ਗਗਨਦੀਪ ਅਰੋੜਾ
ਲੁਧਿਆਣਾ, 1 ਜਨਵਰੀ
ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰਾਂ ’ਤੇ ਬੈਠੇ ਕਿਸਾਨਾਂ ਦੇ ਹੌਸਲੇ ਵਧਾਉਣ ਲਈ ਸਨਅਤੀ ਸ਼ਹਿਰ ਵਿਚ ਲੱਗੇ ਮੋਰਚਿਆਂ ’ਚ ਸ਼ਮੂਲੀਅਤ ਕਰਕੇ ਸ਼ਹਿਰੀਆਂ ਨੇ ਨਵਾਂ ਸਾਲ ਮਨਾਇਆ। ਲੁਧਿਆਣਾ ਦੀ ਦੁਗਰੀ ਇਲਾਕੇ ਵਿਚ ਨੌਜਵਾਨਾਂ ਵੱਲੋਂ ਬਣਾਇਆ ਗਿਆ ਸਿੰਘੂ ਮੋਰਚਾ ਲੁਧਿਆਣਾ ਵਿਚ ਨਵਾਂ ਸਾਲ ਦੀ ਪਹਿਲੀ ਸਵੇਰ ਹੀ ਕਿਸਾਨਾਂ ਦੀ ਜਿੱਤ ਲਈ ਅਰਦਾਸ ਕੀਤੀ ਗਈ। ਸਵੇਰੇ ਪਾਠ ਕਰਨ ਮਗਰੋਂ ਕੀਰਤਨ ਕੀਤਾ ਗਿਆ। ਨਵਾਂ ਸਾਲ ਹੋਣ ਕਾਰਨ ਅੱਜ ਵੱਡੀ ਗਿਣਤੀ ਵਿਚ ਹੋਰ ਨੌਜਵਾਨ ਵੀ ਧਰਨਾ ਦੇ ਰਹੇ ਕਿਸਾਨ ਸਮਰਥਕਾਂ ਦਾ ਸਾਥ ਦੇਣ ਲਈ ਪੁੱਜੇ। ਰਿਲਾਇੰਸ ਦੇ ਪੈਟਰੋਲ ਪੰਪ ਦੇ ਬਾਹਰ ਇਹ ਮੋਰਚਾ ਖੋਲ੍ਹਿਆ ਗਿਆ ਹੈ। ਮੋਰਚੇ ’ਤੇ ਬੈਠੇ ਨੌਜਵਾਨ ਗੁਰਿੰਦਰਜੀਤ ਸਿੰਘ, ਗੁਰਪਾਲ ਸਿੰਘ ਸਰਾਭਾ, ਗੋਲਡੀ ਅਰਨੇਜਾ ਨੇ ਦੱਸਿਆ ਕਿ ਨਵੇਂ ਸਾਲ ਦਾ ਪਹਿਲਾ ਦਿਨ ਹੋਣ ਕਾਰਨ ਮੋਰਚੇ ’ਤੇ ਵੱਡੀ ਗਿਣਤੀ ਲੋਕ ਪੁੱਜੇ ਸਨ, ਜਿਨ੍ਹਾਂ ਨੇ ਕਿਸਾਨਾਂ ਦੀ ਜਿੱਤ ਦੇ ਲਈ ਸੱਚੇ ਪਾਤਸ਼ਾਹ ਅੱਗੇ ਅਰਦਾਸ ਕੀਤੀ।
ਫਿਰੋਜ਼ਪੁਰ ਰੋਡ ਅਤੇ ਲਾਡੋਵਾਲ ਟੌਲ ਪਲਾਜ਼ਾ ’ਤੇ ਚੱਲ ਰਹੇ ਧਰਨਿਆਂ ਵਿਚ ਲੋਕ ਪੁੱਜੇ ਅਤੇ ਕਿਸਾਨਾਂ ਦੀ ਜਿੱਤ ਲਈ ਅਰਦਾਸ ਕੀਤੀ ਗਈ।
ਨਵੇਂ ਸਾਲ ਦੇ ਪਹਿਲੇ ਦਿਨ ਦੁਗਰੀ ਵਿੱਚ ਕਿਸਾਨੀ ਮੋਰਚੇ ਵਿੱਚ ਬੈਠੇ ਨੌਜਵਾਨ।
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਕਿਸਾਨਾਂ ਮਜ਼ਦੂਰਾਂ ਨੇ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਰੇਲਵੇ ਸਟੇਸ਼ਨਾਂ ਅਤੇ ਵੱਖ-ਵੱਖ ਥਾਵਾਂ ’ਤੇ ਚੱਲ ਰਹੇ ਧਰਨਿਆਂ ਵਿੱਚ ਪਰਿਵਾਰਾਂ ਸਣੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਨਵੇਂ ਵਰ੍ਹੇ ਦਾ ਸਵਾਗਤ ਕੀਤਾ। ਧਰਨੇ ਨੂੰ ਪ੍ਰੀਤਮ ਅਖਾੜਾ, ਕੰਵਲਜੀਤ ਖੰਨਾ, ਪਵਨ ਧਨੋਆ, ਧਰਮ ਸਿੰਘ ਸੂਜ਼ਾਪੁਰ, ਮਦਨ ਸਿੰਘ ਅਤੇ ਨਿਰਮਲ ਭੁਮਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ ਕਿਸਾਨੀ ਸੰਘਰਸ਼ ਦਿੱਲੀ ਅੰਦੋਲਨ ਦਾ ਰੂਪ ਧਾਰ ਗਿਆ। ਇਸ ਅੰਦੋਲਨ ਨੇ ਸ਼ਾਨਦਾਰ ਇਤਿਹਾਸ ਦੀ ਸਿਰਜਣਾ ਕਰਕੇ ਵਿਸ਼ਵ ਨੂੰ ਆਪਣਾ ਮੁਰੀਦ ਬਣਾ ਲਿਆ ਹੈ। ਦੁਨੀਆਂ ਭਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਮਿੱਟੀ ਪੁੱਟੀ ਗਈ ਹੈ। ਅੰਦੋਲਨ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਨਕਾਬ ਲਾਹ ਦਿੱਤੇ ਹਨ। ਧਰਨੇ ਵਿੱਚ ਚਲਦੇ ਲੰਗਰ ਦੀ ਸੇਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਅਤੇ ਸ਼ਹੀਦ ਊਧਮ ਸਿੰਘ ਟੈਕਸੀ ਯੂਨੀਅਨ ਵੱਲੋਂ ਨਿਭਾਈ ਗਈ। ਕਿਸਾਨ ਆਗੂ ਸਾਬਕਾ ਸਰਪੰਚ ਕਰਨੈਲ ਸਿੰਘ ਦੀ ਅਗਵਾਈ ਹੇਠ 11 ਕਿਸਾਨਾਂ ਨੇ ਭੁੱਖ ਹੜਤਾਲ ਕੀਤੀ। ਧਰਨੇ ਵਾਲੀ ਥਾਂ ਤੋਂ ਰੋਸ ਮਾਰਚ ਕੀਤਾ ਗਿਆ।
ਇਸੇ ਤਰ੍ਹਾਂ ਕਿਸਾਨ ਕੜਾਕੇ ਦੀ ਠੰਢ ਦੇ ਬਾਵਜੂਦ ਚੌਂਕੀਮਾਨ ਟੌਲ ਪਲਾਜ਼ਾ ’ਤੇ ਡਟੇ ਹੋਏ ਹਨ। ਧਰਨੇ ਦੌਰਾਨ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ਨਾਅਰੇ ਲਾ ਕੇ ਨਵੇਂ ਸਾਲ ਦਾ ਸਵਾਗਤ ਕੀਤਾ ਗਿਆ।
