ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 4 ਦਸੰਬਰ
ਇਲਾਕੇ ’ਚ ਸ਼ਰ੍ਹੇਆਮ ਕੱਟੀਆਂ ਜਾ ਰਹੀਆਂ ਨਾਜਾਇਜ਼ ਕਲੋਨੀਆਂ ਦਾ ਮਾਮਲਾ ਸਟੇਟ ਵਿਜੀਲੈਂਸ ਦੇ ਧਿਆਨ ’ਚ ਆਉਣ ਤੇ ਇਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਹੁਣ ਪੁੱਡਾ ਦੇ ਕਈ ਅਧਿਕਾਰੀਆਂ ਨੇ ਕੁਝ ਨਾਜਾਇਜ਼ ਕਲੋਨੀਆਂ ’ਤੇ ਕਾਰਵਾਈ ਆਰੰਭ ਕਰ ਦਿੱਤੀ ਹੈ। ਇਸ ਦੇ ਆਧਾਰ ’ਤੇ ਪੁੱਡਾ ਦੇ ਅਧਿਕਾਰੀਆਂ ਦੀ ਦੇਖ-ਰੇਖ ’ਚ ਜੰਡੂਸਿੰਘਾ ਤੇ ਚੂਹੜਵਾਲੀ ਵਿਚ ਕੱਟੀਆਂ ਗਈਆਂ ਨਾਜਾਇਜ਼ ਕਲੋਨੀਆਂ ’ਤੇ ਕਾਰਵਾਈ ਕਰਦੇ ਹੋਏ ਇਨ੍ਹਾਂ ਨੂੰ ਢਾਹ ਦਿੱਤਾ ਗਿਆ। ਜਾਣਕਾਰੀ ਅਨੁਸਾਰ ਇਹ ਕਾਰਵਾਈ ਸੀਈਓ ਬਬੀਤਾ ਕਲੇਰ, ਅਨੁਪਮ ਕਲੇਰ, ਨਵਨੀਤ ਕੌਰ ਬੱਲ ਤੇ ਅਭਿਸ਼ੇਕ ਢੱਲ ਦੀ ਦੇਖ-ਰੇਖ ’ਚ ਕੀਤੀ ਗਈ। ਐੱਸਡੀਓ ਅਭਿਸ਼ੇਕ ਢੱਲ ਨੇ ਦੱਸਿਆ ਕਿ ਅੱਗੇ ਵੀ ਨਾਜਾਇਜ਼ ਕਲੋਨੀਆਂ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ। ਅਧਿਕਾਰੀ ਬਬੀਤਾ ਕਲੇਰ ਨੇ ਦੱਸਿਆ ਕਿ ਬੀਤੇ ਮਹੀਨੇ 40 ਕੇਸ ਦਰਜ ਕਰਵਾਏ ਗਏ ਹਨ।