ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 29 ਦਸੰਬਰ
ਯੂਰਪੀ ਦੇਸ਼ ਆਸਟਰੀਆ ਵਿੱਚ ਸਿੱਖ ਧਰਮ ਨੂੰ ਰਜਿਸਟ੍ਰੇਸ਼ਨ ਦਾ ਹੱਕ ਮਿਲਣ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਆਸਟਰੀਆ ਸਿੱਖ ਧਰਮ ਰਜਿਸਟਰ ਕਰਨ ਵਾਲਾ ਯੂਰਪ ਦਾ ਪਹਿਲਾ ਦੇਸ਼ ਬਣ ਗਿਆ ਹੈ। ਇੱਥੇ ਬੱਚੇ ਦੇ ਜਨਮ ਸਰਟੀਫਿਕੇਟ ’ਤੇ ਉਸ ਦਾ ਧਰਮ ਸਿੱਖ ਲਿਖਵਾਇਆ ਜਾ ਸਕੇਗਾ। ਉਨ੍ਹਾਂ ਨੇ ਇਸ ਕਾਰਜ ਲਈ ਆਸਟਰੀਆ ਦੀ ਸਿੱਖ ਸੰਗਤ ਨੂੰ ਵਧਾਈ ਦਾ ਪਾਤਰ ਆਖਦਿਆਂ ਕਿਹਾ ਕਿ ਯੂਰਪ ਦੇ ਬਾਕੀ ਮੁਲਕਾਂ ਦੀ ਸਿੱਖ ਸੰਗਤ ਵੀ ਇਸ ਤੋਂ ਪ੍ਰੇਰਿਤ ਹੋ ਕੇ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਦੀ ਚਾਰਾਜੋਈ ਕਰੇ। ਉਨ੍ਹਾਂ ਦੱਸਿਆ ਕਿ ਉਥੋਂ ਦੇ ਨੌਜਵਾਨਾਂ ਨੇ ਇਹ ਕਾਰਵਾਈ ਨਵੰਬਰ 2019 ਵਿਚ ਸ਼ੁਰੂ ਕੀਤੀ ਸੀ ਅਤੇ 18 ਦਸੰਬਰ 2020 ਨੂੰ ਇਸ ਸਬੰਧੀ ਪ੍ਰਵਾਨਗੀ ਪ੍ਰਾਪਤ ਹੋਈ ਹੈ।