ਲੁਧਿਆਣਾ (ਖੇਤਰੀ ਪ੍ਰਤੀਨਿਧ): ਦਿੱਲੀ ਨੂੰ ਚਾਰੇ ਪਾਸਿਓਂ ਘੇਰੀ ਬੈਠੇ ਦੇਸ਼ ਭਰ ਦੇ ਕਿਸਾਨਾਂ -ਮਜ਼ਦੂਰਾਂ ਦੇ ਹੱਥਾਂ ’ਚੋਂ, ਖੇਤੀ ਕਿੱਤੇ ਨੂੰ ਖੋਹ ਕੇ ਕਾਰਪੋਰੇਟਾਂ ਦੇ ਹੱਥ ਦੇਣ ਲਈ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦਾ ਦੇਸ਼ ਭਰ ਵਿੱਚ ਸਖ਼ਤ ਵਿਰੋਧ ਹੋ ਰਿਹਾ ਹੈ। ਪੰਜਾਬ ਦੇ ਕਿਸਾਨਾਂ ਵੱਲੋਂ ਕੀਤੀ ਪਹਿਲਕਦਮੀ ਨਾਲ ਹੁਣ ਇਹ ਵਿਰੋਧ ਦੇਸ਼ਵਿਆਪੀ ਸ਼ਾਂਤਮਈ ਅੰਦੋਲਨ ਦਾ ਰੂਪ ਧਾਰ ਚੁੱਕਾ ਹੈ। ਪੀਏਯੂ ਦੇ ਸੇਵਾਮੁਕਤ ਅਧਿਆਪਕਾਂ ਅਤੇ ਗੈਰ-ਅਧਿਆਪਕਾਂ ਦੀ ਸਾਂਝੀ ਜੱਥੇਬੰਦੀ ਕਨਫੈਡਰੇਸਨ ਆਫ ਪੀਏਯੂ ਪੈਨਸ਼ਨਰਜ਼ ਐਸੋਸੀਏਸ਼ਨਜ਼ ਨੇ ਇਸ ਅੰਦੋਲਨ ਨੂੰ ਸ਼ਾਂਤਮਈ ਰੱਖਣ ਲਈ ਕਿਸਾਨ ਜੱਥੇਬੰਦੀਆਂ ਦੀ ਪ੍ਰਸੰਸਾ ਕਰਦਿਆਂ ਆਗੂਆਂ ਨੂੰ ਗ਼ਲਤ ਅਨਸਰਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।
ਨਵੇਂ ਸਾਲ ਦੀ ਮੀਟਿੰਗ ’ਚ ਕਨਫੈਡਰੇਸ਼ਨ ਦੇ ਪ੍ਰਧਾਨ ਡਾ. ਸਰਜੀਤ ਸਿੰਘ ਗਿੱਲ, ਜਨਰਲ ਸਕੱਤਰ ਜਸਵੰਤ ਜੀਰਖ, ਸਾਬਕਾ ਪ੍ਰਧਾਨ ਡਾ. ਹਰੀ ਸਿੰਘ ਬਰਾੜ, ਖ਼ਜ਼ਾਨਚੀ ਸਰਵੇਸ ਪਾਲ, ਮੈਂਬਰ ਸੁਖਦੇਵ ਸਿੰਘ, ਆਸਾ ਸਿੰਘ, ਸਵਰਨ ਸਿੰਘ ਰਾਣਾ, ਜਸਵੰਤ ਸਿੰਘ ਨੇ ਨਵੇਂ ਸਾਲ ਵਿੱਚ ਚਾਰ ਜਨਵਰੀ ਨੂੰ ਕਿਸਾਨ ਆਗੂਆਂ ਤੇ ਕੇਂਦਰ ਸਰਕਾਰ ਨਾਲ ਹੋਣ ਜਾ ਰਹੀ ਮੀਟਿੰਗ ਦੌਰਾਨ ਇਸ ਅੰਦੋਲਨ ਦੀ ਜਿੱਤ ਲਈ ਕਾਮਨਾ ਕੀਤੀ ਹੈ।
ਕਿਸਾਨਾਂ ਨੇ ਕਾਲੇ ਝੰਡੇ ਲਹਿਰਾਏ
