ਨਵੀਂ ਦਿੱਲੀ/ਚੰਡੀਗੜ੍ਹ, 29 ਦਸੰਬਰ
ਉੱਤਰੀ ਭਾਰਤ ਦੇ ਉਪਰਲੇ ਪਹਾੜੀ ਖੇਤਰਾਂ ਵਿੱਚ ਬੀਤੇ ਦਿਨ ਅਤੇ ਅੱਜ ਹੋਈ ਸੱਜਰੀ ਬਰਫ਼ਬਾਰੀ ਕਾਰਨ ਆਸ-ਪਾਸ ਦੇ ਮੈਦਾਨੀ ਸੂਬਿਆਂ ਵਿੱਚ ਠੰਢ ਹੋਰ ਵਧ ਗਈ ਹੈ। ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਸੀਤ ਲਹਿਰ ਕਾਰਨ ਠੰਢ ਦਾ ਜ਼ੋਰ ਵਧਿਆ ਹੈ। ਪੰਜਾਬ ਦੇ ਅੰਮ੍ਰਿਤਸਰ ਵਿੱਚ ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ 0.4 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਹਿਸਾਰ ਵਿੱਚ ਸਿਫ਼ਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਿਸਾਰ, ਨਾਰਨੌਲ, ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿੱਚ ਬੀਤੀ ਰਾਤ ਇਸ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਸੀ। ਕੌਮੀ ਰਾਜਧਾਨੀ ਨਵੀਂ ਦਿੱਲੀ ਵਿੱਚ ਵਗ ਰਹੀਆਂ ਬਰਫ਼ੀਲੀਆਂ ਹਵਾਵਾਂ ਦੌਰਾਨ ਅੱਜ ਘੱਟੋ-ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਨਵੇਂ ਸਾਲ ਮੌਕੇ ਕੌਮੀ ਰਾਜਧਾਨੀ ਵਿੱਚ ਪਾਰਾ ਹੋਰ ਡਿੱਗ ਸਕਦਾ ਹੈ।
ਮੌਸਮ ਵਿਭਾਗ ਅਨੁਸਾਰ ਦੋਵਾਂ ਸੂਬਿਆਂ ਵਿੱਚ ਜ਼ਿਆਦਾਤਰ ਥਾਈਂ ਸਵੇਰ ਵੇਲੇ ਧੁੰਦ ਰਹੀ। ਕੜਾਕੇ ਦੀ ਇਸ ਠੰਢ ਦੌਰਾਨ ਦੋਵਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਲੁਧਿਆਣਾ ਵਿੱਚ ਪਾਰਾ 1.6 ਡਿਗਰੀ ਸੈਲਸੀਅਸ ਤੱਕ ਹੇਠਾਂ ਚਲਾ ਗਿਆ। ਹਲਵਾਰਾ ਵਿੱਚ ਘੱਟੋ-ਘੱਟ ਤਾਪਮਾਨ 1.3 ਡਿਗਰੀ ਅਤੇ ਆਦਮਪੁਰ ਵਿੱਚ 1.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਾਕੀ ਸ਼ਹਿਰਾਂ ’ਚੋਂ ਬਠਿੰਡਾ, ਫ਼ਰੀਦਕੋਟ, ਪਟਿਆਲਾ ਅਤੇ ਪਠਾਨਕੋਟ ਦਾ ਘੱਟੋ-ਘੱਟ ਤਾਪਮਾਨ 2.1 ਡਿਗਰੀ, 2.9 ਡਿਗਰੀ, 3.6 ਡਿਗਰੀ ਅਤੇ 3.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਦੇ ਨਾਰਨੌਲ ਵਿੱਚ ਪਾਰਾ 0.3 ਡਿਗਰੀ ਸੈਲਸੀਅਸ ਤੱਕ ਚਲਾ ਗਿਆ, ਜੋ ਆਮ ਨਾਲੋਂ ਪੰਜ ਡਿਗਰੀ ਘੱਟ ਹੈ। ਸੂਬੇ ਵਿੱਚ ਕਰਨਾਲ, ਸਿਰਸਾ, ਰੋਹਤਕ ਅਤੇ ਅੰਬਾਲਾ ਦਾ ਘੱਟੋ-ਘੱਟ ਤਾਪਮਾਨ ਕ੍ਰਮਵਾਰ 2.6 ਡਿਗਰੀ, 2.5 ਡਿਗਰੀ, 2.6 ਡਿਗਰੀ ਅਤੇ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਦੋਵਾਂ ਸੂਬਿਆਂ ਵਿੱਚ ਅਗਲੇ ਦੋ ਦਿਨਾਂ ਦੌਰਾਨ ਕੜਾਕੇ ਦੀ ਠੰਢ ਪਵੇਗੀ।
ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਅੱਜ ਪਾਰਾ ਇੱਕ ਤੋਂ ਦੋ ਡਿਗਰੀ ਸੈਲਸੀਅਸ ਤੱਕ ਹੋਰ ਹੇਠਾਂ ਚਲਾ ਗਿਆ। ਸੂਬੇ ਦੇ ਕਸਬੇ ਕੇਲੌਂਗ, ਕਲਪਾ, ਡਲਹੌਜ਼ੀ ਅਤੇ ਕੁਫ਼ਰੀ ਵਿੱਚ ਤਾਪਮਾਨ ਮਨਫ਼ੀ ਵਿੱਚ ਦਰਜ ਕੀਤਾ ਗਿਆ। ਕੇਲੌਂਗ ਵਿੱਚ 0.6 ਐੱਮਐੱਮ ਬਰਫ਼ਬਾਰੀ ਵੀ ਹੋਈ ਅਤੇ ਇਸ ਦਾ ਤਾਪਮਾਨ ਮਨਫ਼ੀ 10.3 ਡਿਗਰੀ ਸੈਲਸੀਅਸ ਤੱਕ ਚਲਾ ਗਿਆ। ਸਿਮਲਾ ਵਿੱਚ ਘੱਟੋ-ਘੱਟ ਤਾਪਮਾਨ 1.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਸ੍ਰੀਨਗਰ: ਜੰਮੂ ਕਸ਼ਮੀਰ ਦੇ ਉਪਰਲੇ ਪਹਾੜੀ ਖੇਤਰਾਂ ਵਿੱਚ ਅੱਜ ਦਰਮਿਆਨੀ ਬਰਫ਼ਬਾਰੀ ਹੋਈ ਜਦਕਿ ਮੈਦਾਨੀ ਇਲਾਕਿਆਂ ਵਿੱਚ ਹਲਕੀ ਬਰਫ਼ਬਾਰੀ ਹੋਈ। ਸ੍ਰੀਨਗਰ ਵਿੱਚ ਅੱਜ ਸਵੇਰੇ 10 ਇੰਚ ਬਰਫ਼ਬਾਰੀ ਦਰਜ ਕੀਤੀ ਗਈ। ਜ਼ਿਲ੍ਹਾ ਬਡਗਾਮ ਦੇ ਕੁਝ ਖੇਤਰਾਂ ਵਿੱਚ ਇੱਕ ਫੁੱਟ ਤੱਕ ਬਰਫ਼ ਪਈ। ਸ੍ਰੀਨਗਰ ਵਿੱਚ ਤਾਪਮਾਨ ਜ਼ੀਰੋ ਡਿਗਰੀ ਦਰਜ ਕੀਤਾ ਗਿਆ ਜਦਕਿ ਪਹਿਲਗਾਮ ਅਤੇ ਗੁਲਮਰਗ ਵਿੱਚ ਪਾਰਾ ਮਨਫ਼ੀ ਤਿੰਨ ਡਿਗਰੀ ਅਤੇ ਮਨਫ਼ੀ 7.5 ਡਿਗਰੀ ਤੱਕ ਚਲਾ ਗਿਆ। ਲੱਦਾਖ ਦੇ ਕਸਬਾ ਲੇਹ ਵਿੱਚ ਤਾਪਮਾਨ ਮਨਫ਼ੀ 17.3 ਡਿਗਰੀ, ਕਾਰਗਿਲ ਵਿੱਚ ਮਨਫ਼ੀ 16.4 ਡਿਗਰੀ ਅਤੇ ਦਰਾਸ ਵਿੱਚ ਮਨਫ਼ੀ 17.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੰਮੂ ਖੇਤਰ ਵਿੱਚ ਸੰਘਣੀ ਧੁੰਦ ਕਾਰਨ ਅੱਜ ਜੰਮੂ ਹਵਾਈ ਅੱਡੇ ’ਤੇ ਆਉਣ-ਜਾਣ ਵਾਲੀਆਂ 17 ਉਡਾਣਾਂ ਰੱਦ ਕਰਨੀਆਂ ਪਈਆਂ ਜਦਕਿ ਸੱਤ ਹੋਰ ਦੇਰੀ ਨਾਲ ਪੁੱਜੀਆਂ।
