ਸੁਰਿੰਦਰ ਸਿੰਘ ਜੋਧਕਾ
ਦਿੱਲੀ ਸ਼ਹਿਰ ਵਿਚ ਪਿਛਲੇ ਸਾਲ ਦਸੰਬਰ ਮਹੀਨੇ ਮੁਸਲਿਮ ਔਰਤਾਂ ਦੀ ਅਗਵਾਈ ਹੇਠ ਅਨੋਖਾ ਰੋਸ ਮੁਜ਼ਾਹਰਾ ਹੋਇਆ ਸੀ। ਉਹ ਲੋਕ ਨਾਗਰਿਕਤਾ ਦੇਣ ਲਈ ਬਣੇ ਹੋਏ ਇਕ ਪੁਰਾਣੇ ਕਾਨੂੰਨ ਵਿਚ ਸੋਧਾਂ ਕਰਨ ਲਈ ਲਿਆਂਦੇ ਬਿੱਲ ਦਾ ਵਿਰੋਧ ਕਰ ਰਹੇ ਸਨ। ਨਵੇਂ ਕਾਨੂੰਨ ਨਾਲ ਭਾਰਤੀ ਮੁਸਲਮਾਨਾਂ ਦੇ ਕੰਨ ਖੜ੍ਹੇ ਹੋ ਗਏ ਸਨ ਅਤੇ ਉਨ੍ਹਾਂ ਨੂੰ ਡਰ ਸੀ ਕਿ ਇਸ ਨਾਲ ਭਾਰਤ ਵਿਚ ਉਨ੍ਹਾਂ ਦੀ ਹੈਸੀਅਤ ਉੱਤੇ ਸਵਾਲ ਖੜ੍ਹੇ ਹੋ ਸਕਦੇ ਹਨ। ਉਸ ਲਹਿਰ ਦੌਰਾਨ ਮੁਸਲਿਮ ਭਾਈਚਾਰੇ ਨੇ ਬਹੁਤ ਜ਼ੋਰ ਸ਼ੋਰ ਨਾਲ ਆਪਣੇ ਭਾਰਤੀ ਹੋਣ ਦੀ ਦੁਹਾਈ ਦਿੱਤੀ ਜਾ ਰਹੀ ਸੀ। ਨੌਜਵਾਨ ਮੁਸਲਿਮ ਬੱਚੇ ਬੱਚੀਆਂ ਨੇ ਆਪਣੇ ਚਿਹਰੇ ਉੱਤੇ ਭਾਰਤੀ ਤਿਰੰਗੇ ਦੀਆਂ ਤਸਵੀਰਾਂ ਬਣਾਈਆਂ ਹੋਈਆਂ ਸਨ ਅਤੇ ਉੱਥੇ ਮੰਚ ਉੱਤੇ ਬੋਲਣ ਵਾਲਾ ਹਰ ਬੁਲਾਰਾ ਆਪਣੀ ਅਡੋਲ ਦੇਸ਼ਭਗਤੀ ਦਾ ਅਹਿਦ ਕਰ ਕੇ ਜਾਂਦਾ ਸੀ ਪਰ ਸੱਤਾਧਾਰੀ ਨਿਜ਼ਾਮ ਉੱਤੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ ਅਤੇ ਕੌਮੀ ਮੀਡੀਆ ਦਾ ਇਕ ਹਿੱਸਾ ਉਨ੍ਹਾਂ ਨੂੰ ਲਗਾਤਾਰ ‘ਨਾਜਾਇਜ਼’ ਭਾਰਤੀ ਕਰਾਰ ਦੇ ਕੇ ਕੂੜ ਪ੍ਰਚਾਰ ਕਰ ਰਿਹਾ ਸੀ ਅਤੇ ਉਨ੍ਹਾਂ ਖਿ਼ਲਾਫ਼ ਰਹਿ ਰਹਿ ਕੇ ਮੁਤੱਸਬੀ ਫ਼ਿਕਰੇ ਇਸਤੇਮਾਲ ਕਰ ਰਿਹਾ ਸੀ; ਕਈ ਵਾਰ ਤਾਂ ਉਨ੍ਹਾਂ ਨੂੰ ਪਾਕਿਸਤਾਨ ਨਾਲ ਜੋੜ ਦਿੱਤਾ ਜਾਂਦਾ ਸੀ, ਜਾਂ ਸਿੱਧੇ ਸਿੱਧੇ ਪਾਕਿਸਤਾਨੀ ਵੀ ਕਹਿ ਦਿੱਤਾ ਜਾਂਦਾ ਸੀ।
