ਜੀ ਪਾਰਥਾਸਾਰਥੀ
ਜਦੋਂ ਅਮਰੀਕਾ ਵੱਲੋਂ ਅਫ਼ਗ਼ਾਨਿਸਤਾਨ ਤੋਂ ਫ਼ੌਜਾਂ ਦੀ ਵਾਪਸੀ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਪਿਛਾਂਹ ਮੁੜ ਕੇ ਉਨ੍ਹਾਂ ਹਾਲਾਤ ਉਤੇ ਨਜ਼ਰ ਮਾਰਨੀ ਜ਼ਰੂਰੀ ਹੈ ਜਿਨ੍ਹਾਂ ਕਾਰਨ ਅਮਰੀਕਾ ਨੂੰ ਅਫ਼ਗ਼ਾਨਿਸਤਾਨ ਵਿਚ ਫ਼ੌਜੀ ਕਾਰਵਾਈ ਕਰਨੀ ਪਈ ਸੀ। ਅਮਰੀਕਾ ਵਿਚ ਨਿਊ ਯਾਰਕ ਤੇ ਵਾਸ਼ਿੰਗਟਨ ਵਿਚ 11 ਸਤੰਬਰ, 2001 ਨੂੰ ਹੋਏ ਦਹਿਸ਼ਤੀ ਹਮਲਿਆਂ ਲਈ ਅਲ-ਕਾਇਦਾ ਜ਼ਿੰਮੇਵਾਰ ਸੀ ਜਿਸ ਦਾ ਮੁੱਖ ਆਧਾਰ ਅਫ਼ਗ਼ਾਨਿਸਤਾਨ ਵਿਚ ਹੈ। ਹਮਲੇ ਦੇ ਇਕ ਮਹੀਨੇ ਦੌਰਾਨ ਹੀ ਅਮਰੀਕਾ ਨੇ ਮੋੜਵਾਂ ਵਾਰ ਕਰਦਿਆਂ ਤਾਲਿਬਾਨ ਦੀ ਹਕੂਮਤ ਵਾਲੇ ਅਫ਼ਗ਼ਾਨਿਸਤਾਨ ਵਿਚ ਜ਼ੋਰਦਾਰ ਹਵਾਈ ਹਮਲੇ ਕੀਤੇ। ਤਾਲਿਬਾਨ ਦਾ ਆਗੂ ਮੁੱਲਾ ਉਮਰ, ਜਿਹੜਾ ਉਸਾਮਾ ਬਿਨ-ਲਾਦਿਨ ਨੂੰ ਪਨਾਹ ਤੇ ਸ਼ਹਿ ਦੇ ਰਿਹਾ ਸੀ, ਤੇ ਉਸ ਦੇ ਸਾਥੀ ਭੱਜ ਕੇ ਪਾਕਿਸਤਾਨ ਚਲੇ ਗਏ। ਇਸ ਫ਼ੌਜੀ ਟਕਰਾਅ ਨੂੰ ਹੁਣ 19 ਸਾਲ ਬੀਤ ਚੁੱਕੇ ਹਨ ਜਿਸ ਦੌਰਾਨ ਅੰਦਾਜ਼ਨ 1,11,000 ਅਫ਼ਗਾਨ ਤੇ 4092 ਅਮਰੀਕੀਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਇਸ ਤੇ ਅਮਰੀਕਾ ਦਾ ਹੋਇਆ ਮਾਲੀ ਨੁਕਸਾਨ 778 ਅਰਬ ਡਾਲਰ ਤੋਂ ਇਕ ਖਰਬ ਡਾਲਰ ਤੱਕ ਦੱਸਿਆ ਜਾਂਦਾ ਹੈ। ਇਸ ਜੰਗ ਵਿਚ ਪਾਕਿਸਤਾਨ ਨੂੰ ਹੈਰਾਨੀਜਨਕ ਢੰਗ ਨਾਲ ‘ਅਮਰੀਕਾ ਦਾ ਮੁੱਖ ਇਤਹਾਦੀ’ ਕਰਾਰ ਦਿੱਤਾ ਗਿਆ ਅਤੇ ਉਸ ਨੂੰ ਅਮਰੀਕਾ ਤੋਂ ਖੁਲ੍ਹ ਕੇ ਮਾਲੀ ਤੇ ਫ਼ੌਜੀ ਇਮਦਾਦ ਹਾਸਲ ਹੋਈ। ਪਾਕਿਸਤਾਨੀ ਫ਼ੌਜ ਤੇ ਹਵਾਈ ਫ਼ੌਜ ਵੱਲੋਂ ਇਸ ਇਮਦਾਦ ਦੀ ਵਰਤੋਂ ਆਪਣੇ ਹੀ ਪਖ਼ਤੂਨ ਭਾਈਚਾਰੇ ਖ਼ਿਲਾਫ਼, ਉਨ੍ਹਾਂ ਦੇ ਕਬਾਇਲੀ ਇਲਾਕਿਆਂ ਖ਼ਾਸਕਰ ਪਾਕਿਸਤਾਨ-ਅਫ਼ਗਾਨਿਸਤਾਨ ਸਰਹੱਦ ਨਾਲ ਲੱਗਦੇ ਉਤਰੀ ਵਜ਼ੀਰਿਸਤਾਨ ਵਿਚ ਕੀਤੀ ਗਈ।
ਅਮਰੀਕਾ ਦੇ ਸਾਬਕਾ ਸਦਰ ਬਰਾਕ ਓਬਾਮਾ ਨੇ ਆਪਣੀਆਂ ਯਾਦਾਂ ਤੇ ਆਧਾਰਿਤ ਕਿਤਾਬ ‘ਏ ਪਰੌਮਿਸਡ ਲੈਂਡ’ ਵਿਚ 1 ਤੇ 2 ਮਈ, 2012 ਦੇ ਆਪਣੇ ਅਫ਼ਗਾਨ ਦੌਰੇ ਵੇਲ਼ੇ ਦੇ ਹਾਲਾਤ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਲਿਖਿਆ ਹੈ ਕਿ ਉਨ੍ਹਾਂ ਨੂੰ ਸੀਆਈਏ ਦੇ ਇਕ ਸਾਬਕਾ ਅਫ਼ਸਰ ਨੇ ਦੱਸਿਆ ਸੀ ਕਿ ਪਾਕਿਸਤਾਨੀ ਫ਼ੌਜ ਤੇ ਆਈਐਸਆਈ, ਨਾ ਸਿਰਫ਼: “ਪਾਕਿਸਤਾਨ-ਅਫ਼ਗ਼ਾਨਿਸਤਾਨ ਸਰਹੱਦ ਨੇੜੇ ਕੋਇਟਾ ਵਿਖੇ ਤਾਲਿਬਾਨ ਲੀਡਰਸ਼ਿਪ ਨੂੰ (ਲੁਕ ਕੇ) ਰਹਿਣ ਵਿਚ ਸਹਿਯੋਗ ਦੇ ਰਹੀ ਸੀ, ਸਗੋਂ ਚੁੱਪ-ਚੁਪੀਤੇ ਤਾਲਿਬਾਨ ਦੀ ਮਦਦ ਵੀ ਕਰ ਰਹੀ ਸੀ ਤਾਂ ਕਿ ਅਫ਼ਗ਼ਾਨ ਸਰਕਾਰ ਕਮਜ਼ੋਰ ਬਣੀ ਰਹੇ ਤੇ ਨਾਲ ਹੀ ਪਾਕਿਸਤਾਨ ਦੇ ਪੁਰਾਣੇ ਵਿਰੋਧੀ ਭਾਰਤ ਦਾ ਪ੍ਰਭਾਵ ਵੀ ਅਫ਼ਗ਼ਾਨਿਸਤਾਨ ਵਿਚ ਸੀਮਤ ਰੱਖਿਆ ਜਾ ਸਕੇ।” ਓਬਾਮਾ ਹੋਰ ਲਿਖਦੇ ਹਨ: “ਅਮਰੀਕਾ ਸਰਕਾਰ ਨੇ ਬੜਾ ਚਿਰ ਆਪਣੇ ਇਸ ਅਖੌਤੀ ਇਤਹਾਦੀ ਦੇ ਅਜਿਹੇ ਰਵੱਈਏ ਤੇ ਦੋਹਰੇ ਕਿਰਦਾਰ ਨੂੰ ਝੱਲਿਆ। ਇਸ ਦੀ ਹਿੰਸਕ ਇੰਤਹਾਪਸੰਦਾਂ ਨਾਲ ਕਰੀਬੀ ਦੇ ਬਾਵਜੂਦ ਅਤੇ ਇਹ ਜਾਣਦਿਆਂ ਵੀ ਕਿ ਇਹ ਪਰਮਾਣੂ ਹਥਿਆਰਾਂ ਦਾ ਪਸਾਰ ਕਰਨ ਵਾਲਾ ਵੱਡਾ ਤੇ ਗ਼ੈਰ ਜ਼ਿੰਮੇਵਾਰ ਮੁਲਕ ਹੈ, ਇਸ ਨੂੰ ਅਰਬਾਂ ਡਾਲਰਾਂ ਦੀ ਮਾਲੀ ਤੇ ਫ਼ੌਜੀ ਇਮਦਾਦ ਦਿੱਤੀ, ਜਿਸ ਤੋਂ ਅਮਰੀਕੀ ਵਿਦੇਸ਼ ਨੀਤੀ ਦੀਆਂ ਖ਼ਾਮੀਆਂ ਦਾ ਪਤਾ ਲੱਗਦਾ ਹੈ।” ਪਾਕਿਸਤਾਨ ਦੇ ਇਸ ਦੋਹਰੇ ਕਿਰਦਾਰ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਓਬਾਮਾ ਉਦੋਂ ਵੀ ਬਚਾਅ ਵਾਲੀ ਹਾਲਤ ਵਿਚ ਦਿਖਾਈ ਦਿੰਦੇ ਹਨ, ਜਦੋਂ ਉਨ੍ਹਾਂ ਪਾਕਿਸਤਾਨ ਦੇ ਐਬਟਾਬਾਦ ਵਿਚ ਅਮਰੀਕੀ ਫ਼ੌਜ ਵੱਲੋਂ ਛਾਪਾਮਾਰ ਕਾਰਵਾਈ ਵਿਚ ਉਸਾਮਾ ਬਿਨ-ਲਾਦਿਨ ਨੂੰ ਮਾਰ ਮੁਕਾਏ ਜਾਣ ਬਾਰੇ ਪਾਕਿਸਤਾਨ ਦੇ ਮੌਕੇ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੂੰ ਰਸਮੀ ਤੌਰ ਤੇ ਜਾਣਕਾਰੀ ਦੇਣ ਲਈ ਫੋਨ ਕੀਤਾ। ਕਿਉਂਕਿ ਜਾਪਦਾ ਨਹੀਂ ਕਿ ਓਬਾਮਾ ਨੇ ਦਹਿਸ਼ਤਗਰਦਾਂ ਦੇ ਇਸ ਸਰਗਣੇ ਨੂੰ ਪਾਕਿਸਤਾਨ ਵਿਚ ਪਨਾਹ ਦੇਣ ਲਈ ਜ਼ਰਦਾਰੀ ਕੋਲ ਰੋਸ ਜ਼ਾਹਰ ਕੀਤਾ ਹੋਵੇਗਾ। ਉਸਾਮਾ ਨੂੰ ਅਜਿਹਾ ਸੁਰੱਖਿਅਤ ਟਿਕਾਣਾ ਰਾਜਧਾਨੀ ਇਸਲਾਮਾਬਾਦ ਦੇ ਐਨ ਕਰੀਬ ਫ਼ੌਜੀ ਛਾਉਣੀ ਵਾਲੇ ਇਲਾਕੇ ਵਿਚ ਮੁਹੱਈਆ ਕਰਵਾਇਆ ਗਿਆ ਸੀ ਜਿਥੇ ਪਾਕਿਸਤਾਨੀ ਡਿਫੈਂਸ ਅਕੈਡਮੀ ਦੀ ਸਥਿਤ ਹੈ!
