ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਜਨਵਰੀ
ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਅੱਜ ਕਿਲ੍ਹਾ ਰਾਏਪੁਰ ਵਿੱਚ ਅਡਾਨੀ ਗਰੁੱਪ ਦੀ ਖੁਸ਼ਕ ਬੰਦਰਗਾਹ ਅੱਗੇ ਧਰਨਾ ਲਾ ਕੇ ਉਸ ਦਾ ਮੁੱਖ ਗੇਟ ਬੰਦ ਕਰ ਦਿੱਤਾ। ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਸੁਰਜੀਤ ਸਿੰਘ ਸੀਲੋ, ਬਲਦੇਵ ਸਿੰਘ ਧੂਰਕੋਟ, ਚਮਕੌਰ ਸਿੰਘ ਛਪਾਰ, ਅਤੇ ਹਰਵਿੰਦਰ ਸਿੰਘ ਨਾਰੰਗਵਾਲ ਦੀ ਪ੍ਰਧਾਨਗੀ ਹੇਠ ਲਾਏ ਗਏ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਜੈਪਾਲ ਸਿੰਘ ਤੇ ਜਗਤਾਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਅੰਦੋਲਨ ਪ੍ਰਤੀ ਮੋਦੀ ਵੱਲੋਂ ਅਪਣਾਏ ਗਏ ਅੜੀਅਲ ਵਤੀਰੇ ਕਰਕੇ ਲੋਕਾਂ ਵਿੱਚ ਭਾਰੀ ਰੋਸ ਹੈ। ਇਸ ਦੌਰਾਨ ਉਨ੍ਹਾਂ ਮੋਦੀ ਸਰਕਾਰ ਅਤੇ ਅੰਬਾਨੀ-ਅਡਾਨੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਹਰਨੇਕ ਸਿੰਘ ਗੁੱਜਰਵਾਲ, ਡਾ. ਭਗਵੰਤ ਸਿੰਘ, ਡਾ. ਕੇਸਰ ਸਿੰਘ, ਡਾ. ਬਿਕਰਮਦੇਵ ਸਿੰਘ ਘਗਰਾਣਾ ਤੇ ਲੰਬੜਦਾਰ ਕਰਤਾਰ ਸਿੰਘ ਘਗਰਾਣਾ ਹਾਜ਼ਰ ਸਨ।