ਫਿਰ ਇਕ ਸਾਲ ਬਾਅਦ, ਪੰਜਾਬ ਤੋਂ ਵੱਡੀ ਤਾਦਾਦ ਵਿਚ ਕਿਸਾਨ ਕੌਮੀ ਰਾਜਧਾਨੀ ਦੀਆਂ ਬਰੂਹਾਂ ਉੱਤੇ ਆ ਕੇ ਬਹਿ ਜਾਂਦੇ ਹਨ। ਉਹ ਵੀ ਕੇਂਦਰ ਸਰਕਾਰ ਦੇ ਬਣਾਏ ਕੁਝ ਹੋਰ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਜੋ ਖੇਤੀ ਅਤੇ ਵਣਜ-ਵਪਾਰ ਨਾਲ ਸਬੰਧਤ ਹਨ। ਜਲਦੀ ਹੀ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕਿਸਾਨ ਵੀ ਉਨ੍ਹਾਂ ਦੇ ਨਾਲ ਆ ਕੇ ਰਲ਼ ਜਾਂਦੇ ਹਨ ਪਰ ਪੰਜਾਬੀ ਕਿਸਾਨ ਆਪਣਾ ਅੰਦੋਲਨ ਜ਼ੋਰ ਸ਼ੋਰ ਨਾਲ ਜਾਰੀ ਰੱਖਦੇ ਹਨ ਤੇ ਇਸ ਦੌਰਾਨ ਉਹ ਆਪਣੇ ਧਾਰਮਿਕ ਨਾਅਰਿਆਂ ਦਾ ਖੁੱਲ੍ਹ ਕੇ ਇਸਤੇਮਾਲ ਕਰਦੇ ਹਨ ਅਤੇ ਆਪਣੀ ਸਿੱਖ ਪਛਾਣ ਅਤੇ ਭਾਈਚਾਰੇ ਦੇ ਯੋਧਿਆਂ ਦੀਆਂ ਘਾਲਣਾਵਾਂ ਦਾ ਮਾਣ ਨਾਲ ਵਰਨਣ ਕਰਦੇ ਹਨ, ਮਤੇ ਅੰਦੋਲਨਕਾਰੀ ਪੰਜਾਬੀ ਕਿਸਾਨਾਂ ਦਾ ਮਨੋਬਲ ਡੋਲ ਨਾ ਜਾਵੇ। ਉਨ੍ਹਾਂ ਕੋਲ ਤਰ੍ਹਾਂ ਤਰ੍ਹਾਂ ਦੇ ਝੰਡੇ ਹਨ ਜੋ ਵੱਖੋ ਵੱਖਰੀਆਂ ਜਥੇਬੰਦੀਆਂ ਦੀਆਂ ਸਿਆਸੀ ਤਰਜੀਹਾਂ ਦੀ ਨੁਮਾਇੰਦਗੀ ਕਰਦੇ ਹਨ। ਬਹਰਹਾਲ, ਉਨ੍ਹਾਂ ਵਿਚੋਂ ਬਹੁਤ ਸਾਰੇ ਆਪਣੀ ਸਿੱਖੀ ਪਛਾਣ ਨਾਲ ਜੁੜੇ ਨਜ਼ਰ ਆਉਂਦੇ ਹਨ ਅਤੇ ਇਕਸੁਰ ਹੋ ਕੇ ਬੋਲਦੇ ਹਨ: ਉਹ ਕਿਸਾਨ ਹੋਣ ਦੇ ਨਾਤੇ ਇੱਥੇ ਆਏ ਹਨ ਅਤੇ ਉਹ ਮੰਗ ਕਰਦੇ ਹਨ ਕਿ ਪਾਸ ਕੀਤੇ ਨਵੇਂ ਕਾਨੂੰਨ ਰੱਦ ਕੀਤੇ ਜਾਣ, ਕਿਉਂਕਿ ਇਹ ਖੇਤੀਬਾੜੀ ਨੂੰ ਬਰਬਾਦ ਕਰ ਦੇਣਗੇ। ਦੂਜੇ ਸੂਬਿਆਂ ਤੋਂ ਆਏ ਕਿਸਾਨ ਵੀ ਆਪੋ ਆਪਣੇ ਝੰਡੇ ਲੈ ਕੇ ਪਹੁੰਚੇ ਹਨ ਤੇ ਉਹ ਸਿੱਖ ਅੰਦੋਲਨਕਾਰੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਉਨ੍ਹਾਂ ਦੀ ਵੀ ਇਹੋ ਮੰਗ ਹੈ।
ਅੱਜ ਦੇ ਸਿਆਸੀ ਮਾਹੌਲ ਵਿਚ ਪੰਜਾਬੀ ਕਿਸਾਨਾਂ ਨੇ ਕੌਮੀ ਮੀਡੀਆ ਨੂੰ ਵੀ ਵਾਹਣੀਂ ਪਾ ਲਿਆ ਹੈ ਜੋ ਉਨ੍ਹਾਂ ਨੂੰ ਖ਼ਾਲਿਸਤਾਨੀ ਅਤੇ ਦੇਸ਼ ਵਿਰੋਧੀ ਕਰਾਰ ਦੇਣ ਤੇ ਤੁਲਿਆ ਹੋਇਆ ਹੈ। ਉਂਜ, ਕੌਮੀ ਮੀਡੀਆ ਦਾ ਇਹ ਬਿਰਤਾਂਤ ਬਹੁਤਾ ਟਿਕ ਨਹੀਂ ਸਕਿਆ ਅਤੇ ਇਸ ਦੇ ਪੈਰ ਉਖੜ ਗਏ ਹਨ। ਇਸ ਦੇ ਕਈ ਕਾਰਨ ਹਨ।
ਪਹਿਲਾ ਅਤੇ ਸਭ ਤੋਂ ਅਹਿਮ ਕਾਰਨ ਇਹ ਹੈ ਕਿ ਰਾਸ਼ਟਰਵਾਦ ਦਾ ਖਿਆਲ ਅਤੇ ਇਸ ਦੇ ਬੁਨਿਆਦੀ ਮੁਹਾਵਰੇ ਹੀ ਖੇਤੀਬਾੜੀ ਨਾਲ ਰਲ਼ਗੱਡ ਹਨ। ਰਾਸ਼ਟਰਵਾਦ ਖਿੱਤੇ, ਭਾਵ ਜ਼ਮੀਨ ਦੇ ਮੁਹਾਵਰੇ ਰਾਹੀਂ ਬੋਲਦਾ ਹੈ ਤੇ ਇਸ ਨੂੰ ਪਵਿੱਤਰ ਕਰਾਰ ਦਿੰਦਾ ਹੈ। ‘ਭਾਰਤ ਮਾਤਾ’ ਦੇਸ਼ ਦਾ ਪਵਿੱਤਰ ਨਕਸ਼ਾ ਮੰਨਿਆ ਜਾਂਦਾ ਹੈ ਪਰ ਇਹ ਇਸ ਦੀ ਭੂਮੀ ਅਤੇ ਇਸ ਦੇ ਮਿਹਨਤਕਸ਼ ਕਿਸਾਨਾਂ ਨਾਲ ਮਿਲ ਕੇ ਹੀ ਬਣਦਾ ਹੈ। ਯਾਦ ਕਰੋ, 1957 ਵਿਚ ਆਈ ਫਿਲਮ ‘ਮਦਰ ਇੰਡੀਆ’ ਦਾ ਪੋਸਟਰ ਜਿਸ ਵਿਚ ਫਿਲਮ ਦੀ ਨਾਇਕਾ ਨਰਗਿਸ ਦੱਤ ਹੱਥ ਵਿਚ ਦਾਤੀ ਲੈ ਕੇ ਅਤੇ ਮੋਢਿਆਂ ਤੇ ਹਲ਼ ਰੱਖ ਕੇ ਤੁਰਦੀ ਨਜ਼ਰ ਆਉਂਦੀ ਹੈ। ਤੁਸੀਂ ਕਿਸਾਨ ਨੂੰ ਨਾਲੋ ਨਾਲ ਚਿਤਵੇ ਬਿਨਾਂ ‘ਗਊ ਮਾਤਾ’ ਨੂੰ ਕਿਵੇਂ ਧਿਆ ਸਕਦੇ ਹੋ? ਹਰ ਜਗ੍ਹਾ ਰਾਸ਼ਟਰਵਾਦ ਆਪਣੀ ਕਾਸ਼ਤਕਾਰ ਜਮਾਤ, ਭਾਵ ਕਿਰਸਾਨੀ ਨੂੰ ਵਿਸ਼ੇਸ਼ ਅਧਿਕਾਰ ਦਿੰਦਾ ਹੈ ਅਤੇ ਜ਼ਮੀਨ ਤੇ ਖੇਤੀਬਾੜੀ ਦਾ ਹਵਾਲਾ ਦਿੱਤੇ ਬਗ਼ੈਰ ਰਾਸ਼ਟਰਵਾਦੀ ਅਹਿਸਾਸ ਜਗਾਉਣਾ ਬਹੁਤ ਔਖਾ ਹੈ। ਜਦੋਂ ਲੋਕ ਲੁਭਾਊ ਆਗੂ ਭਾਰਤ ਦੇ ਖਿਆਲ ਨੂੰ ਜਗਾਉਂਦੇ ਹਨ ਅਤੇ ਇਸ ਨੂੰ ‘ਇੰਡੀਆ’ ਦੇ ਵਿਚਾਰ ਨਾਲ ਮੇਲਦੇ ਹਨ ਤਾਂ ਉਹ ਇਹ ਦਾਅਵਾ ਵੀ ਕਰਦੇ ਹਨ ਕਿ ਅਸਲ ਦੇਸ਼ ਪਿੰਡਾਂ ਵਿਚ ਵਸਦਾ ਹੈ ਤੇ ਉਸ ਦਾ ਪੇਸ਼ਾ ਖੇਤੀ ਹੈ ਜਦਕਿ ਸ਼ਹਿਰੀ ਭਾਰਤ ਨੂੰ ਕੁਲੀਨ, ਬਣਾਉਟੀ ਅਤੇ ਸ਼ੋਸ਼ਣਕਾਰੀ ਗਿਣਿਆ ਜਾਂਦਾ ਹੈ। ਇਹ ਜੋੜੇਦਾਰੀ (binary) ਸ਼ਹਿਰੀ ਦੇਸ਼ ਦੇ ਮੁਕਾਬਲੇ ਦਿਹਾਤ ਨੂੰ ਇਖ਼ਲਾਕੀ ਤੌਰ ਤੇ ਉੱਚਾ ਸੁੱਚਾ ਦਰਜਾ ਰੱਖ ਕੇ ਚਲਦੀ ਹੈ। ਪੱਛਮੀ ਯੂਰੋਪ ਅਤੇ ਅਮਰੀਕਾ ਜਿਹੇ ਦੇਸ਼ਾਂ ਜਿੱਥੇ ਖੇਤੀਬਾੜੀ ਵਿਚ ਕੰਮ ਕਰਨ ਵਾਲੇ ਲੋਕਾਂ ਦੀ ਸੰਖਿਆ ਪੰਜ ਫ਼ੀਸਦ ਤੋਂ ਵੀ ਘੱਟ ਹੈ, ਵਿਚ ਵੀ ਆਪਣੇ ਕੌਮੀ ਚਿੱਤ-ਚੇਤਿਆਂ ਵਿਚ ਖੇਤੀਬਾੜੀ ਨੂੰ ਵਿਸ਼ੇਸ਼ ਅਧਿਕਾਰ ਹਾਸਲ ਹਨ। ਖੇਤੀਬਾੜੀ ਲਈ ਰਾਜ (ਸਰਕਾਰ) ਤੋਂ ਭਾਰੀ ਭਰਕਮ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਇਸ ਦਾ ਸੱਭਿਆਚਾਰਕ ਰੁਤਬਾ ਬਰਕਰਾਰ ਰਹਿ ਸਕੇ।
ਖੇਤੀਬਾੜੀ ਦੇ ਰਾਸ਼ਟਰਵਾਦ ਨਾਲ ਰਿਸ਼ਤੇ ਦਾ ਇਕ ਹੋਰ ਬਹੁਤ ਹੀ ਅਹਿਮ ਪੱਖ ਇਹ ਹੈ ਕਿ ਕੌਮੀ ਹਥਿਆਰਬੰਦ ਬਲਾਂ ਵਿਚ ਭਰਤੀ ਦਾ ਮੁੱਖ ਆਧਾਰ ਇਹੀ ਹੁੰਦੀ ਹੈ। ਦੁਨੀਆ ਭਰ ਵਿਚ ਲਗਭਗ ਹਰ ਕਿਤੇ ਫ਼ੌਜ ਵਿਚ ਭਰਤੀ ਹੋਣ ਵਾਲਿਆਂ ਵਿਚੋਂ ਵੱਡਾ ਹਿੱਸਾ ਕਿਸਾਨ ਪਰਿਵਾਰਾਂ ਤੋਂ ਹੀ ਆਉਂਦਾ ਹੈ। ਭਾਰਤ ਵਿਚ ਵੀ ਇਵੇਂ ਹੀ ਹੈ। ਦਰਅਸਲ, ਭਾਰਤੀ ਫ਼ੌਜ ਵਿਚ ਵੱਡੀ ਤਾਦਾਦ ਵਿਚ ਜਵਾਨ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਜਿਹੇ ਸੂਬਿਆਂ ਦੇ ਕਿਸਾਨ ਪਰਿਵਾਰਾਂ ਤੋਂ ਆਉਂਦੇ ਹਨ। ਲੋਕਾਂ ਦੇ ਮਨਮਸਤਕ ਵਿਚ ਇਹ ਤਸਵੀਰ ਡੂੰਘੀ ਬੈਠੀ ਹੋਈ ਹੈ। ਬਹੁਤ ਸਾਰੀਆਂ ਹਿੰਦੀ ਫਿਲਮਾਂ ਦੀਆਂ ਕਹਾਣੀਆਂ ਦੇ ਪਾਤਰ ਸਿੱਖ ਫ਼ੌਜੀ ਹਨ ਜਿਨ੍ਹਾਂ ਨੂੰ ਵਫ਼ਾਦਾਰੀ ਤੇ ਦਲੇਰੀ ਦੇ ਪ੍ਰਤੀਕ ਅਤੇ ਦੇਸ਼ ਲਈ ਯੁੱਧ ਜਿੱਤਣ ਵਾਲੇ ਯੋਧਿਆਂ ਵਜੋਂ ਦਿਖਾਇਆ ਗਿਆ ਹੈ। ਅਰਧ ਸੈਨਿਕ ਬਲਾਂ ਅਤੇ ਪੁਲੀਸ ਦੇ ਪ੍ਰਸੰਗ ਵਿਚ ਵੀ ਇਵੇਂ ਹੀ ਹੈ।
ਅਖੀਰ ਵਿਚ ਭਾਰਤ ਜਿਹੇ ਮੁਲਕ ਵਿਚ ਖੇਤੀਬਾੜੀ ਦਾ ਦਾਇਰਾ ਇਸ ਦੀ ਆਰਥਿਕ ਵੁੱਕਤ ਜਾਂ ਇਸ ਵਿਚਲੀ ਕੰਮਕਾਜੀ ਵਸੋਂ ਦੇ ਅਨੁਪਾਤ ਨਾਲੋਂ ਬਹੁਤ ਜ਼ਿਆਦਾ ਵਸੀਹ ਹੈ। ਦਰਅਸਲ, ਪਿਛਲੇ ਤਿੰਨ ਦਹਾਕਿਆਂ ਦੌਰਾਨ ਕੌਮੀ ਅਰਥਚਾਰੇ ਵਿਚ ਖੇਤੀਬਾੜੀ ਦਾ ਹਿੱਸਾ ਲਗਾਤਾਰ ਘਟ ਰਿਹਾ ਹੈ। 1990ਵਿਆਂ ਤੋਂ ਬਾਅਦ ਦੇ ਅਰਸੇ ਦੌਰਾਨ ਭਾਰਤ ਦਾ ਆਰਥਿਕ ਵਿਕਾਸ ਪ੍ਰਾਈਵੇਟ ਖੇਤਰ ਦੀ ਅਗਵਾਈ ਹੇਠ ਤੇਜ਼ੀ ਨਾਲ ਵਧਿਆ ਹੈ ਜਦਕਿ ਕੌਮੀ ਆਮਦਨ ਵਿਚ ਖੇਤੀਬਾੜੀ ਦਾ ਹਿੱਸਾ ਘਟ ਕੇ 15 ਫ਼ੀਸਦ ਤੇ ਆ ਗਿਆ ਹੈ। ਖੇਤੀਬਾੜੀ ਵਿਚ ਕੁੱਲ ਵਕਤੀ ਕਾਸ਼ਤਕਾਰਾਂ ਤੇ ਕਿਰਤੀਆਂ ਦੀ ਗਿਣਤੀ ਵੀ ਘਟੀ ਹੈ ਹਾਲਾਂਕਿ ਘਟਣ ਦੀ ਰਫ਼ਤਾਰ ਬਹੁਤੀ ਜ਼ਿਆਦਾ ਨਹੀਂ ਹੈ। ਉਂਜ, ਜੇ ਅਸੀਂ ਖੇਤੀਬਾੜੀ ਤੇ ਨਿਰਭਰ ਜੁਜ਼-ਵਕਤੀ ਕਾਮਿਆਂ-ਕਿਸਾਨਾਂ ਨੂੰ ਵੀ ਜੋੜ ਲਈਏ ਤਾਂ ਜੇ ਜ਼ਿਆਦਾ ਨਹੀਂ ਤਾਂ ਇਹ ਭਾਰਤ ਦੀ ਕੁੱਲ ਕੰਮਕਾਜੀ ਆਬਾਦੀ 50 ਫ਼ੀਸਦ ਬਣ ਜਾਂਦਾ ਹੈ। ਭਾਰਤ ਜਿਹੇ ਮੁਲਕ ਵਿਚ ਜਿੱਥੇ ਖੇਤੀਬਾੜੀ ਤੋਂ ਬਾਹਰ ਵੀ ਚੋਖੀ ਕੰਮਕਾਜੀ ਵਸੋਂ ਹੈ ਅਤੇ ਇਸ ਤੋਂ ਇਲਾਵਾ ਇਸ ਦੇ ਵਧ ਫੁੱਲ ਰਹੇ ਮੱਧ ਵਰਗ ਦਾ ਵੀ ਕਾਫ਼ੀ ਵੱਡਾ ਹਿੱਸਾ ਕਿਸੇ ਨਾ ਕਿਸੇ ਤਰ੍ਹਾਂ ਪਿੰਡ ਨਾਲ ਜੁੜਿਆ ਹੋਇਆ ਹੈ ਤੇ ਉਨ੍ਹਾਂ ਦੇ ਵਡੇਰੇ ਪਰਿਵਾਰਾਂ ਦਾ ਪੇਂਡੂ ਆਧਾਰ ਬਣਿਆ ਹੋਇਆ ਹੈ। ਜਿਵੇਂ ਮਾਨਵ ਵਿਗਿਆਨੀ ਸਾਨੂੰ ਦੱਸਦੇ ਹਨ ਕਿ ਖੇਤੀਬਾੜੀ ਕੋਈ ਸਾਧਾਰਨ ਆਰਥਿਕ ਕਿੱਤਾ ਨਹੀਂ ਸਗੋਂ ਪਛਾਣ ਦਾ ਸਰੋਤ ਹੈ ਅਤੇ ਹੋਰਨਾਂ ਕਿੱਤਿਆਂ ਦੇ ਉਲਟ ਜੀਵਨ ਸ਼ੈਲੀ ਹੈ ਜਿਸ ਦੀ ਯਾਦਾਸ਼ਤ ਪੀੜ੍ਹੀਆਂ ਤੱਕ ਚਲਦੀ ਰਹਿੰਦੀ ਹੈ ਅਤੇ ਇਹ ਹਰਮਨ ਪਿਆਰੇ ਗੀਤ ਸੰਗੀਤ ਵਿਚ ਬੜੀ ਸ਼ਿੱਦਤ ਨਾਲ ਝਲਕਦੀ ਹੈ। ਭਾਵੇਂ ਕੋਈ ਲੰਮਾ ਸਮਾਂ ਪਹਿਲਾਂ ਪਰਵਾਸ ਕਰ ਕੇ ਦੂਜੇ ਦੇਸ਼ ਵੀ ਚਲਿਆ ਗਿਆ ਹੋਵੇ ਪਰ ਤਾਂ ਵੀ ਇਹ ਉਸ ਦੀ ਪਛਾਣ ਦਾ ਸਰੋਤ ਬਣੀ ਰਹਿੰਦੀ ਹੈ।
ਕਿਸਾਨ ਲਗਭਗ ਸਭਨੀਂ ਥਾਈਂ ਕੌਮੀ ਸੱਭਿਆਚਾਰ ਦੇ ਝੰਡਾਬਰਦਾਰ ਹੁੰਦੇ ਹਨ। ਉਨ੍ਹਾਂ ਨੂੰ ਦੇਸ਼ ਵਿਰੋਧੀ ਦਾ ਲਕਬ ਕੌਣ ਦੇ ਸਕਦਾ ਹੈ? ਉਹੀ ਤਾਂ ਅਸਲ ਰਾਸ਼ਟਰ ਹੁੰਦੇ ਹਨ ਤੇ ਦੇਸ਼ ਉਨ੍ਹਾਂ ਦੇ ਹੀ ਸਾਹੀਂ ਜਿਊਂਦੇ ਹਨ!
ਸੰਪਰਕ: 98112-79898