ਰੋਮ (ਇਟਲੀ), 13 ਅਕਤੂਬਰ
ਇਟਲੀ ਸਰਕਾਰ ਨੇ ਮੌਸਮੀ ਕੰਮਾਂ ਲਈ ਵਿਦੇਸ਼ੀ ਕਾਮਿਆਂ ਦੀ ਮੰਗ ਕੀਤੀ ਹੈ ਕਿਉਂਕਿ ਇਨ੍ਹਾਂ ਪੇਪਰਾਂ ਰਾਹੀਂ ਆਮਦਨ ਨਾਲ ਸਰਕਾਰ ਦੀ ਆਰਥਿਕਤਾ ਨੂੰ ਕਾਫ਼ੀ ਸਹਾਰਾ ਮਿਲਦਾ ਹੈ। ਇਟਲੀ ਦੀ ਸਰਕਾਰ ਵੱਲੋਂ ਕਰੋਨਾ ਕਾਰਨ ਅਸਰਅੰਦਾਜ਼ ਹੋਈ ਆਰਥਿਕਤਾ ਨੂੰ ਠੀਕ ਕਰਨ ਦੇ ਯਤਨ ਲਈ ਚੁੱਕੇ ਕਦਮ ਤਹਿਤ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ੍ਰੀ ਲੰਕਾ ਸਮੇਤ ਕਈ ਦੇਸ਼ਾਂ ਦੇ ਲੋਕ ‘ਮੌਸਮੀ ਕੋਟੇ’ ਵਾਲੇ ਪੇਪਰ ਭਰ ਸਕਣਗੇ। ਇਸ ’ਚ ਬੰਗਲਾਦੇਸ਼ ਨੂੰ ਅੱਠ ਸਾਲਾਂ ਬਾਅਦ ਸ਼ਾਮਲ ਕੀਤਾ ਗਿਆ ਹੈ। ਇਟਲੀ ਸਰਕਾਰ ਦੀ ਵੈੱਬਸਾਈਟ ‘ਮਨਿਸਤਰੋ ਡੈੱਲ ਇਨਤੈਰਨੋ’ ਉੱਤੇ ਅੱਜ ਇਨ੍ਹਾਂ ਮੌਸਮੀ ਪੇਪਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਜਿਸ ਵਿੱਚ 30,850 ਕਾਮਿਆਂ ਨੂੰ ਸੱਦਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਵਿੱਚ ਖੇਤੀਬਾੜੀ ਅਤੇ ਟੂਰਿਸਟ-ਹੋਟਲ ਸੈਕਟਰਾਂ ਵਿੱਚ ਮੌਸਮੀ ਰੁਜ਼ਗਾਰ ਲਈ 18 ਹਜ਼ਾਰ ਲੋਕਾਂ ਦਾ ਕੋਟਾ ਨਿਰਧਾਰਤ ਕੀਤਾ ਗਿਆ ਹੈ, ਜਦਕਿ ਗ਼ੈਰ-ਮੌਸਮੀ, ਸਵੈ-ਰੁਜ਼ਗਾਰ, ਰੁਜ਼ਗਾਰ ਦੇ ਬਦਲਾਅ ਲਈ ਕੁੱਲ 12,850 ਦਾ ਕੋਟਾ ਸੀਮਤ ਰੱਖਿਆ ਗਿਆ ਹੈ। ਇਸ ਕੋਟੇ ’ਚ ਨਿਰਮਾਣ ਅਤੇ ਸੈਰ-ਸਪਾਟਾ-ਹੋਟਲ ਲਈ 6 ਹਜ਼ਾਰ ਐਂਟਰੀਆਂ ਗ਼ੈਰ-ਮੌਸਮੀ ਅਧੀਨ ਕੰਮਾਂ ਲਈ ਰਾਖਵੀਆਂ ਹਨ। -ਪੀਟੀਆਈ