ਮਨਦੀਪ ਸਿੰਘ ਸਿੱਧੂ
ਸਿਨੇ ਪੰਜਾਬੀ
ਯਾਦਾਂ ਤੇ ਯਾਦਗਾਰਾਂ
ਪੰਜਾਬੀ, ਹਿੰਦੀ ਤੇ ਸਿੰਧੀ ਫ਼ਿਲਮਾਂ ਦੇ ਮਾਰੂਫ਼ ਹਿਦਾਇਤਕਾਰ ਧਰਮ ਕੁਮਾਰ ਉਰਫ਼ ਦੀਪਕ ਆਸ਼ਾ ਦੀ ਪੈਦਾਇਸ਼ 26 ਨਵੰਬਰ 1919 ਨੂੰ ਹੈਦਰਾਬਾਦ ਸਿੰਧ ਦੇ ਕਸਬਾ ਟਾਂਡੋ ਆਦਮ ਦੇ ਪੰਜਾਬੀ ਤੋਲਾਨੀ ਪਰਿਵਾਰ ਵਿਚ ਹੋਈ। ਧਰਮ ਕੁਮਾਰ ਹਿਦਾਇਤਕਾਰ ਹੋਣ ਦੇ ਨਾਲ-ਨਾਲ ਕਹਾਣੀਕਾਰ, ਮੁਕਾਲਮਾਨਿਗ਼ਾਰ ਤੇ ਅਦਾਕਾਰ ਵੀ ਸਨ। ਸ਼ੁਰੂਆਤੀ ਤਾਲੀਮ ਪ੍ਰਾਪਤ ਕਰਨ ਤੋਂ ਬਾਅਦ ਧਰਮ ਕੁਮਾਰ ਨੂੰ ਸਿਨਮਾ ਵਿਚ ਦਿਲਚਸਪੀ ਹੋ ਗਈ। ਫਿਰ ਇਨ੍ਹਾਂ ਨੇ ਬੰਬੇ ਦਾ ਰੁਖ਼ ਕੀਤਾ ਅਤੇ ਨਿਹਾਲ ਫ਼ਿਲਮ ਕਾਰਪੋਰੇਸ਼ਨ ਵਿਚ ਸ਼ਾਮਲ ਹੋ ਗਏ।
ਜਦੋਂ ਫ਼ਿਲਮਸਾਜ਼ ਆਰ. ਵਾਸੂਦੇਵਾ ਨੇ ਨਿਹਾਲ ਫ਼ਿਲਮ ਕਾਰਪੋਰੇਸ਼ਨ, ਬੰਬੇ ਦੇ ਬੈਨਰ ਹੇਠ ਹਿੰਦੀ ਫ਼ਿਲਮ ‘ਜਲਤੇ ਦੀਪ’ (1950) ਬਣਾਈ ਤਾਂ ਧਰਮ ਕੁਮਾਰ ਨੂੰ ‘ਦੀਪਕ ਆਸ਼ਾ’ ਦੇ ਨਾਮ ਨਾਲ ਕਹਾਣੀ, ਮੰਜ਼ਰਨਾਮਾ ਤੇ ਹਿਦਾਇਤਕਾਰੀ ਕਰਨ ਦਾ ਪਹਿਲਾ ਮੌਕਾ ਦਿੱਤਾ। ਮੁਕਾਲਮੇ ਮਸੂਦ ਮਸ਼ੇਹੜੀ, ਗੀਤ ਨਾਜ਼ਿਮ ਪਾਣੀਪਤੀ, ਟੀ. ਕੇ. ਦਾਸ, ਹਜ਼ਰਤ ਅਜ਼ੀਜ਼ ਕਸ਼ਮੀਰੀ (ਇਕ ਗੀਤ) ਅਤੇ ਸੰਗੀਤਕਾਰ ਸਰਦੂਲ ਕਵਾਤੜਾ (ਸਹਾਇਕ ਭਗਵੰਤ ਸਿੰਘ ਕਵਾਤੜਾ ਤੇ ਟੀ. ਕੇ. ਦਾਸ) ਸਨ। ਫ਼ਿਲਮ ਵਿਚ ਨਿੰਮੀ ਤੇ ਅਮਰਨਾਥ ਦੀ ਜੋੜੀ ਸੀ। ਇਸ ਤੋਂ ਬਾਅਦ ਧਰਮ ਕੁਮਾਰ ਨੇ ਦੀਪਕ ਆਸ਼ਾ ਦੇ ਨਾਮ ਨਾਲ ਦੋ ਹੋਰ ਫ਼ਿਲਮਾਂ ਦੀ ਹਿਦਾਇਤਕਾਰੀ ਕੀਤੀ। ਕੀਰਤਨ ਪਿਕਚਰਜ਼, ਬੰਬੇ ਦੀ ਦੀਪਕ ਆਸ਼ਾ ਨਿਰਦੇਸ਼ਿਤ ਫ਼ਿਲਮ ‘ਘਮੰਡ’ (1955) ’ਚ ਅਦਾਕਾਰਾ ਸ਼ੀਲਾ ਰੂਮਾਨੀ ਤੇ ਰਾਜਕੁਮਾਰ ਦੀ ਜੋੜੀ ਸੀ। ਕਹਾਣੀ ਸਾਅਦਤ ਹਸਨ ਮੰਟੋ, ਮੰੰਜ਼ਰਨਾਮਾ ਦੀਪਕ ਆਸ਼ਾ, ਫ਼ਿਲਮਸਾਜ਼ ਰਿਝੂਮਲ ਸੇਵਾਰਾਮ ਅਤੇ ਸੰਗੀਤਕਾਰ ਗੁਲਸ਼ਨ ਸੂਫ਼ੀ ਸਨ। ਵੀ. ਏ. ਆਰ. ਪ੍ਰੋਡਕਸ਼ਨਜ਼, ਬੰਬੇ ਦੀ ਦੀਪਕ ਆਸ਼ਾ ਨਿਰਦੇਸ਼ਿਤ ਫ਼ਿਲਮ ‘ਦੀਵਾਲੀ ਕੀ ਰਾਤ’ ਉਰਫ਼ ‘ਟੈਕਸੀ ਵਾਲਾ’ (1956) ਸੀ। ਇਸ ਫ਼ਿਲਮ ਵਿਚ ਗੁਲੂਕਾਰ ਤੇ ਅਦਾਕਾਰ ਤਲਤ ਮਹਿਮੂਦ ਤੇ ਰੂਪਮਾਲਾ ਦੀ ਜੋੜੀ ਸੀ।
1960ਵਿਆਂ ਦੇ ਦਹਾਕੇ ਵਿਚ ਧਰਮ ਕੁਮਾਰ ਦੇ ਨਾਮ ਨਾਲ ਉਨ੍ਹਾਂ ਦੀ ਹਿਦਾਇਤ ਕੀਤੀ ਪਹਿਲੀ ਹਿੰਦੀ ਫ਼ਿਲਮ ਮਹੇਸ਼ ਪਿਕਚਰਜ਼, ਬੰਬੇ ਦੀ ‘ਰੋਡ ਨੰ. 303’ (1960) ਸੀ। ਫ਼ਿਲਮਸਾਜ਼ ਰਤਨ ਕੁਮਾਰ-ਭੀਖੂ ਭਾਈ, ਮੁਕਾਲਮੇ ਖ਼ਾਵਰ ਜ਼ਮਾਨ, ਗੀਤ ਜਾਂ ਨਿਸਾਰ ਅਖ਼ਤਰ, ਨਕਸ਼ ਲਾਇਲਪੁਰੀ ਅਤੇ ਸੰਗੀਤ ਸੀ. ਅਰਜੁਨ ਦਾ ਸੀ। ਫ਼ਿਲਮ ’ਚ ਸ਼ੋਭਾ ਖੋਟੇ ਤੇ ਮਹਿਮੂਦ ਦੀ ਜੋੜੀ ਸੀ। ਬੀਨਾ ਚਿੱਤਰਾ, ਬੰਬੇ ਦੀ ਫ਼ਿਲਮ ‘ਕੈਪਟਨ ਸ਼ੇਰੂ’ (1963) ਦੀ ਕਹਾਣੀ, ਮੰਜ਼ਰਨਾਮਾ ਤੇ ਹਿਦਾਇਤ ਦੇ ਫ਼ਰਜ਼ ਵੀ ਧਰਮ ਕੁਮਾਰ ਨੇ ਅੰਜਾਮ ਦਿੱਤੇ। ਇਸ ਤੋਂ ਬਾਅਦ ਧਰਮ ਕੁਮਾਰ ਦੀ ਹਿਦਾਇਤਕਾਰੀ ਵਿਚ ਬਣੀਆਂ ਕਾਬਿਲ-ਏ-ਜ਼ਿਕਰ ਹਿੰਦੀ ਫ਼ਿਲਮਾਂ ਦੇ ਨਾਮ ਹਨ ‘ਮੈਂ ਔਰ ਮੇਰਾ ਭਾਈ’ (1961), ‘ਸਰਫ਼ਰੋਸ਼’ (1964), ‘ਏਕ ਸਾਲ ਪਹਿਲੇ’, ‘ਹਾਤਿਮਤਾਈ ਕਾ ਬੇਟਾ’ (1965), ‘ਰੁਸਤਮ ਕੌਣ?’, ‘ਚਲੇ ਹੈਂ ਸੁਸਰਾਲ’, ‘ਸਪਾਈ ਇਨ ਗੋਆ’ ਉਰਫ਼ ‘ਪੈਨਿਕ ਇਨ ਗੋਆ’ (1966), ‘ਸੰਗਦਿਲ’ (1967) ਅਤੇ ਆਖ਼ਰੀ ਫ਼ਿਲਮ ‘ਟਰੱਕ ਡਰਾਈਵਰ’ (1970) ਤੋਂ ਇਲਾਵਾ ਅਣਪ੍ਰਦਰਸ਼ਿਤ ਫ਼ਿਲਮ ‘ਮਰਡਰ ਔਨ ਹਾਈਵੇ’ ਦਾ ਨਾਮ ਸ਼ਾਮਲ ਹੈ।
ਜਦੋਂ ਪੰਜਾਬੀ ਫ਼ਿਲਮਸਾਜ਼ ਇੰਦਰਜੀਤ ਸਿੰਘ ਹਸਨਪੁਰੀ ਨੇ ਆਪਣੇ ਫ਼ਿਲਮਸਾਜ਼ ਅਦਾਰੇ ਲੁਧਿਆਣਾ ਫ਼ਿਲਮਜ਼, ਲੁਧਿਆਣਾ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿਚ ਪਹਿਲੀ ਪੰਜਾਬੀ ਫ਼ਿਲਮ ‘ਤੇਰੀ ਮੇਰੀ ਇਕ ਜਿੰਦੜੀ’ (1975) ਬਣਾਈ, ਤਾਂ ਧਰਮ ਕੁਮਾਰ ਨੂੰ ਹਿਦਾਇਤਕਾਰੀ ਦਾ ਮੌਕਾ ਦਿੱਤਾ ਜੋ ਇਸ ਤੋਂ ਪਹਿਲਾਂ ਹਿੰਦੀ ਫ਼ਿਲਮਾਂ ਵਿਚ ਆਪਣੀ ਹਿਦਾਇਤਕਾਰੀ ਦੇ ਜੌਹਰ ਵਿਖਾ ਰਹੇ ਸਨ। ਪਹਿਲੀ ਵਾਰ ਇੰਦਰਜੀਤ ਹਸਨਪੁਰੀ ਨੇ ਇਸ ਫ਼ਿਲਮ ਵਿਚ ਫਗਵਾੜੇ ਦੇ ਗੱਭਰੂ ਸੁਭਾਸ਼ ਚੰਦਰ ਡਡਵਾਲ ਉਰਫ਼ ‘ਭਾਸ਼ੀ’ ਨੂੰ ਵਰਿੰਦਰ ਦੇ ਨਾਮ ਨਾਲ ਮੁਤਆਰਿਫ਼ ਕਰਵਾਇਆ ਤੇ ਹੀਰੋਇਨ ਦਾ ਕਿਰਦਾਰ ਮੀਨਾ ਰਾਏ ਨਿਭਾ ਰਹੀ ਸੀ। ਗੀਤ ਇੰਦਰਜੀਤ ਹਸਨਪੁਰੀ ਅਤੇ ਸੰਗੀਤ ਐੱਸ. ਮੋਹਿੰਦਰ ਨੇ ਤਾਮੀਰ ਕੀਤਾ ਜੋ ਬੜਾ ਮਕਬੂਲ ਹੋਇਆ। ਇਸ ਬਲਾਕ ਬਸਟਰ ਫ਼ਿਲਮ ਨੇ ਪੰਜਾਬੀ ਫ਼ਿਲਮਾਂ ਵਿਚ ਧਰਮ ਕੁਮਾਰ ਨੂੰ ਸਥਾਪਿਤ ਕਰ ਦਿੱਤਾ ਅਤੇ ਕਈ ਵੱਡੇ ਬੈਨਰ ਦੀਆਂ ਪੰਜਾਬੀ ਫ਼ਿਲਮਾਂ ਦੀ ਹਿਦਾਇਤ ਦਾ ਕੰਮ ਉਨ੍ਹਾਂ ਨੂੰ ਮਿਲ ਗਿਆ। ਧਰਮ ਕੁਮਾਰ ਦੀ ਹਿਦਾਇਤਕਾਰੀ ਵਿਚ ਬਣੀ ਦੂਜੀ ਪੰਜਾਬੀ ਫ਼ਿਲਮ ਵੀ ਲੁਧਿਆਣਾ ਫ਼ਿਲਮਜ਼, ਲੁਧਿਆਣਾ ਦੀ ‘ਦਾਜ’ (1976) ਸੀ ਜੋ ਹਿੰਦੀ ਵਿਚ ਲੁਧਿਆਣਾ ਫ਼ਿਲਮਜ਼, ਬੰਬੇ ਦੇ ਬੈਨਰ ਹੇਠ ‘ਦਹੇਜ’ (1981) ਦੇ ਨਾਮ ਨਾਲ ਹਿੰਦੀ ਵਿਚ ਡੱਬ ਹੋਈ। ਦਾਜ ਪ੍ਰਥਾ ਵਰਗੀ ਸਮਾਜਿਕ ਬੁਰਾਈ ਦੀ ਖ਼ਿਲਾਫ਼ਤ ਕਰਦੀ ਇਸ ਫ਼ਿਲਮ ’ਚ ਫ਼ਿਲਮਸਾਜ਼ ਇੰਦਰਜੀਤ ਹਸਨਪੁਰੀ ਨੇ ਪੰਜਾਬਣ ਮੁਟਿਆਰ ਦਿਲਜੀਤ ਕੌਰ (ਲਾਜੋ) ਨੂੰ ਨਵੀਂ ਅਦਾਕਾਰਾ ਵਜੋਂ ਪੇਸ਼ ਕੀਤਾ, ਜਿਸ ਦੇ ਰੂਬਰੂ ਧੀਰਜ ਕੁਮਾਰ (ਦੀਪਕ) ਮੌਜੂਦ ਸੀ। ਸੰਗੀਤਕਾਰ ਐੱਸ. ਮੋਹਿੰਦਰ ਅਤੇ ਗੀਤਕਾਰ ਇੰਦਰਜੀਤ ਹਸਨਪੁਰੀ ਸਨ। ਧਰਮ ਕੁਮਾਰ ਦੀ ਹਿਦਾਇਤਕਾਰੀ ਵਿਚ ਬਣੀ ਤੀਜੀ ਪੰਜਾਬੀ ਫ਼ਿਲਮ ਬੇਦੀ ਐਂਡ ਬਖ਼ਸ਼ੀ ਪ੍ਰੋਡਕਸ਼ਨਜ਼, ਬੰਬੇ ਦੀ ‘ਪਾਪੀ ਤਰੇ ਅਨੇਕ’ (1976) ਸੀ। ਫ਼ਿਲਮ ਵਿਚ ਧੀਰਜ ਕੁਮਾਰ ਤੇ ਮੀਨਾ ਰਾਏ ਦੀ ਜੋੜੀ ਸੀ। ਸੰਗੀਤਕਾਰ ਐੱਸ. ਮੋਹਿੰਦਰ ਅਤੇ ਗੀਤ ਇੰਦਰਜੀਤ ਹਸਨਪੁਰੀ ਨੇ ਤਹਿਰੀਰ ਕੀਤੇ ਸਨ। ਐੱਸ. ਮੋਹਿੰਦਰ ਦੇ ਦੱਸਣ ਮੁਤਾਬਿਕ ਭਾਵੇਂ ‘ਪਾਪੀ ਤਰੇ ਅਨੇਕ’ ਸੈਂਸਰ ਦੁਆਰਾ ਪਾਸ ਕਰ ਦਿੱਤੀ ਗਈ ਸੀ, ਪਰ ਕਿਸੇ ਸਬੱਬ ਬਾਇਸ ਇਸ ਫ਼ਿਲਮ ਦੀ ਨੁਮਾਇਸ਼ ਸੰਭਵ ਨਹੀਂ ਹੋ ਸਕੀ ਸੀ। ਧਰਮ ਕੁਮਾਰ ਦੀ ਹਿਦਾਇਤਕਾਰੀ ’ਚ ਬਣੀ ਚੌਥੀ ਪੰਜਾਬੀ ਫ਼ਿਲਮ ‘ਜਿੰਦੜੀ ਯਾਰ ਦੀ’ (1978) ਸੀ। ਫ਼ਿਲਮ ਵਿਚ ਵਰਿੰਦਰ-ਕੋਮਿਲਾ ਵਿਰਕ ਤੇ ਸੁਜੀਤ ਕੁਮਾਰ-ਪਦਮਾ ਖੰਨਾ ਦੀਆਂ ਜੋੜੀਆਂ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੀਆਂ ਸਨ। ਧਰਮ ਕੁਮਾਰ ਨੇ ਇਸ ਫ਼ਿਲਮ ‘ਅਮਲੀ’ ਦਾ ਛੋਟਾ ਕਿਰਦਾਰ ਨਿਭਾਇਆ। ਸੰਗੀਤ ਸੁਰਿੰਦਰ ਕੋਹਲੀ ਤੇ ਗੀਤ ਮਹਿੰਦਰ ਦੇਹਲਵੀ ਨੇ ਲਿਖੇ ਸਨ। ਲੁਧਿਆਣਾ ਫ਼ਿਲਮਜ਼, ਲੁਧਿਆਣਾ ਦੀ ਪਰਿਵਾਰ ਨਿਯੋਜਨ ’ਤੇ ਆਧਾਰਿਤ ਪੰਜਾਬੀ ਫ਼ਿਲਮ ‘ਸੁਖੀ ਪਰਿਵਾਰ’ (1979) ਦੀ ਧਰਮ ਕੁਮਾਰ ਦੀ ਹਿਦਾਇਤਕਾਰੀ (ਸਹਾਇਕ ਕੰਵਰ ਜਗਦੀਸ਼, ਜੀਵਨ) ਵਿਚ ਬਣੀ 5ਵੀਂ ਸੁਪਰਹਿੱਟ ਫ਼ਿਲਮ ਸੀ। ਫ਼ਿਲਮ ਵਿਚ ਧੀਰਜ ਕੁਮਾਰ ਤੇ ਜ਼ਾਹਿਰਾ ਦੀ ਜੋੋੜੀ ਸੀ। ਇਸ ਫ਼ਿਲਮ ਵਿਚ ਧਰਮ ਕੁਮਾਰ ਨੇ ਕੰਪਨੀ ਦੇ ਇਕ ‘ਬਾਊ’ ਦਾ ਛੋਟਾ ਜਿਹਾ ਰੋਲ ਕੀਤਾ। ਫ਼ਿਲਮਸਾਜ਼, ਕਹਾਣੀਕਾਰ ਤੇ ਗੀਤਕਾਰ ਇੰਦਰਜੀਤ ਹਸਨਪੁਰੀ ਅਤੇ ਸੰਗੀਤਕਾਰ ਐੱਸ. ਮੋਹਿਦਰ ਨੇ ਤਰਤੀਬ ਕੀਤਾ।
