ਮੁਕੰਦ ਸਿੰਘ ਚੀਮਾ
ਸੰਦੌੜ 23 ਫਰਵਰੀ
ਸ਼ਹੀਦ ਬਾਬਾ ਸੁੱਧਾ ਸਿੰਘ ਦੀ ਯਾਦ ਬਣੇ ਅਸਥਾਨ ਇਤਿਹਾਸਕ ਗੁਰਦੁਆਰਾ ਸਾਹਿਬ ਸ਼ਹੀਦੀ ਪਿੰਡ ਕੁਠਾਲਾ ਵਿੱਚ ਵੱਡੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਤਿੰਨ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਅੰਤਿਮ ਦਿਨ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਸ਼ਾਮਲ ਹੋਏ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ ਅਤੇ ਖਜ਼ਾਨਚੀ ਗੋਬਿੰਦ ਸਿੰਘ ਫੌਜੀ ਨੇ ਦੱਸਿਆ ਕਿ ਸਮਾਗਮ ਵਿਚ ਪਹੁੰਚੇ ਮਹਾਂਪੁਰਖਾਂ ਨੇ ਸਿੱਖ ਇਤਿਹਾਸ ਵਿਚ ਵਾਪਰੇ ਇਸ ਘੱਲੂਘਾਰੇ ਅਤੇ ਸ਼ਹੀਦ ਬਾਬਾ ਸੁੱਧਾ ਸਿੰਘ ਦੇ ਜੀਵਨ ਅਤੇ ਉਨ੍ਹਾਂ ਦੇ ਇਤਿਹਾਸ ’ਤੇ ਚਾਨਣਾ ਪਾਉਂਦੇ ਹੋਏ ਹਾਜ਼ਰ ਸੰਗਤਾਂ ਨੂੰ ਉਨ੍ਹਾਂ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦਾ ਹੋਕਾ ਦਿੱਤਾ। ਸਮਾਗਮ ਵਿਚ ਬਾਬਾ ਤਰਲੋਚਨ ਸਿੰਘ, ਗਿਆਨੀ ਗੁਰਵਿੰਦਰ ਸਿੰਘ ਨੰਗਲੀ, ਬਾਬਾ ਖੜਕ ਸਿੰਘ, ਸੰਤ ਆਤਮਾ ਨੰਦ, ਵੀਰ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ, ਗਿਆਨੀ ਪਾਲਾ ਸਿੰਘ ਹਾਜ਼ਰ ਸਨ। ਸਮਾਗਮ ਦੌਰਾਨ ਸ਼ਹੀਦ ਬਾਬਾ ਸੁੱਧਾ ਸਿੰਘ ਦੇ ਜੀਵਨ ’ਤੇ ਲਿਖੀ ਕਿਤਾਬ ਨੂੰ ਵੀ ਰਿਲੀਜ਼ ਕੀਤਾ ਗਿਆ।