ਨਵੀਂ ਦਿੱਲੀ, 7 ਮਾਰਚ
ਪੱਛਮੀ ਬੰਗਾਲ ਦੇ ਸਾਬਕਾ ਮੁੱਖ ਸਕੱਤਰ ਅਲੱਪਨ ਬੰਦੋਪਾਧਿਆਏ ਖ਼ਿਲਾਫ਼ ਚਲ ਰਹੇ ਮਾਮਲੇ ਦੀ ਕਾਰਵਾਈ ਸਬੰਧੀ ਅਰਜ਼ੀ ਕੋਲਕਾਤਾ ਤੋਂ ਨਵੀਂ ਦਿੱਲੀ ਤਬਦੀਲ ਕਰਨ ਦੇ ਕੇਂਦਰੀ ਪ੍ਰਸ਼ਾਸਕੀ ਟ੍ਰਿਬਿਊਨਲ (ਕੈਟ) ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਰੱਦ ਕਰ ਦਿੱਤੀ। ਚੀਫ ਜਸਟਿਸ ਡੀ ਐਨ ਪਟੇਲ ਅਤੇ ਜਸਟਿਸ ਜਯੋਤੀ ਸਿੰਘ ਦੀ ਬੈਂਚ ਨੇ ਕਿਹਾ ਕਿ ਅਰਜ਼ੀ ਤਬਦੀਲ ਕਰਨ ਦੇ ਫੈਸਲੇ ਵਿੱਚ ਦਖਲ ਦਾ ਕੋਈ ਉਚਿਤ ਕਾਰਨ ਦਿਖਾਈ ਨਹੀਂ ਦਿੰਦਾ। ਨਾਲ ਹੀ ਬੈਂਚ ਨੇ ਸਪਸ਼ਟ ਕੀਤਾ ਕਿ ਉਹ ਉਨ੍ਹਾਂ ਖ਼ਿਲਾਫ਼ ਕਾਰਵਾਈ ਦੇ ਗੁਣ-ਦੋਸ਼ ਸਬੰਧੀ ਕੋਈ ਰਾਇ ਜ਼ਾਹਰ ਨਹੀਂ ਕਰ ਰਹੀ ਹੈ। ਬੰਦੋਪਾਧਿਆਏ ਨੇ 28 ਮਈ 2021 ਨੂੰ ਕਲਾਈਕੁੰਡਾ ਹਵਾਈ ਅੱਡੇ ’ਤੇ ਚਕਰਵਰਤੀ ਤੂਫਾਨ ‘ਯਾਸ’ ਦੀ ਤਬਾਹੀ ’ਤੇ ਚਰਚਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣ ਦੇ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਕਾਰਵਾਈ ਨੂੰ ਚੁਣੌਤੀ ਦੇਣ ਲਈ ਕੈਟ ਦੀ ਕੋਲਕਾਤਾ ਬੈਂਚ ਦਾ ਬੂਹਾ ਖੜਕਾਇਆ ਸੀ। -ਏਜੰਸੀ