ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਦਸੰਬਰ
ਕਰੋਨਾ ਵੈਕਸੀਨ ਦਾ ਅੱਜ ਲੁਧਿਆਣਾ ਵਿਚ ਸਫ਼ਲ ਤਰੀਕੇ ਨਾਲ ਡਰਾਈ ਰਨ ਕੀਤਾ ਗਿਆ। ਇਸ ਦੌਰਾਨ ਲੁਧਿਆਣਾ ਜ਼ਿਲ੍ਹੇ ਦੇ 7 ਸਥਾਨਾਂ ’ਤੇ 175 ਲੋਕਾਂ ਨੂੰ ਵੈਕਸੀਨ ਲਾਉਣ ਦੀ ਰਿਹਰਸਲ ਕੀਤੀ ਗਈ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 7 ਥਾਵਾਂ ਸਿਵਲ ਹਸਪਤਾਲ ਲੁਧਿਆਣਾ, ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਰਾਏਕੋਟ, ਜਗਰਾਉਂ, ਮਾਛੀਵਾੜਾ, ਖੰਨਾ ਅਤੇ ਪਾਇਲ ਵਿੱਚ ਰਿਹਰਸਲ ਹੋਈ। ਹਰੇਕ ਸਥਾਨ ’ਤੇ 25 ਸਿਹਤ ਵਰਕਰਾਂ ਨੂੰ ਬੁਲਾਇਆ ਗਿਆ ਸੀ। ਇਸ ਮੁਹਿੰਮ ਦਾ ਉਦੇਸ਼ ਸਿਹਤ ਪ੍ਰਣਾਲੀ ਵਿਚ ਕੋਵਿਡ-19 ਵੈਕਸੀਨੇਸ਼ਨ ਲਈ ਕੀਤੀ ਗਈ ਤਿਆਰੀ ਦੀ ਜਾਂਚ ਕਰਨਾ ਸੀ। ਡੀਸੀ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਜ਼ਿਲ੍ਹਾ ਲੁਧਿਆਣਾ ਦੇ 30 ਹਜ਼ਾਰ ਤੋਂ ਵੱਧ ਸਿਹਤ ਕਰਮਚਾਰੀਆਂ ਨੂੰ ਵੈਕਸੀਨ ਦਿੱਤੀ ਜਾਵੇਗੀ। ਇਸ ਤੋਂ ਬਾਅਦ ਇਸ ਪੜਾਅ ਵਿੱਚ ਆਂਗਨਵਾੜੀ ਵਰਕਰ, 50 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀ, ਕਿਸੇ ਬਿਮਾਰੀ ਤੋਂ ਪੀੜਤ ਲੋਕ ਸ਼ਾਮਲ ਹੋਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਫਿਲਹਾਲ ਵੈਕਸੀਨ ਸਿਰਫ ਉਨ੍ਹਾਂ ਨੂੰ ਹੀ ਮਿਲੇਗੀ, ਜਿਹੜੇ ਸਰਕਾਰੀ ਪੋਰਟਲ ’ਤੇ ਰਜਿਸਟਰਡ ਹਨ।