ਮੁਕੇਸ਼ ਕੁਮਾਰ
ਚੰਡੀਗੜ੍ਹ, 30 ਦਸੰਬਰ
ਚੰਡੀਗੜ੍ਹ ਹਾਊਸਿੰਗ ਬੋਰਡ ਦੇ ਫਲੈਟਾਂ ਵਿੱਚ ਅਲਾਟੀਆਂ ਵੱਲੋਂ ਜ਼ਰੂਰਤ ਅਨੁਸਾਰ ਕੀਤੀਆਂ ਗਈ ਵਾਧੂ ਉਸਾਰੀਆਂ ਤੇ ਹੋਰ ਤਬਦੀਲੀਆਂ ਨੂੰ ਰੈਗੂਲਰ ਕਰਵਾਉਣ ਲਈ ਪਿਛਲੇ ਲਗਪਗ 25 ਸਾਲਾਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਜਿਸ ਨੂੰ ਅੱਗੇ ਤੋਰਦਿਆਂ ਚੰਡੀਗੜ੍ਹ ਹਾਊਸਿੰਗ ਬੋਰਡ ਰੈਜ਼ੀਡੈਂਟਸ ਵੈੱਲਫੇਅਰ ਫੈੱਡਰੇਸ਼ਨ ਵੱਲੋਂ ਪਿਛਲੇ ਸਮੇਂ ਛੇੜੀ ਗਈ ਮੁਹਿੰਮ ਦੌਰਾਨ ਹਾਊਸਿੰਗ ਬੋਰਡ ਦੇ ਫਲੈਟਾਂ ਦੇ ਅਲਾਟੀਆਂ ਵੱਲੋਂ ਆਪਣੇ ਫਲੈਟਾਂ ਵਿੱਚ ਜ਼ਰੂਰਤ ਅਨੁਸਾਰ ਕੀਤੀਆਂ ਗਈਆਂ ਉਸਾਰੀਆਂ ਤੇ ਹੋਰ ਤਬਦੀਲੀਆਂ ਨੂੰ ਇੱਕ ਮੁਸ਼ਤ ਜਾਇਜ਼ ਫ਼ੀਸ ਵਸੂਲ ਕੇ ਰੈਗੂਲਰ ਕਰਨ ਦੀ ਮੰਗ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀਆਂ ਲਿਖਵਾਈਆਂ ਗਈਆਂ ਸਨ।
ਇਸ ਮੁਹਿੰਮ ਦੌਰਾਨ ਦਸ ਹਜਾਰ ਤੋਂ ਵੱਧ ਅਲਾਟੀਆਂ ਨੇ ਇਹ ਚਿੱਠੀਆਂ ਲਿਖੀਆਂ ਹਨ। ਫੈੱਡਰੇਸ਼ਨ ਦੇ ਅਹੁਦੇਦਾਰਾਂ ਨੇ ਇਸ ਬਾਰੇ ਚੰਡੀਗੜ੍ਹ ਪ੍ਰਸ਼ਾਸਕ ਤੋਂ ਸਮਾਂ ਮੰਗਿਆ ਗਿਆ ਹੈ ਅਤੇ ਸਮਾਂ ਮਿਲਦਿਆਂ ਫੈੱਡਰੇਸ਼ਨ ਵੱਲੋਂ ਇਹ ਚਿੱਠੀਆਂ ਦੇ ਬੰਡਲ ਪ੍ਰਸ਼ਾਸਕ ਦੇ ਸਪੁਰਦ ਕਰ ਦਿੱਤੇ ਜਾਣਗੇ। ਫੈੱਡਰੇਸ਼ਨ ਦੇ ਸਰਪ੍ਰਸਤ ਪ੍ਰੋਫੈਸਰ ਨਿਰਮਲ ਦੱਤ ਨੇ ਦੱਸਿਆ ਕਿ ਨੇ ਕਿਹਾ ਕਿ ਚੰਡੀਗੜ੍ਹ ਬੋਰਡ ਵੱਲੋਂ ਅਲਾਟੀਆਂ ਵੱਲੋਂ ਆਪਣੇ ਫਲੈਟਾਂ ਵਿੱਚ ਕੀਤੀਆਂ ਗਈਆਂ ਉਸਾਰੀਆਂ ਤੇ ਹੋਰ ਤਬਦੀਲੀਆਂ ਨੂੰ ਗੈਰਕਾਨੂੰਨੀ ਦੱਸ ਕੇ ਕੈਂਸਲੇਸ਼ਨ ਦੇ ਨੋਟਿਸ ਭੇਜੇ ਜਾ ਰਹੇ ਹਨ ਅਤੇ ਗੈਰਕਾਨੂੰਨੀ ਉਸਾਰੀਆਂ ਦੇ ਨਾਂ ’ਤੇ ਫਲੈਟਾਂ ਵਿੱਚ ਵਿੱਚ ਤੋੜ ਫੋੜ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਬੋਰਡ ਵੱਲੋਂ ਫਲੈਟਾਂ ਦੇ ਅਲਾਟੀਆਂ ਨੂੰ ਗੈਰਕਾਨੂੰਨੀ ਉਸਾਰੀਆਂ ਦੇ ਨਾਂ ਹੇਠ ਭੇਜੇ ਗਏ ਨੋਟਿਸ ਰੱਦ ਕੀਤੇ ਜਾਣ।
ਇਸੇ ਦੌਰਾਨ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਫਲੈਟਾਂ ਵਿੱਚ ਅਲਾਟੀਆਂ ਵੱਲੋਂ ਜ਼ਰੂਰਤ ਅਨੁਸਾਰ ਕੀਤੀਆਂ ਗਈਆਂ ਉਸਾਰੀਆਂ ਤੇ ਹੋਰ ਤਬਦੀਲੀਆਂ ਨੂੰ ਰੈਗੂਲਰ ਕਰਵਾਉਣ ਲਈ ਹਾਊਸਿੰਗ ਬੋਰਡ ਮਕਾਨਾਂ ਦੇ ਅਲਾਟੀਆਂ ਵੱਲੋਂ ਬਣਾਈ ਸੰਸਥਾ ‘ਮਕਾਨ ਬਚਾਓ ਸਮਿਤੀ’ ਦੇ ਅਹੁਦੇਦਾਰਾਂ ਦੇ ਵਫ਼ਦ ਵੱਲੋਂ ਅੱਜ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨਾਲ ਮੁਲਾਕਾਤ ਕੀਤੀ ਗਈ। ਸਮਿਤੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਅਤੇ ਹੋਰ ਮੈਂਬਰਾਂ ਨੇ ਸ੍ਰੀ ਸੂਦ ਨੂੰ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਮਕਾਨਾਂ ਦੇ ਨਿਵਾਸੀਆਂ ਵੱਲੋਂ ਆਪਣੇ ਮਕਾਨਾਂ ’ਚ ਲੋੜ ਅਨੁਸਾਰ ਕੀਤੀਆਂ ਗਈਆਂ ਉਸਾਰੀਆਂ ਤੇ ਹੋਰ ਤਬਦੀਲੀਆਂ ਨੂੰ ਚੰਡੀਗੜ੍ਹ ਹਾਊਸਿੰਗ ਬੋਰਡ ਪ੍ਰਸ਼ਾਸਨ ਵੱਲੋਂ ਰੈਗਲੂਰ ਕਰਾਉਣ ਲਈ ਮੰਗ ਪੱਤਰ ਸੌਂਪਿਆ ਗਿਆ। ਭਾਜਪਾ ਪ੍ਰਧਾਨ ਸ੍ਰੀ ਸੂਦ ਨੇ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਚੰਡੀਗੜ੍ਹ ਪ੍ਰਸ਼ਾਸਨ ਅੱਗੇ ਇਹ ਮੁੱਦਾ ਹੱਲ ਕਰਾਉਣ ਲਈ ਆਪਣੀ ਗੱਲ ਰੱਖਣਗੇ। ਇਸ ਮੌਕੇ ਮਕਾਨ ਬਚਾਓ ਸਮਿਤੀ ਦੇ ਰਮਨ ਸ਼ਰਮਾ, ਪ੍ਰਦੀਪ ਯਾਦਵ, ਸਿਧਾਰਥ ਬਖਸ਼ੀ ਅਤੇ ਭੂਸ਼ਨ ਭਾਰਦਵਾਜ ਮੌਜੂਦ ਸਨ।