ਕਰੋਨਾ ਨੇ ਕਿਹਾ ‘ਅੰਦਰ ਬੰਦ ਹੋ ਜਾਓ’, ਕਿਸਾਨਾਂ ਨੇ ਕਿਹਾ ‘ਬਾਹਰ ਨਿਕਲੋ’, ਕਰੋਨਾ ਨੇ ਕਿਹਾ ‘ਡਰੋ’, ਕਿਸਾਨਾਂ ਨੇ ਕਿਹਾ ‘ਨਿਡਰ ਹੋ ਜਾਓ’। ਕਰੋਨਾ ਨੇ ਕਿਹਾ ‘ਹਰ ਕਿਸੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖੋ’, ਕਿਸਾਨਾਂ ਨੇ ਕਿਹਾ ‘ਨਹੀਂ, ਸਭ ਆਪਣੇ ਹਨ।’ ਕਰੋਨਾ ਦਾ ਪਾਜ਼ੇਟਿਵ ਅਸਲ ਵਿਚ ਨੈਗੇਟਿਵ ਸੀ। ਕਿਸਾਨਾਂ ਨੇ ਕਿਹਾ ਸਾਡੇ ਲਈ ਕੁਝ ਵੀ ਨੈਗੇਟਿਵ ਨਹੀਂ- ਸੈਂਕੜੇ ਕਿਲੋਮੀਟਰ ਲੰਬੀ ਵਾਟ, ਟਰੈਕਟਰ-ਟਰਾਲੀ ਦੇ ਹੁਝਕੇ, ਪਾਣੀ ਦੀਆਂ ਬੁਛਾੜਾਂ, ਲਾਠੀਆਂ, ਸੜਕਾਂ ’ਤੇ ਉਸਾਰੇ ਰੇਤ ਦੇ ਟਿੱਬੇ, ਕਿਤੇ ਡੂੰਘੀਆਂ ਪੁੱਟੀਆਂ ਤੇ ਕਿਤੇ ਚਟਾਨਾਂ ਜਿਹੇ ਪੱਥਰਾਂ ਨਾਲ ਰੋਕੀਆਂ ਸੜਕਾਂ-ਕੁਝ ਵੀ ਨੈਗੇਟਿਵ ਨਹੀਂ। ਹੱਡ-ਚੀਰਵੀਂ ਠੰਢ ’ਚ ਬੱਚਿਆਂ ਤੋਂ ਬਜ਼ੁਰਗਾਂ ਤਕ ਹਰ ਕੋਈ ਦਿੱਲੀ ਵੱਲ ਕੂਚ ਕਰਨ ਲਈ ਕਾਹਲਾ ਪੈ ਗਿਆ ਤਾਂ ਸਭ ਕੁਝ ਪਾਜ਼ੇਟਿਵ ਹੁੰਦਾ ਚਲਾ ਗਿਆ। ਸੜਕਾਂ ਕਿਨਾਰੇ ਰਹਿੰਦੇ ਲੋਕ ਹੈਰਾਨ ‘ਕਿਹੋ ਜਿਹੇ ਲੋਕ ਨੇ ਇਹ’। ਸੁਰੱਖਿਆ ਗਾਰਦਾਂ ਨਾਲ ਘਿਰੇ ਹੋਏ ਵੀ ਭੰਗੜੇ ਪਾ ਰਹੇ, ਗੀਤ ਗਾ ਰਹੇ ਅਤੇ ਨਾਅਰੇ ਲਾ ਰਹੇ ਨੇ। ਇਨ੍ਹਾਂ ਦੇ ਮਾਸੂਮ ਬੱਚੇ ਟਰਾਲੀਆਂ ’ਚ ਬੈਠੇ ਪੜ੍ਹ ਵੀ ਰਹੇ ਨੇ ਤੇ ਪੀਂਘਾਂ ਵੀ ਝੂਟ ਰਹੇ ਨੇ। ਲੰਗਰ ਛਕ ਰਹੇ ਨੇ, ਛਕਾ ਵੀ ਰਹੇ ਨੇ; ਉਨ੍ਹਾਂ ਨੂੰ ਵੀ ਜਿਨ੍ਹਾਂ ਰੋਕਾਂ, ਬੁਛਾੜਾਂ, ਲਾਠੀਆਂ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਹਰ ਕੋਈ ਇਨ੍ਹਾਂ ਦੇ ਸਿਦਕ, ਸਾਹਸ ਤੇ ਹੌਸਲੇ ਤੋਂ ਬਲਿਹਾਰੇ ਗਿਆ ਤੇ ਇਉਂ ਜਿਉਂ ਜਿਉਂ ਠੰਢ ਵਧਦੀ ਗਈ, ਕਾਫ਼ਲਾ ਵੀ ਵਧਦਾ ਗਿਆ। ਗੋਦੀ ਮੀਡੀਆ ਤੇ ਸਰਕਾਰ ਪ੍ਰੇਸ਼ਾਨ ਹੋ ਗਏ, ਹੋਣਾ ਹੀ ਸੀ; ਆਖਰ ਇਨ੍ਹਾਂ ਨੂੰ ਵੀ ਕੋਈ ਸਿੱਧਾ ਹੋ ਕੇ ਟੱਕਰ ਰਿਹਾ ਸੀ।
ਸਿਆਸਤਦਾਨ ਅਕਸਰ ਨਕਾਰਾਤਮਕਤਾ ਦਾ ਸਹਾਰਾ ਲੈ ਕੇ ਵੋਟਾਂ ਬਟੋਰਦੇ ਨੇ, ‘‘ਜੇ ਦੂਜੇ ਆ ਗਏ ਤਾਂ ਲੁੱਟ ਖਾਣਗੇ, ਤੁਹਾਡਾ ਜਿਊਣਾ ਹਰਾਮ ਕਰ ਦੇਣਗੇ। ਇਸ ਲਈ ਵੋਟਾਂ ਸਾਨੂੰ ਪਾਓ, ਜਿਵੇਂ ਅਸੀਂ ਕਹਿੰਦੇ ਹਾਂ ਉਵੇਂ ਵੰਡੇ ਜਾਓ।’’ ਕਰੋਨਾ ਨੇ ਵੀ ਇਹੋ ਕੀਤਾ। ਪਰਿਵਾਰ ਵੰਡ ਦਿੱਤੇ, ਰਿਸ਼ਤੇਦਾਰ ਵੰਡ ਦਿੱਤੇ, ਪਰ ਕਿਸਾਨਾਂ ਨੇ ਕਿਹਾ, ‘‘ਆਪਾਂ ਸਾਰੇ ਇਕ ਹਾਂ। ਰਲ ਕੇ ਬੈਠਾਂਗੇ, ਵੰਡ ਕੇ ਖਾਵਾਂਗੇ।’’
ਸਿਆਸਤਦਾਨ ਏਕਾ ਤੋੜਦੇ ਹਨ, ਕਿਸਾਨ ਜੋੜਦੇ ਹਨ। ਸਿਆਸਤਦਾਨ ਤੇ ਬਿਲਡਰਾਂ ਨੇ ਮਿਲ ਕੇ ਸੈਂਕੜੇ ਪਿੰਡ ਉਜਾੜ ਦਿੱਤੇ, ਕਿਸਾਨਾਂ ਨੇ ਸੜਕਾਂ ਉੱਤੇ ਹੀ ਪਿੰਡ ਵਸਾ ਦਿੱਤੇ। ਕਰੋਨਾ ਦਿਸਦਾ ਨਹੀਂ, ਛੁਪ ਕੇ ਵਾਰ ਕਰਦਾ ਹੈ। ਕਿਸਾਨਾਂ ਨੇ ਜੋ ਕਿਹਾ ਉਹੋ ਕੀਤਾ, ਡੰਕੇ ਦੀ ਚੋਟ ’ਤੇ ਕੀਤਾ। ਆਪਣੇ ਐਕਸ਼ਨਾਂ ਦੇ ਅਗਾਊਂ ਐਲਾਨ ਕਰਕੇ ਉਨ੍ਹਾਂ ਉਸ ਸਰਕਾਰ ਨੂੰ ਸ਼ਰੇਆਮ ਚੁਣੌਤੀ ਦਿੱਤੀ ਜੋ ਹੰਕਾਰ ਤੇ ਫੁੰਕਾਰ ਲਈ ਜਾਣੀ ਜਾਂਦੀ ਹੈ। ਫਣ ਤਾਣ ਤਾਣ ਫੁੰਕਾਰਦੇ ਹਾਕਮ ਇਹ ਭੁੱਲ ਹੀ ਗਏ ਕਿ ਇਹ ਲੋਕ ਵੀ ਸੱਪਾਂ ਦੀਆਂ ਸਿਰੀਆਂ ਮਿੱਧਣ ਦੇ ਆਦੀ ਹਨ।
