ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜਨਵਰੀ
ਦਿੱਲੀ ਦੇ ਉਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਉਤਰਾਖੰਡ ਦੇ ਸ਼ਹਿਰੀ ਵਿਕਾਸ ਮੰਤਰੀ ਮਦਨ ਕੌਸ਼ਿਕ ਨੂੰ 4 ਜਨਵਰੀ ਨੂੰ ਸਵੇਰੇ 11 ਵਜੇ ਆਈਆਰਡੀਟੀ ਆਡੀਟੋਰੀਆ ਵਿੱਚ ‘ਕੇਜਰੀਵਾਲ ਮਾਡਲ ਬਨਾਮ ਤ੍ਰਿਵੇਂਦਰ ਰਾਵਤ ਮਾਡਲ’ ਬਾਰੇ ਖੁੱਲ੍ਹੀ ਬਹਿਸ ਲਈ ਪੱਤਰ ਲਿਖਿਆ ਹੈ। ਨਾਲ ਹੀ ਸਿਸੋਦੀਆ ਨੇ ਕਿਹਾ, ‘‘ਤੁਹਾਨੂੰ 6 ਜਨਵਰੀ ਨੂੰ ਦਿੱਲੀ ਦੇ ਕੰਮਾਂ ਬਾਰੇ ਵਿਚਾਰ ਵਟਾਂਦਰੇ ਲਈ ਆਉਣ ਦਾ ਸੱਦਾ ਦਿੰਦਾ ਹਾਂ, ਮੈਂ ਕੇਜਰੀਵਾਲ ਸਰਕਾਰ ਦੁਆਰਾ ਸਰਕਾਰੀ ਸਕੂਲਾਂ, ਹਸਪਤਾਲਾਂ, ਬਿਜਲੀ, ਪਾਣੀ, ਮਹਿਲਾ ਸੁਰੱਖਿਆ ਤੇ ਇਮਾਨਦਾਰ ਰਾਜਨੀਤੀ ਆਦਿ ਖੇਤਰਾਂ ਵਿੱਚ ਕੀਤੇ ਗਏ ਬੇਮਿਸਾਲ ਕੰਮ ਦਿਖਾਵਾਂਗਾ।’’
ਉਪ ਮੁੱਖ ਮੰਤਰੀ ਨੇ ਕਿਹਾ ਕਿ ਉਤਰਾਖੰਡ ਦੇ ਲੋਕਾਂ ਲਈ ਕੁਝ ਚੰਗਾ ਨਹੀਂ ਹੋ ਸਕਦਾ। ਉਨ੍ਹਾਂ ਦੇ ਮੌਜੂਦਾ ਤੇ ਭਵਿੱਖ ਦੇ ਆਗੂ ਸਕੂਲ, ਹਸਪਤਾਲ, ਬਿਜਲੀ, ਪਾਣੀ ਆਦਿ ਮੁੱਦਿਆਂ ’ਤੇ ਖੁੱਲ੍ਹ ਕੇ ਬਹਿਸ ਕਰਨ ਤੇ ਉਸੇ ਆਧਾਰ ’ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਉਨ੍ਹਾਂ ਕਿਹਾ, ‘‘ਮੇਰੇ ਧਿਆਨ ਵਿਚ ਆਇਆ ਹੈ ਕਿ ਤ੍ਰਿਵੇਂਦਰ ਰਾਵਤ ਸਰਕਾਰ ਨੇ ਪਿਛਲੇ 4 ਸਾਲਾਂ ਵਿਚ ਉਤਰਾਖੰਡ ਦੇ ਲੋਕਾਂ ਲਈ ਕੋਈ ਲਾਭਕਾਰੀ ਕੰਮ ਨਹੀਂ ਕੀਤਾ ਹੈ, ਲੋਕ ਉਸ ਨੂੰ ‘ਜ਼ੀਰੋ ਵਰਕ ਮੁੱਖ ਮੰਤਰੀ’ ਵਜੋਂ ਜਾਣਦੇ ਹਨ।’’