ਨਵੀਂ ਦਿੱਲੀ, 28 ਦਸੰਬਰ
ਦਿੱਲੀ ਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) ਨੇ ਅੱਜ ਆਪਣੇ ਸਾਬਕਾ ਪ੍ਰਧਾਨ ਅਰੁਣ ਜੇਤਲੀ ਦੀ ਯਾਦ ’ਚ ਸਥਾਪਤ ਮੂਰਤੀ ਦਾ ਉਦਘਾਟਨ ਕੀਤਾ। ਇਹ ਮੂਰਤੀ ਪਿਛਲੇ ਕੁਝ ਸਮੇਂ ਤੋਂ ਵਿਵਾਦਾਂ ’ਚ ਰਹੀ ਹੈ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ੍ਰੀ ਜੇਤਲੀ ਦੀ ਮੂਰਤੀ ਤੋਂ ਪਰਦਾ ਹਟਾਇਆ, ਜਿਸਨੂੰ 96 ਸਾਲਾਂ ਮੂਰਤੀਸਾਜ਼ ਰਾਮ ਸੂਤਰ ਨੇ ਤਿਆਰ ਕੀਤਾ ਹੈ। ਸੂਤਰ ਨੂੰ ਗੁਜਰਾਤ ਵਿੱਚ ‘ਸਟੈਚੂ ਆਫ਼ ਯੂਨਿਟੀ’ ਤਿਆਰ ਕਰਨ ਦਾ ਮਾਣ ਹਾਸਲ ਹੈ।
ਦੱਸਣਯੋਗ ਹੈ ਕਿ ਸਾਬਕਾ ਭਾਰਤੀ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਨੇ ਕਿਸੇ ਪ੍ਰੇਰਨਾਮਈ ਕ੍ਰਿਕਟਰ ਦੀ ਬਜਾਇ ਇੱਕ ਪ੍ਰਸ਼ਾਸਕ ਦੀ ਮੂਰਤੀ ਸਥਾਪਤ ਕਰਨ ਦੇ ਫ਼ੈਸਲੇ ਲਈ ਕਈ ਵਾਰ ਡੀਡੀਸੀਏ ਦੀ ਆਲੋਚਨਾ ਕੀਤੀ ਹੈ ਅਤੇ ਫਿਰੋਜ਼ ਸ਼ਾਹ ਕੋਟਲਾ ਗਰਾਊਂਡ ਵਿੱਚ ਇੱਕ ਸਟੈਂਡ ਤੋਂ ਸ੍ਰੀ ਜੇਤਲੀ ਦਾ ਨਾਂ ਹਟਾਉਣ ਦੀ ਮੰਗ ਵੀ ਕੀਤੀ ਹੈ। ਇਸ ਮੌਕੇ ਸ੍ਰੀ ਸ਼ਾਹ ਨੇ ਸ੍ਰੀ ਜੇਤਲੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ,‘ਅਰੁਣ ਮੇਰੇ ਲਈ ਵੱਡੇ ਭਰਾ ਵਾਂਗ ਸਨ। ਉਨ੍ਹਾਂ ਨੂੰ ਰਾਜਸੀ ਹਲਕੇ ’ਚ ਉਨ੍ਹਾਂ ਦੇ ਖਿਡਾਰੀਆਂ ਵਾਲੇ ਜਜ਼ਬੇ ਲਈ ਜਾਣਿਆ ਜਾਂਦਾ ਸੀ। ਉਨ੍ਹਾਂ ਕਈ ਵਾਰ ਤਿੱਖੇ ਭਾਸ਼ਣ ਵੀ ਦਿੱਤੇ, ਪਰ ਕਦੇ ਵੀ ਸੰਸਦ ਦੇ ਮਾਣ ਨੂੰ ਠੇਸ ਨਹੀਂ ਪੁੱਜਣ ਦਿੱਤੀ।’’ ਇਸ ਮੌਕੇ ਸਮਾਗਮ ਵਿੱਚ ਬੀਸੀਸੀਆਈ ਦੇ ਪ੍ਰਧਾਨ ਤੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ, ਸ਼ਿਖਰ ਧਵਨ, ਗੌਤਮ ਗੰਭੀਰ, ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਤੇ ਕਈ ਡੀਡੀਸੀਏ ਅਧਿਕਾਰੀ ਵੀ ਹਾਜ਼ਰ ਸਨ। -ਪੀਟੀਆਈ
ਜੇਤਲੀ ਦੀ ਸ਼ਖਸੀਅਤ ਹਮੇਸ਼ਾ ਯਾਦ ਰੱਖੀ ਜਾਵੇਗੀ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਆਗੂ ਅਰੁਣ ਜੇਤਲੀ ਨੂੰ ਉਨ੍ਹਾਂ ਦੀ ਜੈਅੰਤੀ ਮੌਕੇ ਅੱਜ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਸ਼ਖ਼ਸੀਅਤ, ਸਮਝਦਾਰੀ, ਕਾਨੂੰਨੀ ਸਮਝ ਅਤੇ ਹਾਜ਼ਿਰ ਜਵਾਬੀ ਨੂੰ ਉਹ ਸਾਰੇ ਲੋਕ ਯਾਦ ਕਰਦੇ ਹਨ ਜੋ ਉਨ੍ਹਾਂ ਦੇ ਕਾਫੀ ਨਜ਼ਦੀਕ ਸਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸ੍ਰੀ ਜੇਤਲੀ ਅਸਾਧਾਰਨ ਸੰਸਦ ਮੈਂਬਰ ਸਨ ਜਿਨ੍ਹਾਂ ਦੇ ਗਿਆਨ ਤੇ ਅੰਤਰ-ਦ੍ਰਿਸ਼ਟੀ ਦਾ ਮੁਕਾਬਲਾ ਕੋਈ ਨਹੀਂ ਹੈ। ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਜੇਤਲੀ ਨੂੰ ਇੱਕ ਅਹਿਮ ਬੁਲਾਰੇ ਤੇ ਸਮਰੱਥ ਰਣਨੀਤੀਕਾਰ ਵਜੋਂ ਯਾਦ ਕੀਤਾ ਜਾਵੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ’ਚ ਜੇਤਲੀ ਦੀ ਭੂਮਿਕਾ ਹਮੇਸ਼ਾ ਯਾਦ ਰੱਖੀ ਜਾਵੇਗੀ। -ਪੀਟੀਆਈ
ਬੇਦੀ ਨੂੰ ਸਟੇਡੀਅਮ ’ਚੋਂ ਨਾਂ ਹਟਾਉਣ ਦੀ ਮੰਗ ਵਾਪਸ ਲੈਣ ਦੀ ਅਪੀਲ
ਦਿੱਲੀ ਕ੍ਰਿਕਟ ਐਸੋੋਸੀਏਸ਼ਨ ਦੇ ਪ੍ਰਧਾਨ ਰੋਹਨ ਜੇਤਲੀ ਨੇ ਕਿਹਾ ਕਿ ਉਨ੍ਹਾਂ ਵਲੋਂ ਉੱਘੇ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਫਿਰੋਜ਼ ਸ਼ਾਹ ਕੋਟਲਾ ਸਟੇਡੀਅਮ ਦੇ ਸਟੈਂਡ ਤੋਂ ਆਪਣਾ ਨਾਂ ਹਟਾਉਣ ਦੀ ਮੰਗ ਵਾਪਸ ਲੈਣ। ਉਨ੍ਹਾਂ ਸ੍ਰੀ ਬੇਦੀ ਦੀ ਤੁਲਨਾ ਭੀਸ਼ਮ ਪਿਤਾਮਾ ਨਾਲ ਕਰਦਿਆਂ ਅਪੀਲ ਕੀਤੀ ਕਿ ਉਹ ਆਪਣੇ ਫੈਸਲੇ ’ਤੇ ਨਜ਼ਰਸਾਨੀ ਕਰਨ। ਰੋਹਨ ਨੇ ਕਿਹਾ ਕਿ ਸ੍ਰੀ ਬੇਦੀ ਨੂੰ ਉਨ੍ਹਾਂ ਦੇ ਪਿਤਾ ਖਿਲਾਫ਼ ਟਿੱਪਣੀ ਕਰਨ ਨਾਲੋਂ ਉਸ ਨਾਲ ਨਿੱਜੀ ਤੌਰ ’ਤੇ ਗੱਲਬਾਤ ਕਰਨੀ ਚਾਹੀਦੀ ਸੀ ਪਰ ਸ੍ਰੀ ਬੇਦੀ ਉਨ੍ਹਾਂ ਦੇ ਪਿਤਾ ਸਾਮਾਨ ਹਨ। ਉਨ੍ਹਾਂ ਕਿਹਾ ਕਿ ਸਟੈਂਡ ਵਿਚੋਂ ਨਾਂ ਹਟਾਉਣ ਦਾ ਫੈਸਲਾ ਸਿਰਫ ਬੀਸੀਸੀਆਈ ਹੀ ਕਰ ਸਕਦੀ ਹੈ ਤੇ ਉਨ੍ਹਾਂ ਨੇ ਆਪਣੀ ਐਸੋਸੀਏਸ਼ਨ ਵਿਚ ਇਹ ਮੁੱਦਾ ਵਿਚਾਰਿਆ ਸੀ। ਉਨ੍ਹਾਂ ਕਿਹਾ ਕਿ ਉਸ (ਰੋਹਨ) ਦੇ ਪ੍ਰਧਾਨ ਬਣਨ ਤੋਂ ਪਹਿਲਾਂ ਹੀ ਅਰੁਣ ਜੇਤਲੀ ਦਾ ਬੁੱਤ ਲਗਾਉਣ ਸਬੰਧੀ ਫੈਸਲਾ ਹੋ ਚੁੱਕਿਆ ਸੀ। ਜ਼ਿਕਰਯੋਗ ਹੈ ਕਿ ਸ੍ਰੀ ਬੇਦੀ ਨੇ ਸਟੇਡੀਅਮ ਵਿਚ ਰਾਜਸੀ ਆਗੂ ਦਾ ਬੁੱਤ ਲਾਉਣ ਦਾ ਵਿਰੋਧ ਕੀਤਾ ਸੀ। -ਪੀਟੀਆਈ