ਕਰੋਨਾ ਨੂੰ ਲੈ ਕੇ ਦਸ ਮਹੀਨਿਆਂ ਤੋਂ ਕਿਹਾ ਜਾ ਰਿਹਾ ਹੈ ਕਿ ਇਸ ਨੇ ਸੰਸਾਰ ਨੂੰ ਬਦਲ ਦੇਣਾ ਹੈ, ਪਰ ਕਿਸਾਨਾਂ ਨੇ ਮਹੀਨੇ ਕੁ ਵਿਚ ਹੀ ਦਰਸਾ ਦਿੱਤਾ ਹੈ ਕਿ ਜੇ ਸੰਸਾਰ ਨਹੀਂ ਤਾਂ ਘੱਟੋ ਘੱਟ ਇਸ ਮੁਲਕ ਨੂੰ ਉਹ ਜ਼ਰੂਰ ਬਦਲ ਦੇਣਗੇੇ। ਕਰੋਨਾ ਨੇ ਹਲਕੇ ਜਿਹੇ ਬੁਖ਼ਾਰ ਤੇ ਮਾੜੀ ਜਿਹੀ ਖੰਘ ਵਾਲੇ ਲੋਕ ਵੀ ਅੰਦਰੀਂ ਵਾੜ ਦਿੱਤੇ ਤੇ ਸਰਕਾਰਾਂ ਨੂੰ ਲੱਗਿਆ ਕਿ ਉਹ ਹੁਣ ਜਿਹੜਾ ਮਰਜ਼ੀ ਲੋਕ ਵਿਰੋਧੀ ਕਾਨੂੰਨ ਬਣਾ ਲੈਣ। ਹੋਰਾਂ ਨੂੰ ਸਮਝ ਆਈ ਕਿ ਨਹੀਂ, ਪਤਾ ਨਹੀਂ, ਪਰ ਕਿਸਾਨਾਂ ਨੂੰ ਫੌਰੀ ਸਮਝ ਆ ਗਈ ਕਿ ਆਜ਼ਾਦੀ ਦੇ ਨਾਂ ’ਤੇ ਉਨ੍ਹਾਂ ਨੂੰ ਅਸਲ ਵਿਚ ਗ਼ੁਲਾਮ ਬਣਾਉਣ ਦੀ ਸਾਜ਼ਿਸ਼ ਹੈ। ਆਪਣੇ ਪੂੰਜੀਪਤੀ ਮਿੱਤਰਾਂ ਨੂੰ ਖ਼ੁਸ਼ ਕਰਨ ਲਈ ਜਦੋਂ ਦਸ-ਦਸ ਲੱਖ ਦੇ ਸੂਟ ਤੇ ਹੋਰ ਵਸਤਰ ਪਹਿਨਣ ਵਾਲੇ ਵੱਡੇ ਆਗੂ ਕਿਰਤੀ ਕਿਸਾਨਾਂ ਲਈ ਕਾਨੂੰਨ ਬਣਾਉਂਦੇ ਹਨ ਤਾਂ ਇਹ ਸਮਝਦੇ ਹਨ ਕਿ ਇਹ ਤਾਂ ‘ਅਨਪੜ੍ਹ’ ਕਿਸਾਨਾਂ ਨੂੰ ਸਮਝ ਹੀ ਨਹੀਂ ਪੈਣੇ। ਇਸ ਲਈ ਉਹ ਅਜੇ ਤਕ ਕਿਸਾਨਾਂ ਨੂੰ ‘ਸਮਝਾਉਣ’ ਲੱਗੇ ਹੋਏ ਹਨ। ਹਾਲਾਂਕਿ ਇਨ੍ਹਾਂ ਆਗੂਆਂ ਨੂੰ ਇਹ ਵੀ ਨਹੀਂ ਪਤਾ ਕਿ ਮਿੱਟੀ ਨਾਲ ਮਿੱਟੀ ਹੋਣ ਵਾਲੇ ਕਿਸਾਨਾਂ ਲਈ ਜ਼ਮੀਨ ਦਾ ਕੀ ਮਹੱਤਵ ਹੈ ਤੇ ਉਹ ਇਸ ਦੀ ਰੱਖਿਆ ਲਈ ਕਿੱਥੋਂ ਤਕ ਜਾ ਸਕਦੇ ਹਨ। ਇਸ ਮਿੱਟੀ ’ਚ ਉਨ੍ਹਾਂ ਦੇ ਪੁਰਖਿਆਂ ਦੀਆਂ ਯਾਦਾਂ ਵੀ ਹਨ ਅਤੇ ਅਗਲੀ ਪੀੜ੍ਹੀ ਦੇ ਸੁਪਨੇ ਵੀ।
ਸਾਰੇ ਸੰਚਾਰ ਮਾਧਿਅਮਾਂ ’ਤੇ ਪਿਛਲੇ ਦਸ ਮਹੀਨਿਆਂ ਤੋਂ ਛਾਏ ਹੋਏ ਕਰੋਨਾ ਬਾਰੇ ਅਜੇ ਤਕ ਵਿਗਿਆਨੀ ਤੇ ਡਾਕਟਰ ਵੀ ਸਪੱਸ਼ਟ ਨਹੀਂ। ਸਿਆਸਤਦਾਨਾਂ ਨੂੰ ਇਹ ਭੰਬਲਭੂਸਾ ਫਿੱਟ ਬੈਠਦਾ ਹੈ। ਕਿਸਾਨ ਮੋਰਚੇ ’ਚ ਅੱਜ ਜਿਹੜੇ ਲੋਕ ਕਿਸੇ ਨਾ ਕਿਸੇ ਤਰ੍ਹਾਂ ਸ਼ਾਮਲ ਹਨ, ਉਨ੍ਹਾਂ ਦੀਆਂ ਆਉਂਦੀਆਂ ਪੀੜ੍ਹੀਆਂ ਬੜੇ ਮਾਣ ਨਾਲ ਕਿਹਾ ਕਰਨਗੀਆਂ ਕਿ ਸਾਡੇ ਪੁਰਖਿਆਂ ਨੇ ਦਿੱਲੀ ਮੋਰਚੇ ’ਚ ਹਿੱਸਾ ਲਿਆ ਸੀ। ਇਹ ਤਾਂ ਮੈਂ ਹੀ ਜਾਣਦਾ ਹਾਂ ਕਿ ਉਸ ਸਮੇਂ ਮੈਂ ਕਿੰਨਾ ਮਾਣਮੱਤਾ ਹੁੰਦਾ ਹਾਂ ਜਦੋਂ ਕਿਸੇ ਨੂੰ ਇਹ ਦੱਸਦਾ ਹਾਂ ਕਿ 1959 ਦੇ ਖੁਸ਼-ਹੈਸੀਅਤ ਮੋਰਚੇ ’ਚ ਔਰਤਾਂ ਦੇ ਜਥੇ ’ਚ ਮੇਰੀ ਨਾਨੀ ਵੀ ਜਲੰਧਰ ਗਈ ਸੀ ਤੇ ਉੱਥੇ ਹੋਏ ਲਾਠੀਚਾਰਜ ਵਿਚ ਉਸ ਦੀ ਬਾਂਹ ਟੁੱਟ ਗਈ ਸੀ। ਖ਼ਤਰਨਾਕ ਖੇਤੀ ਕਾਨੂੰਨਾਂ ਵਿਰੁੱਧ ਜੂਝ ਰਹੇ ਪੰਜਾਬੀਆਂ ਨੂੰ ਕਿਸਾਨ ਮੋਰਚੇ ਨੇ ਅਜਿਹੀ ਸ਼ਕਤੀ ਦਿੱਤੀ ਹੈ ਕਿ ਉਹ ਨਵੇਂ ਵਰ੍ਹੇ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਉਸ ਨੂੰ ਖੁਸ਼ਆਮਦੀਦ ਕਹਿ ਸਕਣਗੇ।
ਸੰਪਰਕ: 98155-51478