ਲੁਧਿਆਣਾ (ਸਤਵਿੰਦਰ ਬਸਰਾ): ਸਥਾਨਕ ਫਿਰੋਜ਼ਪੁਰ ਰੋਡ ’ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੇ 55ਵੇਂ ਦਿਨ ਨਵੇਂ ਸਾਲ ਦੀ ਆਮਦ ਮੌਕੇ ਰੋਸ ਵਜੋਂ ਕਾਲੇ ਝੰਡੇ ਲਹਿਰਾਏ ਗਏ। ਲੜੀਵਾਰ ਭੁੱਖ ਹੜਤਾਲ ਦੇ ਦਸਵੇਂ ਦਿਨ ਬਲਵਿੰਦਰ ਸਿੰਘ, ਪਰਮਜੀਤ ਸਿੰਘ, ਸੁਖਪਰੀਤ ਸਿੰਘ, ਮਨਜੀਤ ਸਿੰਘ ਅਤੇ ਬਲਵੀਰ ਸਿੰਘ ਆਦਿ ਆਗੂ ਭੁੱਖ ਹੜਤਾਲ ’ਤੇ ਬੈਠੇ। ਇਸ ਧਰਨੇ ਦੇ ਸੰਚਾਲਕ ਭਰਪੂਰ ਸਿੰਘ ਥਰੀਕੇ ਅਤੇ ਅਜੀਤ ਸਿੰਘ ਨੇ ਦੱਸਿਆ ਕਿ ਇਲਾਕਾ ਰਾਏਕੋਟ-ਮੁੱਲਾਂਪੁਰ ਖੇਤਰ ਵਿੱਚ ਬਾਪੂ ਮਲਕੀਤ ਸਿੰਘ ਸੂਬਾ ਕਮੇਟੀ ਮੈਂਬਰ, ਚਰਨ ਸਿੰਘ ਨੂਰਪੁਰਾ, ਗੁਰਪ੍ਰੀਤ ਸਿੰਘ ਨੂਰਪੁਰਾ ਮਨਜੀਤ ਸਿੰਘ ਬੁਢੇਲ, ਬਲਰਾਜ ਸਿੰਘ ਅਤੇ ਤੀਰਥ ਸਿੰਘ ਤਲਵੰਡੀ ਖੁਰਦ, ਸੁਖਪ੍ਰੀਤ ਸਿੰਘ, ਹਰਬੰਸ ਸਿੰਘ ਮਾਜਰੀ ਦੇ ਯਤਨਾ ਸਦਕਾ ਚੌਦਾਂ ਪਿੰਡਾਂ, ਮੁਹੱਲਿਆਂ ਵਿੱਚ ਮਾਰਚ ਕੀਤਾ ਗਿਆ। ਨਵੇਂ ਸਾਲ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਚਰਨ ਸਿੰਘ ਨੂਰਪੁਰਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ 2 ਜਨਵਰੀ ਨੂੰ ਟਿਕਰੀ ਬਾਰਡਰ ਤੋਂ ਹਰਿਆਣਾ ਦੇ ਪਿੰਡਾਂ ਵਿੱਚ ਟਰੈਕਟਰ ਮਾਰਚ ਕਰਦੇ ਹੋਏ ਸ਼ਾਹਜਾਂਪੁਰ ਠਹਿਰਾਅ ਕੀਤਾ ਜਾਵੇਗਾ ਅਤੇ ਹਰਿਆਣਾ-ਰਾਜਸਥਾਨ ਦੇ ਲੋਕਾਂ ਨੂੰ ਜਾਗਰੂਕ ਕਰਕੇ ਸੰਘਰਸ਼ ਦਾ ਘੇਰਾ ਵਿਸ਼ਾਲ ਕੀਤਾ ਜਾਵੇਗਾ। ਇਸ ਮੌਕੇ ਕਸਤੂਰੀ ਲਾਲ, ਬਲਕੌਰ ਸਿੰਘ, ਬਲਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।