ਜੋਗਿੰਦਰ ਸਿੰਘ ਓਬਰਾਏ
ਖੰਨਾ, 28 ਦਸੰਬਰ
ਸਿਹਤਮੰਦ ਸਰੀਰ ਵਿਚ ਹੀ ਸਿਹਤਮੰਦ ਦਿਮਾਗ ਨਿਵਾਸ ਕਰਦਾ ਹੈ। ਇਸ ਅਖਾਣ ਨੂੰ ਯਕੀਨੀ ਬਨਾਉਣ ਲਈ ਪੁਲੀਸ ਵਿਭਾਗ ਯਤਨਸ਼ੀਲ ਹੈ। ਇਸੇ ਕੜੀ ਤਹਿਤ ਅੱਜ ਪੁਲੀਸ ਕਰਮਚਾਰੀਆਂ ਨੂੰ ਸਰੀਰਕ ਤੌਰ ’ਤੇ ਸਿਹਤਮੰਦ ਰੱਖਣ ਲਈ ਰਿਫਰੈਸ਼ਰ ਕੋਰਸ ਕਰਵਾਇਆ ਗਿਆ। ਇਸ ਮੌਕੇ ਪੁਲੀਸ ਜ਼ਿਲ੍ਹਾ ਖੰਨਾ ਦੇ ਐਸ.ਐਸ.ਪੀ ਗੁਰਸ਼ਰਨਦੀਪ ਸਿੰੰਘ ਗਰੇਵਾਲ ਨੇ ਕਿਹਾ ਕਿ ਸੀਨੀਅਰ ਪੁਲੀਸ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ’ਤੇ ਆਉਂਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕਰਮਚਾਰੀਆਂ ਨੂੰ ਤੰਦਰੁਸਤ ਰੱਖਣ ਲਈ ਰਿਫਰੈਸ਼ਰ ਕੋਰਸ ਪੁਲੀਸ ਲਾਈਨ ਖੰਨਾ ਵਿੱਚ ਕਰਵਾਇਆ ਜਾ ਰਿਹਾ ਹੈ, ਤਾਂ ਜੋ ਪੁਲੀਸ ਕਰਮਚਾਰੀਆਂ ਨੂੰ ਸਖਤ ਡਿਊਟੀ ਦੇ ਨਾਲ-ਨਾਲ ਮਾਨਸਿਕ ਅਤੇ ਸਰੀਰਕ ਤੌਰ ’ਤੇ ਫਿੱਟ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਫਿਜ਼ੀਕਲ ਕੋਰਸ ਜਾਰੀ ਰਹਿਣਗੇ, ਜਿਨ੍ਹਾਂ ਵਿਚ ਵੱਖ-ਵੱਖ ਕਰਮਚਾਰੀਆਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ।