ਕੁਲਦੀਪ ਸਿੰਘ
ਚੰਡੀਗੜ੍ਹ, 29 ਦਸੰਬਰ
ਸੀਟੀਯੂ ਮੁਲਾਜ਼ਮਾਂ ਦੀਆਂ ਵੱਖ-ਵੱਖ ਯੂਨੀਅਨਾਂ ਦੇ ਸਾਂਝੇ ਮੋਰਚੇ ਵੱਲੋਂ ਅੱਜ ਬੱਸਾਂ ਦਾ ਪਹੀਆ ਜਾਮ ਕਰਨ ਦਾ ਪ੍ਰੋਗਰਾਮ ਡਾਇਰੈਕਟਰ ਵੱਲੋਂ ਮੰਗਾਂ ਸਬੰਧੀ ਦਿੱਤੇ ਗਏ ਭਰੋਸੇ ਉਪਰੰਤ ਮੁਲਤਵੀ ਕਰ ਦਿੱਤਾ ਗਿਆ। ਇਕੱਤਰ ਹੋਏ ਮੁਲਾਜ਼ਮਾਂ ਨੇ ਪਹੀਆ ਜਾਮ ਤਾਂ ਨਹੀਂ ਕੀਤਾ ਪਰ ਮੈਨੇਜਮੈਂਟ ਖਿਲਾਫ਼ ਰੋਸ ਰੈਲੀ ਕੀਤੀ ਜਿਸ ਵਿੱਚ ਯੂਨੀਅਨ ਆਗੂਆਂ ਧਰਮਿੰਦਰ ਸਿੰਘ ਰਾਹੀ, ਸਤਿੰਦਰ ਸਿੰਘ, ਰਣਜੀਤ ਸਿੰਘ ਹੰਸ, ਚਰਨਜੀਤ ਸਿੰਘ ਢੀਂਡਸਾ ਆਦਿ ਨੇ ਸੀਟੀਯੂ ਵਿੱਚ ਕੁਝ ਅਫ਼ਸਰਾਂ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦਿਆਂ ਨਾਅਰੇਬਾਜ਼ੀ ਕੀਤੀ।
ਆਗੂਆਂ ਨੇ ਕਿਹਾ ਕਿ ਅਦਾਰੇ ਵਿੱਚ ਕਥਿਤ ਭ੍ਰਿਸ਼ਟਾਚਾਰੀ ਅਫ਼ਸਰਾਂ ਦੀਆਂ ਟੋਲੀਆਂ ਨੂੰ ਸੁਧਾਰਨ ਲਈ ਤਿੱਖੇ ਸੰਘਰਸ਼ ਉਲੀਕੇ ਜਾਣਗੇ। ਇਸ ਦੌਰਾਨ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂਟੀ ਚੰਡੀਗੜ੍ਹ ਦੇ ਕਨਵੀਨਰ ਗੁਰਮੇਲ ਸਿੰਘ ਸਿੱਧੂ ਨੇ ਵੀ ਪਹੁੰਚ ਕੇ ਮੰਚ ਵੱਲੋਂ ਸੀਟੀਯੂ ਮੁਲਾਜ਼ਮਾਂ ਦੇ ਸੰਘਰਸ਼ ਨੂੰ ਸਮਰਥਨ ਦਿੱਤਾ।ਮੁਲਾਜ਼ਮ ਆਗੂਆਂ ਨੇ ਕਿਹਾ ਕਿ ਅਦਾਰੇ ਵਿੱਚ ਕੁਝ ਭ੍ਰਿਸ਼ਟ ਅਫ਼ਸਰ ਆਪਣੇ ਕਮਿਸ਼ਨਾਂ ਦੇ ਲਾਲਚ ਵਿੱਚ ਸਟਾਫ਼ ਲਈ ਨਿੱਤ ਨਵੀਂਆਂ ਮੁਸ਼ਕਲਾਂ ਖੜ੍ਹੀਆਂ ਕਰ ਰਹੇ ਹਨ ਅਤੇ ਅਜਿਹੇ ਅਫ਼ਸਰ ਅਦਾਰੇ ਦਾ ਨੁਕਸਾਨ ਕਰ ਰਹੇ ਹਨ। ਮੁਲਾਜ਼ਮ ਆਗੂ ਸਤਿੰਦਰ ਸਿੰਘ ਨੇ ਕਿਹਾ ਕਿ ਅਦਾਰੇ ਕੋਲ ਇਸ ਸਮੇਂ 115 ਬੱਸਾਂ ਸਟੋਰ ਵਿੱਚ ਖੜ੍ਹੀਆਂ ਹਨ ਜਿਨ੍ਹਾਂ ਉੱਤੇ ਥੋੜ੍ਹਾ ਬਹੁਤ ਖਰਚ ਕਰਕੇ ਚਾਲੂ ਕੀਤੀਆਂ ਜਾ ਸਕਦੀਆਂ ਹਨ ਪਰ ਅਫ਼ਸਰ ਇਨ੍ਹਾਂ ਬੱਸਾਂ ਨੂੰ ਚਾਲੂ ਕਰਨ ਦੀ ਬਜਾਇ ਕਿਲੋਮੀਟਰ ਸਕੀਮ ਵਾਲੀਆਂ ਨਵੀਂਆਂ ਬੱਸਾਂ ਪਾਉਣ ਲਈ ਬਜ਼ਿੱਦ ਹੈ। ਉਨ੍ਹਾਂ ਮੰਗ ਕੀਤੀ ਕਿ ਸੀਟੀਯੂ ਯੂਨੀਅਨਾਂ ਦੀ ਯੂਟੀ ਦੇ ਸਲਾਹਕਾਰ ਨਾਲ ਮੀਟਿੰਗ ਕਰਵਾਈ ਜਾਵੇ ਤਾਂ ਜੋ ਅਦਾਰੇ ਦੇ ਸਹੀ ਅੰਕੜੇ ਉਨ੍ਹਾਂ ਨੂੰ ਪੇਸ਼ ਕੀਤੇ ਜਾਣ। ਆਗੂਆਂ ਨੇ ਦੱਸਿਆ ਕਿ ਅੱਜ ਅਦਾਰੇ ਦੇ ਡਾਇਰੈਕਟਰ ਵੱਲੋਂ ਸਾਂਝੇ ਮੋਰਚੇ ਨਾਲ ਲਿਖਤੀ ਸਮਝੌਤੇ ਵਿੱਚ ਕਿਹਾ ਗਿਆ ਕਿ ਕਿਲੋਮੀਟਰ ਸਕੀਮ ਦੇ ਭਲਕੇ 30 ਦਸੰਬਰ ਨੂੰ ਖੁੱਲ੍ਹਣ ਵਾਲੇ ਟੈਂਡਰ ਨੂੰ ਰੱਦ ਕਰਨ ਲਈ ਦੋ ਮਹੀਨੇ ਦਾ ਸਮਾਂ ਅਤੇ ਸੀ.ਟੀ.ਯੂ. ਦੇ 417 ਬੱਸਾਂ ਦੇ ਫਲੀਟ ਵਿੱਚ ਸ਼ਾਮਲ ਹੋਣ ਵਾਲੀਆਂ 41ਐਚ.ਵੀ.ਏ.ਸੀ. ਬੱਸਾਂ ਨਵੇਂ ਵਿੱਤੀ ਵਰ੍ਹੇ ਵਿੱਚ ਖਰੀਦੀਆਂ ਜਾਣਗੀਆਂ। ਉਨ੍ਹਾਂ 4 ਜਨਵਰੀ 2021 ਤੋਂ ਬਾਅਦ ਸਾਂਝੇ ਮੋਰਚੇ ਦੀ ਮੀਟਿੰਗ ਸਲਾਹਕਾਰ ਨਾਲ ਕਰਵਾਉਣ ਦਾ ਵੀ ਭਰੋਸਾ ਦਿੱਤਾ।