਰਾਏਪੁਰ ਵਿੱਚ ਅਡਾਨੀਆ ਦੀ ਖੁਸ਼ਕ ਬੰਦਰਗਾਹ ਦੇ ਮੋਰਚੇ ਦੀ ਅਗਵਾਈ ਆਸੀ ਪਿੰਡ ਦੀਆਂ ਬੀਬੀਆਂ ਅਕਬੀਰ ਕੌਰ, ਪ੍ਰਨੀਤ ਕੌਰ, ਜਸ਼ਨਪ੍ਰੀਤ ਕੌਰ ਤੇ ਸਰਬਜੀਤ ਕੌਰ ਨੇ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਸੁਖਵੰਤ ਕੌਰ ਤੇ ਜਸਵੰਤ ਕੌਰ ਨੇ ਆਖਿਆ ਕਿ ਜਿੰਨਾ ਚਿਰ ਮੋਦੀ ਸਰਕਾਰ ਕਾਰਪੋਰੇਟ ਪੱਖੀ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਓਨਾ ਚਿਰ ਕਾਰਪੋਰੇਟਾਂ ਦਾ ਘਿਰਾਓ ਜਾਰੀ ਰਹੇਗਾ।
ਇਸ ਦੌਰਾਨ ਉਨ੍ਹਾਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਅਣਗੌਲਿਆਂ ਕਰਨ ਦੀ ਅਪਣਾਈ ਨੀਤੀ ਦੀ ਨਿਖੇਧੀ ਕੀਤੀ ਤੇ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ ਚਕੌਹੀ, ਹਰਨੇਕ ਸਿੰਘ ਗੁੱਜਰਵਾਲ, ਸੁਰਜੀਤ ਸਿੰਘ ਸੀਲੋ, ਤਿਲਕ ਰਾਜ, ਅਵਤਾਰ ਸਿੰਘ ਹੈਪੀ ਆਸੀ, ਕੁਲਵੰਤ ਸਿੰਘ ਆਸੀ, ਨਿਰਮਲ ਸਿੰਘ ਜੜਤੋਲੀ ਤੇ ਸਤਵੰਤ ਸਿੰਘ ਪੰਚ ਨਾਰੰਗਵਾਲ ਨੇ ਵੀ ਸੰਬੋਧਨ ਕੀਤਾ।