ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 1 ਜਨਵਰੀ
ਇੱਥੇ 30 ਕਿਸਾਨ ਜਥੇਬੰਦੀਆਂ ਅਤੇ ਦੇਸ਼ ਦੇ ਸਾਂਝੇ ਕਿਸਾਨ ਮੋਰਚੇ ਦੀ ਅਗਵਾਈ ਵਿਚ ਚੱਲ ਰਹੇ ਰੇਲ ਮੋਰਚੇ ਅੰਦਰ ਕੜਕਦੀ ਠੰਢ ਦੇ ਬਾਵਜੂਦ ਗਰਮਜੋੋਸ਼ੀ ਵਿਖਾਈ ਦੇ ਰਹੀ ਹੈ। ਧਰਨੇ ਦੌਰਾਨ ਭੁੱਖ ਹੜਤਾਲ ’ਤੇ ਬੈਠਣ ਵਾਲੇ 12 ਕਿਸਾਨ ਜਿਸ ਵਿਚ ਕਰਮਜੀਤ ਕੌਰ, ਸੁਰਜੀਤ ਕੌਰ, ਸੁਰਜੀਤ ਕੌਰ ਸੈਕਿੰਡ, ਗੁਰਮੇਲ ਸਿੰਘ, ਹਰਬੰਸ ਸਿੰਘ, ਬਾਲਾ ਸਿੰਘ , ਸੁਰਜੀਤ ਸਿੰਘ, ਕੌਰਾ ਸਿੰਘ, ਦੇਵ ਸਿੰਘ, ਪ੍ਰੀਤਮ ਸਿੰਘ, ਜੋਗਿੰਦਰ ਸਿੰਘ ਤੇ ਭੋਲਾ ਸਿੰਘ ਦਾ ਆਗੂਆਂ ਨੇ ਹਾਰ ਪਾ ਕੇ ਸਵਾਗਤ ਕੀਤਾ। ਆਗੂਆਂ ਨੇ ਆਮ ਸ਼ਹਿਰੀ ਪੇਂਡੂ ਖਪਤਕਾਰਾਂ ਨੂੰ ਵੀ ਸੱਦਾ ਦਿੱਤਾ ਹੈ ਕਿ ਉਹ ਵੀ ਦਿੱਲੀ ਅਤੇ ਪੰਜਾਬ ਦੇ ਧਰਨਿਆਂ ਵਿਚ ਹਾਜ਼ਰੀ ਲਵਾਉਣ। ਇਸ ਮੌਕੇ ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ।
ਮਾਨਸਾ (ਜੋਗਿੰਦਰ ਸਿੰਘ ਮਾਨ): ਖੇਤੀ ਵਿਰੋਧੀ ਤਿੰਨ ਕਾਨੂੰਨ ਰੱਦ ਕਰਵਾਉਣ ਲਈ ਸਥਾਨਕ ਰੇਲਵੇ ਪਾਰਕ ਤੇ ਲੱਗਿਆ ਪੱਕਾ ਮੋਰਚਾ 93ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਅਤੇ ਨਵੇਂ ਸਾਲ ਨੂੰ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਾ ਕੇ ਨਵੇ ਸਾਲ ਨੂੰ ਕਾਲੇ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਮੱਖਣ ਸਿੰਘ ਉੱਡਤ, ਕਿਸਾਨ ਆਗੂ ਬਲਵਿੰਦਰ ਸ਼ਰਮਾ ਨੇ ਸੰਬੋਧਨ ਕੀਤਾ ਤੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਇਸ ਮੌਕੇ ਮਨਿੰਦਰ ਸਿੰਘ ਜਵਾਹਰਕੇ, ਜਗਰਾਜ ਰੱਲਾ, ਰਤਨ ਭੋਲਾ, ਸੁਖਚਰਨ ਸਿੰਘ ਦਾਨੇਵਾਲੀਆ, ਈਸ਼ਰ ਸਿੰਘ ਗੁਰਨੇ ਨੇ ਵੀ ਸੰਬੋਧਨ ਕੀਤਾ।
ਭਾਰਤੀ ਕਿਸਾਨ ਏਕਤਾ ਮੰਚ ਵੱਲੋਂ ‘ਨਵਾਂ ਸਾਲ ਕਿਸਾਨਾਂ ਦੇ ਨਾਲ’
ਸਿਰਸਾ (ਪ੍ਰਭੂ ਦਿਆਲ): ਭਾਰਤੀ ਕਿਸਾਨ ਏਕਤਾ ਮੰਚ ਵੱਲੋਂ ਬੀਤੀ ਰਾਤ ਸ਼ਹਿਰ ਦੇ ਸੁਭਾਸ਼ ਚੌਕ ਵਿੱਚ ‘ਨਵਾਂ ਸਾਲ ਕਿਸਾਨਾਂ ਦੇ ਨਾਲ’ ਸਮਾਗਮ ਕਰਵਾਇਆ ਗਿਆ। ਮੰਚ ਦੇ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਪ੍ਰੋਗਰਾਮ ਵਿੱਚ ਹਰਿਆਣਵੀ ਕਵੀ ਸੰਜੀਤ ਸਰੋਹਾ, ਪੰਜਾਬੀ ਗੀਤਕਾਰ ਹੈਰੀ ਹਮਰਾਜ ਅਤੇ ਅਨਮੋਲ ਸਾਮਾ ਨੇ ਆਪਣੇ ਕਲਾਮ ਪੇਸ਼ ਕੀਤੇ। ਆਪਣਾ ਗਰੁੱਪ ਵੱਲੋਂ ਸਾਡੇ ਹੱਕ ਨਾਟਕ ਪੇਸ਼ ਕੀਤਾ ਗਿਆ। ਸ਼ਹੀਦ ਬਾਬਾ ਦੀਪ ਸਿੰਘ ਅਤੇ ਰਣਜੀਤ ਅਖਾੜਾ ਨੇ ਗੱਤਕੇ ਦੇ ਜੌਹਰ ਦਿਖਾਏ।