ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜਨਵਰੀ
ਮੱਧ ਪ੍ਰਦੇਸ਼ ਦੀ ਤਹਿਸੀਲ ਹਰਦਾ ਦੇੇ ਪਿੰਡ ਆਲਨਪੁਰ ਦੀ ਰਹਿਣ ਵਾਲੀ ਸਾਨਿਕਾ (7) ਨੇ ਸਿੰਘੂ ਬਾਰਡਰ ’ਤੇ ਭਾਸ਼ਣ ਦੇ ਕੇ ਕਿਸਾਨਾਂ ਨੂੰ ਕੀਲ ਕੇ ਰੱਖ ਦਿੱਤਾ। ਉਸ ਦੇ ਭਾਸ਼ਣ ਨੂੰ ਕਿਸਾਨਾਂ ਨੇ ਸਾਹ ਰੋਕ ਕੇ ਸੁਣਿਆ। ਉਸ ਦੀ ਛੋਟੀ ਉਮਰ ਦੇ ਬਾਵਜੂਦ ਭਾਸ਼ਣ ਦੇਣ ’ਚ ਸਵੈ-ਭਰੋਸੇ ਨੂੰ ਦੇਖ ਕੇ ਸਭ ਦੰਗ ਰਹਿ ਗਏ। ਪਿੰਡ ਆਲਨਪੁਰ ਦੇ ਕਿਸਾਨ ਸੰਜੇ ਦੇ ਘਰ ਪੈਦਾ ਹੋਈ ਸਾਨਿਕਾ ਭਾਵੇਂ 7 ਸਾਲ ਦੀ ਹੈ ਪਰ ਉਸ ਦੀ ਸੋਚ ਨੌਜਵਾਨਾਂ ਵਾਲੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੰਚ ਤੋਂ ਸਾਨਿਕਾ ਨੇ ਇਤਿਹਾਸਕ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਆਪਣੇ ਪਿਤਾ ਦਾ ਧੰਨਵਾਦ ਕੀਤਾ ਜਿਸ ਕਰਕੇ ਉਹ ਸਿੰਘੂ ਪਹੁੰਚ ਸਕੀ। ਪਿਤਾ ਨੂੰ ਸੰਬੋਧਨ ਕਰਦਿਆਂ ਉਸ ਨੇ ਕਿਹਾ, ‘‘ਜੇਕਰ ਪਿਤਾ ਜੀ, ਆਪ ਮੈਨੂੰ ਇੱਥੇ ਨਾ ਲੈ ਕੇ ਆਉਂਦੇ ਤਾਂ ਅੱਗੇ ਚੱਲ ਕੇ ਮੈਂ ਤਿੱਖੇ ਸਵਾਲ ਕਰਦੀ ਕਿ ਤੁਸੀਂ ਉੱਥੇ ਕਿਉਂ ਨਹੀਂ ਸੀ। ਇਸ ਲਈ ਤੁਸੀਂ ਖ਼ੁਦ ਨੂੰ ਮੇਰੇ ਸਵਾਲਾਂ ਤੋਂ ਬਚਾ ਲਿਆ।’’ ਉਸ ਨੇ ਕੇਂਦਰ ਸਰਕਾਰ ਨੂੰ ਨਿਹੋਰਾ ਮਾਰਿਆ ਕਿ ਕੜਾਕੇ ਦੀ ਠੰਢ ਵਿੱਚ ਸੜਕਾਂ ’ਤੇ ਮੌਜੂਦ ਕਿਸਾਨਾਂ ਦੀ ਸਾਰ ਨਹੀਂ ਲਈ ਜਾ ਰਹੀ ਅਤੇ ਉਹ ਮੰਗਾਂ ਮੰਨੇ। ਉਸ ਨੇ ਦੇਸ਼ ਦੇ ਉੱਘੇ ਕਿਸਾਨ ਲੀਡਰਾਂ ਦੇ ਨਾਂ ਗਿਣਾ ਕੇ ਕਿਹਾ ਕਿ ਇਹ ਬਲੀਦਾਨੀਆਂ ਦੀ ਧਰਤੀ ਹੈ। ਦੂਜੀ ਜਮਾਤ ਦੀ ਵਿਦਿਆਰਥਣ ਸਾਨਿਕਾ ਦੇ ਭਾਸ਼ਣ ਨੂੰ ਕਿਸਾਨਾਂ ਨੇ ਸਾਹ ਰੋਕ ਕੇ ਸੁਣਿਆ ਤੇ ਵਾਰ-ਵਾਰ ਜੈਕਾਰੇ ਗੂੰਜੇ।