ਪਾਕਿਸਤਾਨ ਹੁਣ ਬੜੀ ਅਜਬ ਹਾਲਤ ਵਿਚ ਹੈ। ਉਥੇ ਮੁਲਕ ਦੀ ਹਕੂਮਤ ਤੇ ਹਾਵੀ ਬਹੁਗਿਣਤੀ ਪੰਜਾਬੀਆਂ ਨੂੰ ਖ਼ਾਸਕਰ ਬਲੋਚਿਸਤਾਨ ਵਿਚ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਵਿਰੋਧ ਤੇ ਬਗ਼ਾਵਤ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਾਮਯਾਬ ਨਹੀਂ ਹੋ ਸਕੀਆਂ; ਸਗੋਂ ਪਿਛਲੇ ਕੁਝ ਦਹਾਕਿਆਂ ਤੋਂ ਪਠਾਣਾਂ ਦੀ ਬਹੁਗਿਣਤੀ ਵਾਲੇ ਖ਼ੈਬਰ ਪਖ਼ਤੂਨਖ਼ਵਾ ਵਿਚ ਵੀ ਵਿਰੋਧ ਦੀਆਂ ਆਵਾਜ਼ਾਂ ਉੱਠ ਰਹੀਆਂ ਹਨ, ਹਾਲਾਂਕਿ ਪਖ਼ਤੂਨਾਂ ਦੀ ਪਾਕਿਸਤਾਨੀ ਫ਼ੌਜ ਵਿਚ ਵਧੀਆ ਨੁਮਾਇੰਦਗੀ ਹੈ। ਪਿਸ਼ਾਵਰ ਦੇ ਆਰਮੀ ਪਬਲਿਕ ਸਕੂਲ ਵਿਚ 16 ਦਸੰਬਰ, 2014 ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ 6 ਬੰਦੂਕਧਾਰੀਆਂ ਨੇ ਭਿਆਨਕ ਦਹਿਸ਼ਤੀ ਹਮਲਾ ਕੀਤਾ ਸੀ। ਇਸ ਹਮਲੇ ਵਿਚ ਸ਼ਾਮਲ ਸਾਰੇ ਦਹਿਸ਼ਤਗਰਦ ਵਿਦੇਸ਼ੀ (ਤਿੰਨ ਅਰਬ, ਦੋ ਅਫ਼ਗ਼ਾਨ ਤੇ ਇਕ ਚੇਚਨ) ਸਨ। ਇਨ੍ਹਾਂ ਸਕੂਲ ਵਿਚ ਦਾਖ਼ਲ ਹੋ ਕੇ 149 ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮਾਰ ਮੁਕਾਇਆ ਸੀ ਜਿਨ੍ਹਾਂ ਵਿਚੋਂ 8 ਤੋਂ 18 ਸਾਲ ਦੇ 132 ਵਿਦਿਆਰਥੀ ਸ਼ਾਮਲ ਸਨ। ਇਸ ਦੇ ਜਵਾਬ ਵਿਚ ਪਾਕਿਸਤਾਨੀ ਫ਼ੌਜ ਦੇ ਮੌਕੇ ਦੇ ਮੁਖੀ ਜਨਰਲ ਰਹੀਲ ਸ਼ਰੀਫ਼ ਨੇ ਸਖ਼ਤ ਕਾਰਵਾਈ ਕਰਦਿਆਂ ਉੱਤਰ ਵਜ਼ੀਰਿਸਤਾਨ ਦੇ ਕਬਾਇਲੀ ਇਲਾਕਿਆਂ ਵਿਚ ਜ਼ੋਰਦਾਰ ਫ਼ੌਜੀ ਹਮਲੇ ਕਰਵਾਏ ਸਨ, ਜਿਨ੍ਹਾਂ ਵਿਚ ਪਾਕਿਸਤਾਨੀ ਹਵਾਈ ਫ਼ੌਜ ਵੱਲੋਂ ਹਵਾਈ ਬੰਬਾਰੀ ਵੀ ਕੀਤੀ ਗਈ।
ਹਮਲਿਆਂ ਦਾ ਸ਼ਿਕਾਰ ਹੋਏ ਟਿਕਾਣਿਆਂ ਬਾਰੇ ਖ਼ਬਰਾਂ ਨਸ਼ਰ ਕਰਦਿਆਂ ਚੈਨਲ ‘ਅਲ ਜਜ਼ੀਰਾ’ ਨੇ ਦੱਸਿਆ ਕਿ ਇਸ ਕਾਰਵਾਈ ਕਾਰਨ ਕਰੀਬ 10 ਲੱਖ ਲੋਕਾਂ ਨੂੰ ਘਰ-ਬਾਰ ਛੱਡ ਕੇ ਉੱਜੜਨਾ ਪਿਆ। ਪਾਕਿਸਤਾਨ ਹਕੂਮਤ ਨੇ ਕਾਰਵਾਈ ਨੂੰ ਅਲ-ਕਾਇਦਾ, ਤਾਲਿਬਾਨ ਅਤੇ ਇਸਲਾਮਿਕ ਮੂਵਮੈਂਟ ਆਫ਼ ਉਜ਼ਬੇਕਿਸਤਾਨ ਦੇ ਪਾਕਿਸਤਾਨ ਵਿਚੋਂ ਖ਼ਾਤਮੇ ਲਈ ‘ਆਖ਼ਰੀ ਹੱਲਾ’ ਕਰਾਰ ਦਿੱਤਾ ਸੀ। ਇਹ ਦਹਿਸ਼ਤੀ ਜਥੇਬੰਦੀਆਂ ਬੀਤੇ 14 ਸਾਲਾਂ ਤੋਂ ਵਜ਼ੀਰਿਸਤਾਨ ਵਿਚ ਵਧ ਫੁੱਲ ਰਹੀਆਂ ਸਨ। ਘਰੋਂ ਬੇਘਰ ਹੋਏ ਵਜ਼ੀਰਿਸਤਾਨ ਦੇ ਲੋਕਾਂ ਦੀ ਘਰ ਵਾਪਸੀ ਦੀਆਂ ਸੰਭਾਵਨਾਵਾਂ ਨੇੜ ਭਵਿੱਖ ਵਿਚ ਵੀ ਦਿਖਾਈ ਨਹੀਂ ਦਿੰਦੀਆਂ। ਇਨ੍ਹਾਂ ਲੋਕਾਂ ਦੇ ਹਜ਼ਾਰਾਂ ਘਰਾਂ ਨੂੰ ਹਵਾਈ ਹਮਲਿਆਂ ਵਿਚ ਹੀ ਨਹੀਂ ਢਾਹ ਦਿੱਤਾ ਗਿਆ ਸਗੋਂ ਬੁਲਡੋਜ਼ਰਾਂ ਰਾਹੀਂ ਮਲੀਆਮੇਟ ਕਰ ਦਿੱਤਾ ਗਿਆ। ਇਨ੍ਹਾਂ ਨੂੰ ਫੈਡਰਲ (ਕੇਂਦਰੀ) ਸਰਕਾਰ ਤੋਂ ਮਿਲਣ ਵਾਲੀ ਮਾਲੀ ਇਮਦਾਦ ਬੰਦ ਕਰ ਦਿੱਤੀ ਗਈ ਹੈ ਅਤੇ ਸਲਾਮਤੀ ਦਸਤਿਆਂ ਵੱਲੋਂ ਲੋਕਾਂ ਨੂੰ ਇਹ ਲਿਖਤੀ ਭਰੋਸਾ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ ਇਲਾਕੇ ਵਿਚ ਦਹਿਸ਼ਤਗਰਦਾਂ ਨੂੰ ਨਹੀਂ ਵੜਨ ਦੇਣਗੇ। ਪਾਕਿਸਤਾਨੀ ਫ਼ੌਜ ਨੇ ਗੁਆਂਢੀ ਦੱਖਣੀ ਵਜ਼ੀਰਿਸਤਾਨ ਵਿਚ ਵੀ 2009 ਦੌਰਾਨ ਅਜਿਹੀ ਹੀ ਬੇਰਹਿਮੀ ਭਰੀ ਕਾਰਵਾਈ ਕੀਤੀ ਸੀ। ਉਦੋਂ ਵੀ ਹਜ਼ਾਰਾਂ ਲੋਕਾਂ ਨੂੰ ਬੇਘਰ ਹੋਣਾ ਪਿਆ ਸੀ ਜਿਨ੍ਹਾਂ ਵਿਚੋਂ ਬਹੁਤੇ ਮੁੜ ਘਰੀਂ ਨਹੀਂ ਪਰਤ ਸਕੇ। ਇੰਨਾ ਹੀ ਨਹੀਂ ਆਈਐੱਸਆਈ ਵੱਲੋਂ ਆਪਣੇ ਪਾਲ਼ੇ ਹੋਏ ਹੱਕਾਨੀ ਤਾਲਿਬਾਨ ਨੈਟਵਰਕ ਰਾਹੀਂ ਸਰਹੱਦ ਪਾਰ ਅਫ਼ਗਾਨ ਫ਼ੌਜਾਂ ਉਤੇ ਹਮਲੇ ਵੀ ਕਰਵਾਏ ਜਾਂਦੇ ਹਨ। ਪਖ਼ਤੂਨ ਹੁਣ ਆਪਣੀਆਂ ਪ੍ਰੇਸ਼ਾਨੀਆਂ ਦੇ ਖ਼ਾਤਮੇ ਲਈ ਪਖ਼ਤੂਨ ਤਹੱਫ਼ੁਜ਼ ਮੂਵਮੈਂਟ (ਪੀਟੀਐੱਮ) ਦੇ ਝੰਡੇ ਹੇਠ ਲਾਮਬੰਦ ਹੋ ਰਹੇ ਹਨ, ਤਾਂ ਕਿ ਉਹ ਆਪਣੇ ਜਮਹੂਰੀ ਹੱਕਾਂ ਲਈ ਪੁਰਅਮਨ ਸੰਘਰਸ਼ ਵਿੱਢ ਸਕਣ ਜਿਸ ਤੋਂ ਉਨ੍ਹਾਂ ਦੇ ਮਹਾਨ ਆਗੂ ਖ਼ਾਨ ਅਬਦੁਲ ਗੱਫ਼ਾਰ ਖ਼ਾਨ ਦੇ ਸੰਘਰਸ਼ ਦਾ ਚੇਤਾ ਆ ਜਾਂਦਾ ਹੈ।
ਤਾਲਿਬਾਨ ਦਾ ਹੁਣ ਅਫ਼ਗ਼ਾਨਿਸਤਾਨ ਦੇ ਬੜੇ ਵੱਡੇ ਹਿੱਸੇ ਉਤੇ ਕਬਜ਼ਾ ਹੈ ਜਿਥੋਂ ਉਹ ਰਾਜਧਾਨੀ ਕਾਬੁਲ ਉਤੇ ਵੀ ਲਗਾਤਾਰ ਹਮਲੇ ਕਰਦੇ ਹਨ। ਅਮਰੀਕਾ ਦੇ ਅਹੁਦਾ ਛੱਡ ਰਹੇ ਸਦਰ ਡੋਨਲਡ ਟਰੰਪ ਅਫ਼ਗ਼ਾਨਿਸਤਾਨ ਵਿਚੋਂ ਅਮਰੀਕੀ ਫ਼ੌਜ ਦੀ ਨਫ਼ਰੀ 4500 ਤੋਂ ਘਟਾ ਕੇ 2500 ਕਰਨ ਲਈ ਦ੍ਰਿੜ੍ਹ ਸਨ ਪਰ ਤਾਲਿਬਾਨ ਦੀ ਜੰਗਬੰਦੀ ਸਮਝੌਤਾ ਕਰਨ ਵਿਚ ਕੋਈ ਦਿਲਚਸਪੀ ਨਹੀਂ ਹੈ, ਜਦੋਂਕਿ ਅਮਰੀਕਾ ਬੜੀ ਬੇਸਬਰੀ ਨਾਲ ਅਜਿਹੇ ਸਮਝੌਤੇ ਦਾ ਚਾਹਵਾਨ ਹੈ। ਦੂਜੇ ਪਾਸੇ ਅਫ਼ਗਾਨ ਹਕੂਮਤ ਵੀ ਰਾਸ਼ਟਰਪਤੀ ਅਸ਼ਰਫ਼ ਗ਼ਨੀ ਦੇ ਸਾਬਕਾ ਡਿਪਟੀ ਅਬਦੁੱਲਾ ਅਬਦੁੱਲਾ ਨੂੰ ਉਨ੍ਹਾਂ ਦੇ ਪਾਕਿਸਤਾਨ ਤੇ ਭਾਰਤ ਦੌਰੇ ਤੋਂ ਬਾਅਦ ਦੋਹਾ ਵਿਚ ਤਾਲਿਬਾਨ ਨਾਲ ਗੱਲਬਾਤ ਲਈ ਨਾਮਜ਼ਦ ਕੀਤੇ ਜਾਣ ਕਾਰਨ ਬੁਰੀ ਤਰ੍ਹਾਂ ਵੰਡੀ ਹੋਈ ਹੈ। ਉੱਧਰ ਪਾਕਿਸਤਾਨ ਪਹਿਲਾਂ ਵਾਂਗ ਹੀ ਦੋਗਲੀ ਨੀਤੀ ‘ਤੇ ਚੱਲ ਰਿਹਾ ਹੈ। ਆਈਐੱਸਆਈ ਉਂਜ ਦਿਖਾਵਾ ਕਰ ਰਹੀ ਹੈ ਕਿ ਉਹ ਅਫ਼ਗ਼ਾਨਿਸਤਾਨ ਵਿਚ ਅਮਨ ਬਹਾਲੀ ਲਈ ਤਾਲਿਬਾਨ ਉਤੇ ਆਪਣੇ ਪ੍ਰਭਾਵ ਦਾ ਇਸਤੇਮਾਲ ਕਰ ਰਹੀ ਹੈ ਪਰ ਅਸਲ ਵਿਚ ਇਹ ਤਾਲਿਬਾਨ ਨੂੰ ਉਕਸਾ ਰਹੀ ਹੈ, ਕਿ ਇਹ ਅਫ਼ਗ਼ਾਨਿਸਤਾਨ ਦੇ ਵੱਧ ਤੋਂ ਵੱਧ ਇਲਾਕੇ ਉਤੇ ਕਬਜ਼ਾ ਜਮਾ ਲਵੇ, ਜਿਵੇਂ ਚੀਨ ਵੱਲੋਂ ਭਾਰਤੀ ਸਰਹੱਦ ਉਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸ ਹਾਲਾਤ ਵਿਚ ਇਸ ਗੱਲ ਦੀ ਲੋੜ ਹੈ ਕਿ ਉਹ ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਨਾਲ ਸਿੱਝਣ ਲਈ ਇਸ ਦੇ ਟਿਕਾਣਿਆਂ ਉਤੇ ਜ਼ੋਰਦਾਰ ਹਵਾਈ ਹਮਲੇ ਕਰੇ।
ਇਹ ਚੇਤੇ ਰੱਖਣਾ ਜ਼ਰੂਰੀ ਹੈ ਕਿ ਅਫ਼ਗ਼ਾਨਿਸਤਾਨ ਦੇ ਬਹੁਤੇ ਪਖ਼ਤੂਨ ਵੀ ਤਾਲਿਬਾਨ ਨੂੰ ਪਸੰਦ ਨਹੀਂ ਕਰਦੇ, ਕਿਉਂਕਿ ਉਹ ਇਸ ਦੀ ਮੱਧਯੁਗੀ ਇੰਤਹਾਪਸੰਦੀ ਅਤੇ ਇਸ ਨੂੰ ਕੰਟਰੋਲ ਕਰਨ ਵਾਲੀ ਆਈਐੱਸਆਈ ਨੂੰ ਨਫ਼ਰਤ ਕਰਦੇ ਹਨ। ਅਫ਼ਗ਼ਾਨਿਸਤਾਨ ਦੀ 58 ਫ਼ੀਸਦੀ ਗ਼ੈਰ-ਪਖ਼ਤੂਨ ਆਬਾਦੀ ਵਿਚ ਤਾਜਿਕ, ਹਜ਼ਾਰਾ, ਉਜ਼ਬੇਕ, ਤੁਰਕਮਿਨ, ਬਲੋਚ ਤੇ ਹੋਰ ਭਾਈਚਾਰੇ ਸ਼ਾਮਲ ਹਨ ਜਿਨ੍ਹਾਂ ਨੇ ਅਮਰੀਕਾ ਵੱਲੋਂ ਲੜਾਈ ਵਿਚ ਸ਼ਾਮਲ ਹੋਣ ਤੋਂ ਪਹਿਲਾਂ ‘ਨੌਰਦਰਨ ਅਲਾਇੰਸ’ ਦੇ ਝੰਡੇ ਤਹਿਤ ਤਾਲਿਬਾਨ ਨਾਲ ਲੜਾਈ ਲੜੀ ਸੀ। ਅਮਰੀਕਾ ਨੂੰ ਇਸ ਗੱਲ ਲਈ ਰਾਜ਼ੀ ਕੀਤੇ ਜਾਣ ਦੀ ਲੋੜ ਹੈ ਕਿ ਅਫ਼ਗ਼ਾਨਿਸਤਾਨ ਦੇ ਸਾਰੇ ਨਸਲੀ ਭਾਈਚਾਰਿਆਂ ਦੀ ਇਕਮੁੱਠਤਾ ਰਾਹੀਂ ਤਾਲਿਬਾਨ ਤੇ ਪਾਕਿਸਤਾਨੀ ਫ਼ੌਜ ਦੇ ਗੱਠਜੋੜ ਦਾ ਟਾਕਰਾ ਕੀਤਾ ਜਾਵੇ। ਅਫ਼ਗ਼ਾਨਿਸਤਾਨ ਹਕੂਮਤ ਤੋਂ ਇਲਾਵਾ ਵੀ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਅਤੇ ਅਬਦੁੱਲਾ ਅਬਦੁੱਲਾ ਵਰਗੇ ਅਜਿਹੇ ਆਗੂ ਹਨ ਜਿਹੜੇ ਤਾਲਿਬਾਨ ਤੇ ਪਾਕਿਸਤਾਨੀ ਫ਼ੌਜ ਦੇ ਗੱਠਜੋੜ ਖ਼ਿਲਾਫ਼ ਵੱਖੋ-ਵੱਖ ਭਾਈਚਾਰਿਆਂ ਦਾ ਮੁਹਾਜ਼ ਕਾਇਮ ਕਰਨ ਲਈ ‘ਪੁਲ’ ਦਾ ਕੰਮ ਕਰ ਸਕਦੇ ਹਨ। ਅਫ਼ਗਾਨ ਲੋਕ ਹਰਗਿਜ਼ ਨਹੀਂ ਚਾਹੁੰਦੇ ਕਿ ਉਨ੍ਹਾਂ ਉਤੇ ਤਾਲਿਬਾਨ ਹਕੂਮਤ ਕਰਨ। ਪਖ਼ਤੂਨਾਂ ਦੀ ਬੜੀ ਵੱਡੀ ਆਬਾਦੀ ਦਾ ਖ਼ਿਆਲ ਹੈ ਕਿ ਭਾਰਤ ਵਿਚ ਬਰਤਾਨਵੀ ਬਸਤੀਵਾਦੀ ਹਕੂਮਤ ਦੌਰਾਨ ਸਰਹੱਦ ਵਜੋਂ ਡਿਊੁਰੰਡ ਲਕੀਰ ਉਨ੍ਹਾਂ ਉਤੇ ਜਬਰੀ ਠੋਸੀ ਗਈ ਸੀ। ਲੇਖਕ ਨੂੰ ਚੇਤੇ ਹੈ, ਕਿ ਉਸ ਨੂੰ ਇਕ ਪਖ਼ਤੂਨ ਦੋਸਤ ਨੇ ਦੱਸਿਆ ਸੀ ਕਿ ਅਫ਼ਗ਼ਾਨਿਸਤਾਨ ਦੀ ਅਸਲ ਰਵਾਇਤੀ ਸਰਹੱਦ ਮੌਜੂਦਾ ਡਿਊਰੰਡ ਲਕੀਰ ਉਤੇ ਨਹੀਂ ਸੀ, ਸਗੋਂ ਇਹ ਉਥੋਂ ਤੱਕ ਸੀ, ਜਿਥੇ ਅਟਕ ਸ਼ਹਿਰ ਲਾਗੇ ਸਿੰਧੂ ਦਰਿਆ ਵਗਦਾ ਹੈ।
*ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।