ਗੁਰਮੀਤ ਸਿੰਘ*
ਮਿਲਾਪੜੀ ਟਟੀਹਰੀ (Sociable Lapwing) ਕਜ਼ਾਕਿਸਤਾਨ ਦੇ ਖੁੱਲ੍ਹੇ ਘਾਹ ਦੇ ਮੈਦਾਨਾਂ ਤੋਂ ਸਿਰਫ਼ ਭਾਰਤ ਦੇ ਉੱਤਰ-ਪੱਛਮੀ ਖੇਤਰ ਵਿਚ ਪਰਵਾਸ ਕਰਨ ਵਾਲਾ ਪੰਛੀ ਹੈ। ਇਹ ਟਟੀਹਰੀ ਸਾਡੇ ਆਲੇ-ਦੁਆਲੇ ਮਿਲਣ ਵਾਲੀ ਟਟੀਹਰੀ ਦੇ ਪਰਿਵਾਰ ਨਾਲ ਹੀ ਸਬੰਧ ਰੱਖਦੀ ਹੈ। ਪਰਵਾਸ ਦੌਰਾਨ ਵੱਡੇ ਝੁੰਡਾਂ ਵਿਚ ਜਾ ਰਹੀਆਂ ਕਿਸਮਾਂ ਦੇ ਨਿਰੀਖਣ ਤੋਂ ਬਾਅਦ ਇਸ ਨੂੰ ਮਿਲਾਪੜੀ ਟਟੀਹਰੀ ਦਾ ਨਾਂ ਦਿੱਤਾ ਗਿਆ ਹੈ, ਪਰ ਮਨੁੱਖ ਵੱਲੋਂ ਇਨ੍ਹਾਂ ਦਾ ਵਾਸ ਖ਼ਤਮ ਕਰ ਦੇਣ ਤੋਂ ਬਾਅਦ ਇਹ ਆਪਣੇ ਪਰਿਵਾਰ ਤੋਂ ਵੱਖ ਹੋ ਗਏ। ਅੱਜ ਇਸ ਮਿਲਾਪੜੀ ਟਟੀਹਰੀ ਨੇ ਰੂਸ ਅਤੇ ਸਾਇਬੇਰੀਆ ਦੇ ਰੜੇ ਮੈਦਾਨਾਂ ਨੂੰ ਆਪਣਾ ਵਾਸ ਬਣਾ ਲਿਆ ਹੈ। ਹੁਣ ਇਹ ਟਟੀਹਰੀਆਂ ਭਾਰਤ, ਪਾਕਿਸਤਾਨ, ਸ੍ਰੀਲੰਕਾ ਅਤੇ ਸੁਡਾਨ ਵਰਗੇ ਦੇਸ਼ਾਂ ਵਿਚ ਪਰਵਾਸ ਕਰਦੀਆਂ ਹਨ। ਇਨ੍ਹਾਂ ਦਾ ਭਟਕਦਾ ਸੁਭਾਅ ਸ਼ਾਇਦ ਉਸ ਛੋਟੀ ਬਨਸਪਤੀ ਨੂੰ ਲੱਭਣ ਲਈ ਵਿਕਸਤ ਹੁੰਦਾ ਹੈ, ਜਿਸ ਵਿਚ ਉਹ ਆਲ੍ਹਣਾ ਬਣਾਉਣ ਨੂੰ ਤਰਜੀਹ ਦਿੰਦੀਆਂ ਹਨ। ਅੱਜ ਇਨ੍ਹਾਂ ਦੀ ਆਬਾਦੀ ਦਾ ਆਕਾਰ ਪਿਛਲੀਆਂ ਤਿੰਨ ਪੀੜ੍ਹੀਆਂ ਨਾਲੋਂ ਬਹੁਤ ਘਟਿਆ ਹੈ।
ਇਹ ਪੰਛੀ ਮੁੱਖ ਤੌਰ ’ਤੇ ਕੀੜੇ-ਮਕੌੜਿਆਂ ਨੂੰ ਆਪਣੀ ਖੁਰਾਕ ਬਣਾਉਂਦੇ ਹਨ। ਮਿਲਾਪੜੀ ਟਟੀਹਰੀ ਸਰਦੀਆਂ ਵਿਚ ਪਰਵਾਸੀ ਪੰਛੀ ਵਜੋਂ ਭਾਰਤ ਵਿਚ ਗੁਜਰਾਤ ਦੇ ਅਹਿਮਦਾਬਾਦ, ਰਾਜਸਥਾਨ ਵਿਚ ਕੱਛ ਦਾ ਇਲਾਕਾ, ਤਾਲ ਛਪਾਰ ਤੇ ਨਾਲਸਰੋਵਰ ਦੇ ਖੇਤਰ ਵਿਚ ਪਰਵਾਸ ਕਰਦੀ ਹੈ। ਇਸ ਪ੍ਰਜਾਤੀ ਨੂੰ ਖ਼ਤਰੇ ਵਿਚ ਪਾਇਆ ਗਿਆ ਹੈ ਕਿਉਂਕਿ ਇਸ ਦੀ ਆਬਾਦੀ ਵਿਚ ਬਹੁਤ ਤੇਜ਼ੀ ਨਾਲ ਕਮੀ ਆਈ ਹੈ।
ਮਿਲਾਪੜੀ ਟਟੀਹਰੀ ਕਜ਼ਾਕਿਸਤਾਨ ਅਤੇ ਦੱਖਣੀ ਰੂਸ ਵਿਚ ਆਲ੍ਹਣੇ ਬਣਾਉਂਦੀ ਹੈ। ਇਹ ਸਰਦੀਆਂ ਵਾਲੇ ਖੇਤਰਾਂ ਵਿਚ ਪ੍ਰਜਣਨ ਦੇ ਮੈਦਾਨਾਂ ਤੋਂ ਕਿਵੇਂ ਬਚਾਅ ਕਰਦੀ ਹੈ ਅਤੇ ਫਿਰ ਸਰਦੀਆਂ ਵਾਲੇ ਖੇਤਰਾਂ ਜਿਸ ਵਿਚ ਸਾਡੇ ਦੇਸ਼ ਦਾ ਉੱਤਰ-ਪੱਛਮੀ ਖੇਤਰ ਆਉਂਦਾ ਹੈ, ਇਸ ਦੇ ਪਰਵਾਸ ਰਸਤੇ ’ਤੇ ਸ਼ਿਕਾਰ ਦੇ ਦਬਾਅ ਨੂੰ ਇਸ ਪ੍ਰਜਾਤੀ ਦੀ ਆਬਾਦੀ ਲਈ ਇਕ ਮੁੱਖ ਖ਼ਤਰਾ ਮੰਨਿਆ ਜਾਂਦਾ ਹੈ। ਅਕਤੂਬਰ, 2015 ਵਿਚ ਤੁਰਕਮੇਨਿਸਤਾਨ, ਉਜ਼ਬੇਕਿਸਤਾਨ ਅਤੇ ਯੂਕੇ ਦੇ ਖੋਜ ਕਰਤਾਵਾਂ ਨੇ ਦੋਵਾਂ ਦੇਸ਼ਾਂ ਵਿਚ ਖੇਤਰ ਦੇ ਤਾਲਮੇਲ ਵਾਲੇ ਸਰਵੇਖਣ ਕੀਤੇ ਅਤੇ ਉਜ਼ਬੇਕਿਸਤਾਨ ਵਿਚ 4.225 ਅਤੇ ਤੁਰਕਮੇਨਿਸਤਾਨ ਵਿਚ 3675 ਪੰਛੀ ਪਾਏ ਗਏ। ਖੇਤਰ ਦੀ ਵਰਤੋਂ ਕਰਨ ਵਾਲੇ ਪੰਛੀਆਂ ਦੀ ਕੁੱਲ ਸੰਖਿਆ 60000 ਤੋਂ 8000 ਦੇ ਵਿਚਕਾਰ ਅਨੁਮਾਨ ਕੀਤੀ ਗਈ ਸੀ। ਪੰਛੀ ਇਸ ਖੇਤਰ ਨੂੰ ਲਗਭਗ ਦੋ ਮਹੀਨਿਆਂ ਲਈ ਵਰਤਦੇ ਹਨ, ਜਦੋਂ ਉਹ ਹਿੰਦੂਕੁਸ਼ ਪਹਾੜਾਂ ਨੂੰ ਪਾਰ ਕਰਨ ਲਈ ਚੜ੍ਹਾਈ ਕਰਦੇ ਹਨ ਜੋ ਉਨ੍ਹਾਂ ਨੂੰ ਆਪਣੇ ਸਰਦੀਆਂ ਦੇ ਮੈਦਾਨਾਂ ’ਤੇ ਲੈ ਜਾਂਦੇ ਹਨ। ਮਿਲਾਪੜੀ ਟਟੀਹਰੀ ਦਾ ਲੰਬੀ ਦੂਰੀ ਦੇ ਪਰਵਾਸੀ ਪੰਛੀਆਂ ਵਿਚ ਸਭ ਤੋਂ ਵੱਧ ਸਮੇਂ ਲਈ ਠਹਿਰਨ ਦਾ ਰਿਕਾਰਡ ਹੈ।
ਇਹ 3 ਤੋਂ 20 ਜੋੜਿਆਂ ਦੇ ਛੋਟੇ ਸਮੂਹਾਂ ਵਿਚ ਅਪਰੈਲ ਦੇ ਅੱਧ ਤੋਂ ਜੁਲਾਈ ਤਕ ਪਰਵਾਸ ਕਰਦੇ ਹਨ ਅਤੇ ਅਗਸਤ ਜਾਂ ਸਤੰਬਰ ਵਿਚ ਦੱਖਣ ਵੱਲ ਪਰਵਾਸ ਦੀ ਸ਼ੁਰੂਆਤ ਕਰਦੇ ਹਨ। ਸੀਰੀਆ ਵਿਚ ਇਹ ਹਰ ਸਾਲ ਫਰਵਰੀ ਦੇ ਅੱਧ ਤੋਂ ਮਾਰਚ ਦੇ ਅਖੀਰ ਤਕ ਅਤੇ ਫਿਰ ਪਤਝੜ ਵਿਚ ਆਉਂਦੇ ਹਨ। ਇਹ ਸਤੰਬਰ-ਅਕਤੂਬਰ ਤਕ ਭਾਰਤ ਅਤੇ ਪਾਕਿਸਤਾਨ ਵਿਚ ਸਰਦੀਆਂ ਦੇ ਮੌਸਮ ਵਿਚ ਪਹੁੰਚਦੇ ਹਨ। ਇਹ ਮਾਰਚ ਜਾਂ ਅਪਰੈਲ ਦੇ ਆਰੰਭ ਵਿਚ ਸਰਦੀਆਂ ਦੇ ਮੈਦਾਨਾਂ ਤੋਂ ਰਵਾਨਾ ਹੁੰਦੇ ਹਨ ਅਤੇ ਅਪਰੈਲ ਦੇ ਅੱਧ ਤਕ ਆਪਣੀ ਪ੍ਰਜਣਨ ਰੇਂਜ ’ਤੇ ਪੁੱਜਦੇ ਹਨ।
ਮਿਲਾਪੜੀ ਟਟੀਹਰੀ ਦੇ ਆਲ੍ਹਣੇ ਪਿੰਡਾਂ ਦੇ ਆਲੇ-ਦੁਆਲੇ ਬਹੁਤ ਜ਼ਿਆਦਾ ਭੇਡਾਂ, ਬੱਕਰੀਆਂ ਅਤੇ ਹੋਰ ਪਸ਼ੂਆਂ ਵੱਲੋਂ ਚਰਨ ਦੇ ਖ਼ਤਰੇ ਵਧਣ ਕਰਕੇ ਪੰਛੀਆਂ ਦੀ ਨਸਲ ’ਤੇ ਮਾੜਾ ਅਸਰ ਵੇਖਿਆ ਗਿਆ ਹੈ। ਆਈ.ਯੂ.ਸੀ.ਐੱਨ. ਨੇ ਮਿਲਾਪੜੀ ਟਟੀਹਰੀ ਦੀ ਤੇਜ਼ ਰਫ਼ਤਾਰ ਨਾਲ ਘਟ ਰਹੀ ਨਸਲ ਨੂੰ ਖ਼ਤਰੇ ਦੇ ਨਿਸ਼ਾਨ ਦੀ ਸੂਚੀ ਵਿਚ ਰੱਖ ਦਿੱਤਾ ਹੈ। ਇਨ੍ਹਾਂ ਕਾਰਨਾਂ ਕਰਕੇ ਮਿਲਾਪੜੀ ਟਟੀਹਰੀ ਵਰਗੇ ਸੁੰਦਰ ਪੰਛੀ ਅੱਜ ਘਰੋਂ ਬੇਘਰ ਹੋ ਗਏ ਹਨ ਅਤੇ ਇਨ੍ਹਾਂ ਦੀ ਨਸਲ ਖਾਤਮੇ ਦੇ ਕੰਢੇ ਵੱਲ ਵਧ ਰਹੀ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ : 98884-56910