ਜੈਪੁਰ: ਰਾਜਸਥਾਨ ਦੇ ਇਕਲੌਤੇ ਪਹਾੜੀ ਸ਼ਹਿਰ ਮਾਊਂਟ ਆਬੂ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੂਬੇ ਦੇ ਹੋਰ ਸ਼ਹਿਰਾਂ ’ਚੋਂ ਸਿਕਰ ’ਚ ਘੱਟੋ ਘੱਟ ਤਾਪਮਾਨ ਮਨਫ਼ੀ 1 ਡਿਗਰੀ, ਚੁਰੂ ’ਚ ਜ਼ੀਰੋ ਡਿਗਰੀ ਅਤੇ ਭੀਲਵਾੜਾ ਵਿੱਚ ਇੱਕ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
-ਪੀਟੀਆਈ
ਕਸ਼ਮੀਰ ’ਚ ਸੈਲਾਨੀਆਂ ਦੀ ਆਮਦ ਵਧੀ
ਸ੍ਰੀਨਗਰ: ਕਸ਼ਮੀਰ ਵਿੱਚ ਸੈਲਾਨੀਆਂ ਦੀ ਆਮਦ ਕਾਫ਼ੀ ਜ਼ਿਆਦਾ ਵਧ ਗਈ ਹੈ। ਨਵਾਂ ਸਾਲ ਮਨਾਉਣ ਲਈ ਵੱਡੀ ਗਿਣਤੀ ਲੋਕਾਂ ਨੇ ਗੁਲਮਰਗ ਅਤੇ ਪਹਿਲਗਾਮ ਦੇ ਰਿਜ਼ੌਰਟਾਂ ਅਤੇ ਹੋਟਲਾਂ ਵਿੱਚ ਬੁਕਿੰਗ ਕਰਵਾਈ ਹੋਈ ਹੈ। ਕਰੋਨਾਵਾਇਰਸ ਮਹਾਮਾਰੀ ਕਾਰਨ ਕੌਮਾਂਤਰੀ ਉਡਾਣਾਂ ’ਤੇ ਲੱਗੀ ਪਾਬੰਦੀ ਕਾਰਨ ਦੇਸ਼ ਭਰ ਵਿਚੋਂ ਲੋਕ ਕਸ਼ਮੀਰ ਦੀਆਂ ਵਾਦੀਆਂ ਦੇਖਣ ਆ ਰਹੇ ਹਨ। ਜੰਮੂੁ ਕਸ਼ਮੀਰ ਵਿੱਚ ਹੋਈ ਸੱਜਰੀ ਬਰਫ਼ਬਾਰੀ ਨੇ ਸੈਲਾਨੀਆਂ ਨੂੰ ਵਾਦੀ ਦੇ ਨਜ਼ਾਰਿਆਂ ਵੱਲ ਹੋਰ ਆਕਰਸ਼ਿਤ ਕੀਤਾ ਹੈ।
-ਪੀਟੀਆਈ
ਲੱਦਾਖ ’ਚ ਬਣਿਆ ਦੇਸ਼ ਦਾ ਸਭ ਤੋਂ ਉੱਚਾ ਮੌਸਮ ਕੇਂਦਰ
ਨਵੀਂ ਦਿੱਲੀ: ਕੇਂਦਰੀ ਸ਼ਾਸਤ ਪ੍ਰਦੇਸ਼ ਲੱਦਾਖ ਵਿੱਚ ਅੱਜ ਮੌਸਮ ਕੇਂਦਰ ਦਾ ਉਦਘਾਟਨ ਕੀਤਾ ਗਿਆ, ਜੋ ਸਥਾਨਕ ਤਾਪਮਾਨ ਦੀ ਪੇਸ਼ੀਨਗੋਈ ਕਰੇਗਾ। ਇਸ ਨਾਲ ਖੇਤਰ ਦੀ ਮੌਸਮ ਸਬੰਧੀ ਚਿਤਾਵਨੀ ਪ੍ਰਣਾਲੀ ਮਜ਼ਬੂਤ ਹੋਵੇਗੀ। ਕੇਂਦਰੀ ਭੂ-ਵਿਗਿਆਨ ਮੰਤਰੀ ਹਰਸ਼ਵਰਧਨ ਨੇ ਇਸ ਕੇਂਦਰ ਦਾ ਉਦਘਾਟਨ ਕਰਦਿਆਂ ਦੱਸਿਆ ਕਿ 3,500 ਮੀਟਰ ਉਚਾਈ ’ਤੇ ਸਥਿਤ ਹੋਣ ਕਰਕੇ ਇਹ ਕੇਂਦਰ ਦੇਸ਼ ਦਾ ਸਭ ਤੋਂ ਉੱਚਾ ਮੌਸਮ ਕੇਂਦਰ ਬਣ ਗਿਆ ਹੈ।
-ਪੀਟੀਆਈ