ਧਰਮ ਕੁਮਾਰ ਦੀ ਨਿਰਦੇਸ਼ਤਿ 6ਵੀਂ ਪੰਜਾਬੀ ਫ਼ਿਲਮ ਡੀ. ਜੇ. ਫ਼ਿਲਮਜ਼, ਬੰਬੇ ਦੀ ‘ਫੌਜੀ ਚਾਚਾ’ (1980 ਸੀ। ਫ਼ਿਲਮ ਵਿਚ ‘ਫੌਜੀ’ ਦਾ ਟਾਈਟਲ ਕਿਰਦਾਰ ਸੰਜੀਵ ਕੁਮਾਰ ਨੇ ਅਦਾ ਕੀਤਾ ਜਦੋਂ ਕਿ ਧੀਰਜ ਕੁਮਾਰ ਤੇ ਮਧੂਸ਼ਾਲਾ ਦੀ ਜੋੜੀ ਮੁੱਖ ਭੂਮਿਕਾ ਨਿਭਾ ਰਹੀ ਸੀ। ਫ਼ਿਲਮਸਾਜ਼ ਡੀ. ਬੀ. ਕੋਛੜ, ਜਸਵੰਤ ਸਿੰਘ ਨਾਰੰਗ, ਗੀਤ ਤੇ ਮੁਕਾਲਮੇ ਇੰਦਰਜੀਤ ਸਿੰਘ ਹਸਨਪੁਰੀ ਅਤੇ ਸੰਗੀਤ ਐੱਸ. ਮੋਹਿੰਦਰ ਨੇ ਮੁਰੱਤਬਿ ਕੀਤਾ। ਸ਼ਿਵਾਲਿਕ ਫ਼ਿਲਮਜ਼, ਬੰਬੇ ਦੀ ਪੰਜਾਬੀ ਫ਼ਿਲਮ ‘ਵਲਾਇਤੀ ਬਾਬੂ’ (1981) ਧਰਮ ਕੁਮਾਰ ਦੀ ਹਿਦਾਇਤਕਾਰੀ (ਸਹਾਇਕ ਮਿਹਰ ਮਿੱਤਲ, ਵਿਜੈ ਬਾਲੀ) ਵਿਚ ਬਣੀ 7ਵੀਂ ਤੇ ਆਖ਼ਰੀ ਪੰਜਾਬੀ ਫ਼ਿਲਮ ਸੀ। ਫ਼ਿਲਮ ਵਿਚ ਮਿਹਰ ਮਿੱਤਲ ਨੇ ‘ਵਲਾਇਤੀ ਬਾਬੂ’ ਦਾ ਟਾਈਟਲ ਕਿਰਦਾਰ ਅਦਾ ਕੀਤਾ ਜਦੋਂ ਕਿ ਹਿੰਦੀ ਫ਼ਿਲਮਾਂ ਦੇ ਸੁਪਰ ਸਟਾਰ ਅਮਿਤਾਬ ਬਚਨ ਤੇ ਰੀਨਾ ਰਾਏ ਨੇ ਮਹਿਮਾਨ ਭੂਮਿਕਾ ਨਿਭਾਈ। ਐੱਸ. ਮਦਨ ਦੇ ਸੰਗੀਤ ’ਚ ਰਾਜੇਸ਼ ਮਲਿਕ ਦਾ ਲਿਖਿਆ ਇਕ ਗੀਤ ‘ਨੀਂ ਸੋਹਣੀਏ…ਆਜਾ ਨੀਂ ਬੱਲੀਏ’ (ਮੁਹੰਮਦ ਰਫ਼ੀ, ਦਿਲਰਾਜ ਕੌਰ) ਅਮਿਤਾਬ ਤੇ ਰੀਨਾ ਰਾਏ ’ਤੇ ਫ਼ਿਲਮਾਇਆ ਇੰਤਹਾਈ ਮਸ਼ਹੂਰ ਗੀਤ ਸੀ।
