ਮਾਨਸਾ: ਸਥਾਨਕ ਪੁਲੀਸ ਵੱਲੋਂ ਨਿਵੇਕਲੀ ਪਹਿਲਕਦਮੀ ਕਰਦੇ ਹੋਏ ਅੱਜ ਜ਼ਿਲ੍ਹੇ ਦੀਆਂ ਤਿੰਨੇ ਸਬ-ਡਵੀਜ਼ਨਾਂ ਵਿੱਜ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਦਰਖਾਸਤਾਂ ਦੇ ਨਿਪਟਾਰੇ ਸਬੰਧੀ 4 ਥਾਵਾਂ ’ਤੇ ਵਿਸੇਸ਼ ਕੈਂਪ (ਦਰਬਾਰ) ਲਗਾ ਕੇ ਕੁੱਲ 879 ਦਰਖਾਸਤਾਂ ਦਾ ਮੌਕਾ ’ਤੇ ਹੀ ਨਿਪਟਾਰਾ ਕੀਤਾ ਗਿਆ ਹੈ। ਐੱਸਐੱਸਪੀ ਮਾਨਸਾ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪ੍ਰਾਰਥੀ ਨੂੰ ਜਲਦੀ ਇਨਸਾਫ ਮੁਹੱਈਆ ਕਰਵਾਉਣ, ਪੁਲੀਸ-ਪਬਲਿਕ ਸਬੰਧਾਂ ਵਿੱਚ ਹੋਰ ਨੇੜਤਾ ਲਿਆਉਣ ਅਤੇ ਪੁਲੀਸ ਦਾ ਅਕਸ ਉਚਾ ਕਰਨ ਦੇ ਮਕਸਦ ਨਾਲ ਜ਼ਿਲ੍ਹੇ ਦੀਆ ਤਿੰਨੇ ਸਬ-ਡਿਵੀਜ਼ਨਾਂ ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਵਿੱਚ ਪਬਲਿਕ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਵੱਧ ਤੋਂ ਵੱਧ ਦਰਖਾਸਤਾਂ ਦੇ ਨਿਪਟਾਰੇ ਸਬੰਧੀ 4 ਥਾਵਾਂ ਉੱਪਰ ਵਿਸੇਸ਼ ਕੈਂਪ ਲਾਏ ਗਏ। ਉਨ੍ਹਾਂ ਕਿਹਾ ਕਿ ਮਾਨਸਾ ਸਬ-ਡਿਵੀਜ਼ਨ ਦੇ ਥਾਣਾ ਸਿਟੀ-1 ਮਾਨਸਾ, ਸਿਟੀ-2 ਮਾਨਸਾ, ਸਦਰ ਮਾਨਸਾ, ਭੀਖੀ, ਜੋਗਾ ਅਤੇ ਆਰਥਿਕ ਅਪਰਾਧ ਸ਼ਾਖਾ ਨਾਲ ਸਬੰਧਤ ਵਿਸੇਸ਼ ਕੈਂਪ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਦੀ ਪਾਰਕਿੰਗ ਵਿੱਚ ਲਗਾਇਆ ਗਿਆ। -ਪੱਤਰ ਪ੍ਰੇਰਕ