ਕੁਲਦੀਪ ਸਿੰਘ
ਨਵੀਂ ਦਿੱਲੀ, 1 ਜਨਵਰੀ
‘ਦਿ ਦਿੱਲੀ ਪੰਜਾਬੀ ਅਰਬਨ ਥਰਿਫ਼ਟ ਐਂਡ ਕਰੈਡਿਟ ਸੁਸਾਇਟੀ ਲਿਮਿਟਡ’ ਦੀ 19ਵੀਂ ਸਾਲਾਨਾ ਮੀਟਿੰਗ ਸੰਸਥਾ ਦੇ ਪ੍ਰਧਾਨ ਐੱਸਐੱਸ ਮਦਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਸ਼ੋਕ ਨਗਰ ਵਿਖੇ ਕਰਵਾਈ ਗਈ। ਇਸ ਮੀਟਿੰਗ ’ਚ ਸਾਲ 2019-20 ਦੀਆਂ ਕਾਰਜਕਾਰਨੀ ਬਾਬਤ ਸੰਸਥਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਉਣ ਦੇ ਨਾਲ ਨਾਲ ਪੂਰੇ ਸਾਲ ਦੀਆਂ ਕਾਰਗੁਜ਼ਾਰੀਆਂ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਮਦਾਨ ਨੇ ਦੱਸਿਆ ਕਿ ਇਹ ਸੁਸਾਇਟੀ ਗੁਰਸਿੱਖ ਨੌਜਵਾਨਾਂ ਨੂੰ ਰੁਜ਼ਗਾਰ ਵਾਸਤੇ ਅਤੇ ਆਰਥਿਕ ਤੌਰ ’ਤੇ ਪਿੱਛੜੇ ਵਰਗਾਂ ਦੇ ਕੰਮਾਂਕਾਰਾਂ ਵਿੱਚ ਵਾਧਾ ਕਰਨ ਵਾਸਤੇ 60,000 ਰੁਪਏ ਤੋਂ 1,50,000 ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕਰੋਨਾ ਮਹਾਮਾਰੀ ਕਾਰਨ ਡਾਵਾਂਡੋਲ ਹੋਈ ਅਰਥ ਵਿਵਸਥਾ ਦੇ ਚਲਦਿਆਂ ਵੀ ਇਸ ਸੁਸਾਇਟੀ ਨੇ ਆਪਣੇ ਲੋੜਵੰਦ ਮੈਂਬਰਾਂ ਨੂੰ ਸਮੇਂ ਸਿਰ ਮਾਲੀ ਸਹਾਇਤਾ ਪ੍ਰਦਾਨ ਕੀਤੀ। ਇਸ ਮੌਕੇ ਸੁਸਾਇਟੀ ਦੇ ਚੀਫ਼ ਪ੍ਰੋਮੋਟਰ ਨਰਿੰਦਰ ਸਿੰਘ ਸੇਠੀ, ਚੀਫ਼ ਕੋਆਰਡੀਨੇਟਰ ਕੁਲਦੀਪ ਸਿੰਘ, ਪ੍ਰਧਾਨ ਐੱਸਐੱਸ ਮਦਾਨ, ਮੀਤ ਪ੍ਰਧਾਨ ਕੇਪੀ ਸਿੰਘ, ਜਨਰਲ ਸਕੱਤਰ ਰਾਜ ਸਿੰਘ ਤਨੇਜਾ, ਖ਼ਜ਼ਾਨਚੀ ਪੀਐੱਸ ਚੱਢਾ ਆਦਿ ਮੌਜੂਦ ਰਹੇ।