ਧਰਮ ਕੁਮਾਰ ਦੀ ਹਿਦਾਇਤਕਾਰੀ ਵਿਚ ਬਣੀਆਂ ਕੁਝ ਸਿੰਧੀ ਫ਼ਿਲਮਾਂ ‘ਅਬਾਨਾ’ (1958), ‘ਝੂਲੇਲਾਲ’ (1964), ‘ਸ਼ਲ ਧੀਆਰ ਨਾ ਜਮਨ’ (1968), ‘ਰਾਤ ਹਿੱਕਾ ਤੂਫ਼ਾਨ ਜੀ’ (1969)। ਉਨ੍ਹਾਂ ਦੀ ਅਦਾਕਾਰੀ ਨਾਲ ਸਜੀਆਂ ਸਿੰਧੀ ਫ਼ਿਲਮਾਂ ਦੇ ਨਾਮ ਹਨ ‘ਇਨਸਾਫ਼ ਕਿੱਥੇ ਆ’ (1960), ‘ਝੂਲੇਲਾਲ’ (1964), ‘ਲਾਡਿਲੀ’ (1966), ‘ਸ਼ਲ ਧੀਰ ਨਾ ਜਮਾਨ’ (1968)। ਧਰਮ ਕੁਮਾਰ ਨੇ ਬਹੁਤ ਸਾਰੇ ਨਾਟਕਾਂ ਵਿਚ ਵੀ ਅਦਾਕਾਰੀ ਕੀਤੀ, ਜਿਨ੍ਹਾਂ ਵਿਚ ਕਿਸ਼ਨ ਸ਼ੈਦਾਈ ਦਾ ਲਿਖਿਆ ‘ਧੂਬੀਆ ਜੋ ਇਸ਼ਕ’, ਜੈ ਕਿਸ਼ਨ ਲਿਖਿਤ ‘ਈਸ਼ਵਰ ਮੁਫ਼ਲਸ’ ਆਦਿ। ਇਸ ਤੋਂ ਇਲਾਵਾ ਉਨ੍ਹਾਂ ਨੇ ਦੀਪਕ ਆਸ਼ਾ ਦੇ ਨਾਮ ਨਾਲ ਇਕ ਸਿੰਧੀ ਲੋਕ ਗੀਤ ‘ਜੀਏ ਮੁਹੀਨੀ ਜੀ’ ਵੀ ਲਿਖਿਆ।
ਧਰਮ ਕੁਮਾਰ ਦੀਆਂ ਚਾਰ ਧੀਆਂ ਮੀਨਾ ਭਗਵਾਨਦਾਸ (ਪੰਜਾਬੀ), ਜਿਓਤੀ ਲਛਮਣਦਾਸ, ਦਯਾ ਰਤਾਨੀ, ਅਨੂੰ ਬਛਾਨੀ (ਪੰਜਾਬੀ) ਅਤੇ ਦੋ ਪੁੱਤਰ ਜੀਵਨ ਤੋਲਾਨੀ ਤੇ ਹਰੇਸ਼ ਦੀਪਕ ਆਸ਼ਾ ਤੋਲਾਨੀ ਹਨ। ਮਾਰੂਫ਼ ਹਿਦਾਇਤਕਾਰ ਧਰਮ ਕੁਮਾਰ ਉਰਫ਼ ਦੀਪਕ ਆਸ਼ਾ 28 ਜੁਲਾਈ 1993 ਨੂੰ 74 ਸਾਲਾਂ ਦੀ ਉਮਰੇ ਬੰਬੇ ’ਚ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਯਾਦ ਵਿਚ ਬੰਬੇ ਮਿਊਂਸਿਪਲ ਕਾਰਪੋਰੇਸ਼ਨ ਨੇ 31 ਜਨਵਰੀ 1999 ਨੂੰ ਗੁਰੂ ਗੋਬਿੰਦ ਸਿੰਘ ਅਤੇ ਐੱਸਬੀਐੱਸ ਮਾਰਗ, ਮੁਲੰਦ ਕਾਲੋਨੀ ਦੇ ਜੰਕਸ਼ਨ ਦੇ ਨੇੜੇ ‘ਸ਼੍ਰੀ ਦੀਪਕ ਆਸ਼ਾ ਚੌਕ’ ਦਾ ਉਦਘਾਟਨ ਕੀਤਾ।
ਸੰਪਰਕ: 97805-09545