ਹਰਵਿੰਦਰ ਕੌਰ ਨੌਹਰਾ
ਨਾਭਾ, 1 ਜਨਵਰੀ
ਇੰਡੀਅਨ ਆਇਲ ਕਾਰਪੋਰੇਸ਼ਨ ਭਵਾਨੀਗੜ੍ਹ ਬੌੜਾਂ ਕਲ੍ਹਾਂ ਨਾਭਾ ਦੇ ਮੇਨ ਗੇਟ ਅੱਗੇ ਗੈਸ ਪਲਾਂਟ ਯੂਨੀਅਨ ਆਜ਼ਾਦ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪਿਛਲੇ ਲਗਭਗ 41 ਦਿਨਾਂ ਤੋਂ ਕੀਤੇ ਜਾ ਰਹੇ ਸੰਘਰਸ਼ ਨੂੰ ਬੂਰ ਪੈ ਗਿਆ ਹੈ। ਇਸ ਮੌਕੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖੱਟੜਾ, ਐੱਸ.ਐੱਚ.ਓ. ਥਾਣਾ ਸਦਰ ਸੁਖਦੇਵ ਸਿੰਘ ਨੇ ਗੈਸ ਪਲਾਂਟ ਦੀ ਮੈਨੇਜਮੈਂਟ ਵੱਲੋਂ ਕੱਢੇ ਗਏ 10 ਵਰਕਰਾਂ ਨੂੰ ਬਹਾਲ ਕਰਵਾਇਆ ਅਤੇ ਬਾਕੀ ਛੇ ਵਰਕਰਾਂ ਨੂੰ ਛੇਤੀ ਹੀ ਬਹਾਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ।
ਪੱਕਾ ਮੋਰਚਾ ਜਿੱਤਣ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਜਸਵਿੰਦਰ ਸਿੰਘ ਸਾਲੂਵਾਲ, ਸੁਬਾਰਡੀਨੇਟ ਫੈਡਰੇਸ਼ਨ ਦੇ ਆਗੂ ਦਰਸਨ ਸਿੰਘ ਬੇਲੂਮਾਜਰਾ, ਪਸ਼ੂ ਪਾਲਣ ਵਿਭਾਗ ਦੇ ਆਗੂ ਚਮਕੌਰ ਸਿੰਘ ਧਾਰੋਂਕੀ, ਪੈਪਸੀਕੋ ਵਰਕਰ ਯੂਨੀਅਨ ਚੰਨੋ ਦੇ ਆਗੂ ਕ੍ਰਿਸ਼ਨ ਸਿੰਘ ਭੜੋਂ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਕਾਕਾ ਸਿੰਘ ਭੱਟੀਵਾਲ, ਸੰਵਿਧਾਨ ਬਚਾਓ ਅੰਦੋਲਨ ਦੇ ਆਗੂ ਗੁਰਚਰਨ ਸਿੰਘ ਰਾਮਗੜ੍ਹ, ਸੀਟੂ ਦੇ ਆਗੂ ਗੁਰਮੀਤ ਸਿੰਘ ਛੱਜੂਭੱਟ, ਐੱਫ.ਸੀ.ਆਈ. ਯੂਨੀਅਨ ਦੇ ਆਗੂ ਬੰਤ ਸਿੰਘ ਭੌੜੇ, ਪੀ.ਐੱਸ.ਯੂ. ਦੇ ਮੈਂਬਰ ਧਰਮਵੀਰ ਸਿੰਘ ਤੇ ਜ਼ਮੀਨ ਪ੍ਰਾਪਤੀ ਸੰਘਰਸ ਕਮੇਟੀ ਦੇ ਆਗੂ ਗੁਰਵਿੰਦਰ ਸਿੰਘ ਬੌੜਾਂ ਆਦਿ ਜਥੇਬੰਦੀਆਂ ਦੇ ਸਹਿਯੋਗ ਨਾਲ ਗੈਸ ਪਲਾਂਟ ਦੇ ਵਰਕਰਾਂ ਵੱਲੋਂ ਪੱਕੇ ਮੋਰਚੇ ਨੂੰ ਜਿੱਤਿਆ ਗਿਆ।
ਇਸ ਮੌਕੇ ਗੈਸ ਪਲਾਂਟ ਵਰਕਰਜ਼ ਯੂਨੀਅਨ ਦੇ ਆਗੂ ਹਰਦੀਪ ਸਿੰਘ ਅਤੇ ਸਮੂਹ ਆਗੂਆਂ ਨੇ ਵੱਖ-ਵੱਖ ਜਥੇਬੰਦੀਆਂ, ਨਾਭਾ ਪ੍ਰਸ਼ਾਸਨ, ਅਤੇ ਗੈਸ ਪਲਾਂਟ ਦੇ ਟਰੱਕ ਡਰਾਈਵਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਅਰਜਨ ਸਿੰਘ ਧਾਰੋਂਕੀ, ਸੁਰਜੀਤ ਸਿੰਘ ਗਲਵੱਟੀ, ਹਰਪ੍ਰੀਤ ਸਿੰਘ ਸੁੱਖੇਵਾਲ, ਮੋਹਣ ਸਿੰਘ, ਮੱਖਣ ਸਿੰਘ ਤੇ ਮੋਹਣ ਕੁਮਾਰ ਆਦਿ ਵਰਕਰ ਹਾਜ਼ਰ ਸਨ।