ਸ਼ੰਗਾਰਾ ਸਿੰਘ ਅਕਲੀਆ
ਜੋਗਾ, 21 ਅਪਰੈਲ
ਅੱਜ ਬਾਅਦ ਦੁਪਹਿਰ ਦੋ ਵਜੇ ਜੋਗਾ ਦੇ ਗਾਊਸ਼ਾਲਾ ਵਾਲੀ ਸੜਕ ਉਪਰ ਕਿਸਾਨ ਸੁਖਪਾਲ ਸਿੰਘ, ਕਰਮਜੀਤ ਸਿੰਘ ਖੰਗੂੜਾ ਵਾਸੀ ਸ਼ਹਿਰ ਜੋਗਾ ਸਣੇ ਕਈ ਹੋਰ ਕਿਸਾਨਾਂ ਦਾ 20 ਏਕੜ ਕਣਕ ਨਾੜ ਸੜ ਕੇ ਸੁਆਹ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜਦੋਂ ਬਿਜਲੀ ਵਿਭਾਗ ਵੱਲੋਂ ਖੇਤਾਂ ਵਾਲੇ ਟਿਊੱਬਵੈੱਲਾਂ ਲਈ ਦਿਨ ਸਮੇਂ ਬਿਜਲੀ ਸਪਲਾਈ ਦਿੱਤੀ ਜਾ ਰਹੀ ਸੀ, ਤਾਂ ਖੇਤਾਂ ਵਿੱਚ ਖੰਭੇ ਤੋਂ ਹੋਈ ਸਪਾਰਕਿੰਗ ਕਾਰਨ ਕਣਕ ਦੇ ਨਾੜ ਨੂੰ ਅੱਗ ਲੱਗ ਗਈ। ਹਵਾ ਜ਼ਿਆਦਾ ਤੇਜ਼ ਹੋਣ ਕਾਰਨ 20 ਏਕੜ ਕਣਕ ਦੇ ਨਾੜ ਨੂੰ ਅੱਗ ਨੇ ਜਲਦੀ ਹੀ ਆਪਣੀ ਲਪੇਟ ਵਿੱਚ ਲੈ ਲਿਆ। ਜੋਗਾ ਦੇ ਗੁਰਦੂਆਰਾ ਸਾਹਿਬ ਦੇ ਸਪੀਕਰ ਰਾਹੀਂ ਸੂਚਨਾ ਬੋਲਣ ਮਗਰੋਂ ਇਕੱਠੇ ਹੋਏ ਲੋਕਾਂ ਨੇ ਅੱਗ ’ਤੇ ਕਾਬੂ ਪਾਇਆ। ਦੂਜੇ ਪਾਸੇ ਪਿੰਡ ਅਕਲੀਆ ਦੇ ਰੜ੍ਹ ਵਾਲੇ ਖੇਤਾਂ ’ਚ ਕਿਸਾਨ ਸਾਗਰ ਸਿੰਘ, ਜੀਤ ਸਿੰਘ, ਚਰਨਾ ਸਿੰਘ ਵਾਸੀ ਅਕਲੀਆ ਤੇ ਹੋਰ ਕਿਸਾਨਾਂ ਦੇ ਅੱਜ 18 ਏਕੜ ਨਾੜ ਨੂੰ ਅੱਗ ਲੱਗ ਗਈ। ਕਣਕ ਦੇ ਨਾੜ ਨੰ ਅੱਗ ਉਸ ਸਮੇਂ ਲੱਗੀ ਜਦੋਂ ਕਿਸਾਨਾਂ ਦੇ ਖੇਤਾਂ ਵਿੱਚੋਂ ਲੰਘ ਰਹੀ 11ਕੇ.ਵੀ ਲਾਈਨ ਦੀਆਂ ਢਿੱਲੀਆਂ ਤਾਰਾਂ ਦੇ ਜੁੜ ਜਾਣ ਕਾਰਨ ਅੱਗ ਦੀਆਂ ਨਿਕਲੀਆਂ ਚਿੰਗਾੜੀਆਂ ਤੋਂ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਲੱਗੀ ਅੱਗ ਨੇ ਮਿੰਟਾਂ ’ਚ ਹੀ 18 ਏਕੜ ਤੂੜੀ ਵਾਲੇ ਨਾੜ ਨੂੰ ਸੁਆਹ ਬਣਾ ਦਿੱਤਾ। ਦੂਜੇ ਪਾਸੇ ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।