ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਦਸੰਬਰ
ਹਲਕਾ ਸਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦਿੱਲੀ ਦੇ ਸਿੰਘੂ ਬਾਰਡਰ ’ਤੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਲੋੜਵੰਦ ਸਮੱਗਰੀ ਵੰਡੀ। ਇਸ ਸਮੇਂ ਵਿਧਾਇਕ ਚੰਦੂਮਾਜਰਾ ਨੇ ਦੱਸਿਆ ਕਿ ਕੜਾਕੇ ਦੀ ਠੰਢ ਵਿੱਚ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਲਈ ਵਾਟਰ ਪਰੂਫ ਟੈਂਟ, ਕੰਬਲ, ਜ਼ਰਾਬਾਂ, ਮਫ਼ਲਰ ਆਦਿ ਜ਼ਰੂਰੀ ਸਾਮਾਨ ਭੇਜਿਆ ਗਿਆ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਕਿਸਾਨ ਸੰਘਰਸ਼ ਦੀ ਜਿੱਤ ਯਕੀਨੀ ਹੋਵੇਗੀ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਸਮੁੱਚੇ ਦੇਸ਼ ’ਚੋਂ ਮਿਲ ਰਹੇ ਭਰਵੇਂ ਹੁੰਗਾਰੇ ਨੇ ਕਿਸਾਨਾਂ ਦੇ ਹੌਸਲੇ ਹੋਰ ਬੁਲੰਦ ਕੀਤੇ ਹਨ। ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹਲਕਾ ਸਨੌਰ ਦੇ ਲੋਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਵਿਧਾਇਕ ਚੰਦੂਮਾਜਰਾ ਦੀ ਕਿਸਾਨ ਸ਼ੰਘਰਸ ’ਚ ਸਮੱਗਰੀ ਭੇਜਣ ਵਿੱਚ ਸਹਿਯੋਗ ਦਿੱਤਾ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਸੀਨੀਅਰ ਪ੍ਰਧਾਨ ਡਾ. ਜੋਗਾ ਸਿੰਘ ਵਿਰਕ, ਜਨਰਲ ਸਕੱਤਰ ਡਾ. ਸੁਖਦੇਵ ਸਿਰਸਾ, ਮੀਤ ਪ੍ਰਧਾਨ ਸੁਰਿੰਦਰਪ੍ਰੀਤ ਘਣੀਆ, ਸਕੱਤਰ ਨੀਤੂ ਅਰੋੜਾ, ਇਪਟਾ ਪੰਜਾਬ ਦੇ ਪ੍ਰਧਾਨ ਮਨਜੀਤ ਰੂਪੋਵਾਲੀ, ਜਨਰਲ ਸਕੱਤਰ ਸੰਜੀਵਨ ਸਿੰਘ ਆਦਿ ਸਿੰਘੂ ਬਾਰਡਰ ਦੀ ਸਟੇਜ ਦੇ ਉੱਪਰ ਪਹੁੰਚ ਚੁੱਕੇ ਹਨ।
ਸਾਬਕਾ ਪਹਿਲਵਾਨ ਕਰਤਾਰ ਸਿੰਘ ਜਲੰਧਰ ਤੋਂ ਆਪਣੇ ਨਾਲ ਲਿਆਂਦੀਆਂ ਸਾਹਿਤ ਕਿਤਾਬਾਂ ਵੀ ਸਿੰਘੂ ’ਚ ਵੰਡ ਕੇ ਗਏ।