ਪੱਤਰ ਪ੍ਰੇਰਕ
ਕਾਲਾਂਵਾਲੀ, 6 ਮਾਰਚ
ਪਿੰਡ ਤਖ਼ਤਮੱਲ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਯੁਵਾ ਕਲੱਬ ਅਤੇ ਸਰਦਾਰ ਸੁਰਜਨ ਸਿੰਘ ਯੁਵਾ ਕਲੱਬ ਵੱਲੋਂ ਪਿੰਡ ਦੇ ਸਰਕਾਰੀ ਮਿਡਲ ਸਕੂਲ ਦੇ ਗਰਾਊਂਡ ਵਿੱਚ ਸ਼ਹੀਦ ਯਾਦਗਾਰੀ ਨਾਟਕ ਮੇਲਾ ਕਰਵਾਇਆ ਗਿਆ। ਇਸ ਮੇਲੇ ਦੇ ਮੁੱਖ ਮਹਿਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਗੁਰਦੁਆਰਾ ਨਿਰਮਲਸਰ ਸਾਹਿਬ ਤਿਲੋਕੇਵਾਲਾ ਦੇ ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਅਤੇ ਕਿਸਾਨ ਆਗੂ ਗੁਰਦਾਸ ਸਿੰਘ ਲੱਕੜਵਾਲੀ ਸਨ। ਨਾਟਕ ਨਿਰਦੇਸ਼ਕ ਸੁਖਦੇਵ ਮਲੂਕਪੁਰੀ ਨੇ ਭਾਈ ਮੰਨਾ ਸਿੰਘ ਉਰਫ ਗੁਰਸ਼ਰਨ ਸਿੰਘ ਭਾਅ ਜੀ ਦੇ ਨਾਟਕਾਂ ਦਾ ਜ਼ਿਕਰ ਕਰਦੇ ਕਿਹਾ ਕਿ ਲੋਕ ਖੱਖੀ ਕਲਾ ਅੱਜ ਵੀ ਲੋਕ ’ਚ ਵੱਡਾ ਯੋਗਦਾਨ ਹੈ। ਇਸ ਨਾਟਕ ਮੇਲੇ ਦੌਰਾਨ ਲੋਕ ਕਲਾ ਮੰਚ ਜੋਧਪੁਰ ਦੀ ਨਾਟਕ ਟੀਮ ਨੇ ਸੁਖਦੇਵ ਮਲੂਕਪੁਰੀ ਦੀ ਨਿਰਦੇਸ਼ਨਾਂ ਹੇਠ ਨਾਟਕ ‘ਇਹ ਲਹੂ ਕਿਸਦਾ ਹੈ’ ਅਤੇ ‘ਮਿੱਟੀ ਰੁਦਨ ਕਰੇ’ ਤੋਂ ਇਲਾਵਾ ਕੋਰਿਓਗਰਾਫੀ ‘ਪੰਡਤ ਬਲਾਕੀ ਰਾਮ’, ‘ਤੇਰਾ ਦੇਸ਼ ਭਗਤ ਸਿਆਂ’ ਅਤੇ ‘ਪਾਖੰਡ ਸਾਧ’ ਸਮੇਤ ਲੋਕ ਪੱਖੀ ਕਵੀਸ਼ਰੀਆਂ ਨਾਲ ਦਰਸ਼ਕਾਂ ’ਤੇ ਡੂੰਘੀ ਛਾਪ ਛੱਡੀ। ਇਸ ਮੌਕੇ ਮਰਹੂਮ ਕਾਮਰੇਡ ਮੇਜਰ ਸਿੰਘ ਦੇ ਪੁੱਤਰ ਕ੍ਰਿਕਟ ਖਿਡਾਰੀ ਸੁਖਵੰਤ ਸਿੰਘ ਦਾ 6 ਫੁੱਟ ਦੇ ਕੱਪ ਨਾਲ ਸਨਮਾਨ ਕੀਤਾ। ਇਸ ਨਾਟਕ ਮੇਲੇ ਨੂੰ ਸਫਲ ਬਣਾਉਣ ’ਚ ਸ਼ਹੀਦ ਕਰਤਾਰ ਸਿੰਘ ਸਰਾਭਾ ਯੁਵਾ ਕਲੱਬ ਦੇ ਆਰਗੇਨਾਈਜ਼ਰ ਅਮਰਜੀਤ ਸਿੰਘ, ਕਲੱਬ ਦੇ ਪ੍ਰਧਾਨ ਨਿਰਮਲ ਸਿੰਘ, ਸਰਦਾਰ ਸੁਰਜਨ ਸਿੰਘ ਮੈਮੋਰੀਅਲ ਕਲੱਬ ਦੇ ਪ੍ਰਧਾਨ ਜਗਜੀਵਨ ਸਿੰਘ, ਗੁਰਪ੍ਰੀਤ ਖਾਨ ਸਮੇਤ ਸਾਰੇ ਮੈਂਬਰਾਂ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ।