ਮਨ ਝੰਜੋੜਿਆ ਗਿਆ
9 ਅਕਤੂਬਰ ਨੂੰ ਪਹਿਲੇ ਪੰਨੇ ’ਤੇ ‘ਪਿਤਾ ਵੱਲੋਂ ਤਿੰਨ ਬੱਚਿਆਂ ਨੂੰ ਫਾਹੇ ਲਗਾ ਕੇ ਖ਼ੁਦਕੁਸ਼ੀ’ ਸਿਰਲੇਖ ਹੇਠ ਰੌਂਗਟੇ ਖੜ੍ਹੇ ਕਰਨ ਵਾਲੀ ਖ਼ਬਰ ਪੜ੍ਹ ਕੇ ਮਨ ਉਦਾਸ ਹੋ ਗਿਆ। ਦਰਅਸਲ, ਇਹੋ ਜਿਹੀਆਂ ਦਰਦਨਾਕ ਅਤੇ ਭਿਆਨਕ ਘਟਨਾਵਾਂ ਵਾਪਰਨ ਦੇ ਜ਼ਿੰਮੇਵਾਰ ਸਾਡੇ ਸਮਾਜ ਦੇ ਕਾਫ਼ੀ ਸਾਰੇ ਲੋਕ ਹਨ ਕਿਉਂਕਿ ਉਨ੍ਹਾਂ ਲੋਕਾਂ ਨੂੰ ਦੂਸਰੇ ਲੋਕਾਂ ਦੀ ਸਰੀਰਕ ਤੇ ਮਾਨਸਿਕ ਹਾਲਤ ਬਾਰੇ ਕੱਖ ਪਤਾ ਨਹੀਂ ਹੁੰਦਾ। ਜੇਕਰ ਔਕੜ ਵਿਚ ਘਿਰੇ ਉਸ ਬੰਦੇ ਦੇ ਕੁਝ ਕੁ ਰਿਸ਼ਤੇਦਾਰ ਤੇ ਦੋਸਤ-ਮਿੱਤਰ ਹੀ ਉਸ ਦੀ ਮਨੋ-ਸਥਿਤੀ ਸਮਝ ਕੇ ਉਸ ਨੂੰ ਚੜ੍ਹਦੀ ਕਲਾ ਵਿਚ ਰਹਿਣ ਦਾ ਹੌਸਲਾ ਦਿੰਦੇ ਤਾਂ ਸ਼ਾਇਦ ਉਹ ਇੰਨਾ ਵੱਡਾ ਗ਼ਲਤ ਕਦਮ ਕਦੇ ਵੀ ਨਾ ਚੁੱਕਦਾ। ਸਾਨੂੰ ਸਭ ਨੂੰ ਇਕ ਦੂਜੇ ਮਨੁੱਖ ਦੀ ਮਨੋ-ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਹੀ ਸਾਡੇ ਸਮਾਜ ਵਿਚੋਂ ਇਹੋ ਜਿਹੀਆਂ ਘਟਨਾਵਾਂ ਰੁਕ ਸਕਣਗੀਆਂ।
ਹਰਮਨ ਅਰੋੜਾ, ਪਿੰਡ ਜੱਜਲ (ਬਠਿੰਡਾ)
ਦਲਿਤ ਬਨਾਮ ਸਿੱਖਿਆ ਢਾਂਚਾ
13 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਐੱਸਆਰ ਲੱਧੜ ਦਾ ਲੇਖ ‘ਵਜ਼ੀਫ਼ਾ ਅਤੇ ਦਲਿਤ ਵਿਦਿਆਰਥੀਆਂ ਦਾ ਭਵਿੱਖ’ ਦਲਿਤਾਂ ਦੀ ਸਿੱਖਿਆ ਦੀ ਦਾਸਤਾਨ ਬਿਆਨ ਕਰਦਾ ਹੈ। ਦੇਸ਼ ਦਾ ਸਿੱਖਿਆ ਢਾਂਚਾ ਅਜਿਹਾ ਬਣ ਰਿਹਾ ਹੈ ਕਿ ‘ਸਿੱਖਿਆ ਵਿਚ ਬਰਾਬਰੀ’ ਦੇ ਸਿਧਾਂਤ ਦੀ ਜਗ੍ਹਾ ਅਮੀਰ ਗ਼ਰੀਬ ਦੀ ਸਿੱਖਿਆ ਵਿਚ ਪਾੜਾ ਵਧ ਰਿਹਾ ਹੈ। ਅਮੀਰ ਮਹਿੰਗੀ ਅਤੇ ਪ੍ਰਾਈਵੇਟ ਸਿੱਖਿਆ ਲੈ ਕੇ ਰਾਜ਼ੀ ਹਨ ਜਦਕਿ ਦਲਿਤਾਂ ਲਈ ਸਰਕਾਰੀ ਸਕੂਲ ਹਨ। ਇਹ ਸਰਕਾਰੀ ਸਕੂਲ ਵੀ ਨਾਮ ਦੇ ਹਨ। ਸਰਕਾਰਾਂ ਵੀ ਇਨ੍ਹਾਂ ਵਿਚ ਨਵੀਆਂ ਤੇ ਚੰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੀ ਥਾਂ ਸਰਕਾਰੀ ਸਕੂਲਾਂ ਨੂੰ ਖ਼ਤਮ ਕਰਨ ਦੇ ਨਾਲ ਨਾਲ ਦਲਿਤ ਵਿਦਿਆਰਥੀਆਂ ਲਈ ਪਹਿਲਾਂ ਤੋਂ ਜਾਰੀ ਸਹੂਲਤਾਂ ਵੀ ਮੁਹੱਈਆ ਨਹੀਂ ਕਰਵਾ ਰਹੀਆਂ। ਅਜਿਹੇ ਹਾਲਾਤ ਵਿਚ ਦਲਿਤ ਕਿੱਧਰ ਜਾਣ?
ਜਸਵੰਤ ਕੌਰ ਮਣੀ, ਪਿੰਡ ਕੋਟਗੁਰੂ (ਬਠਿੰਡਾ)
(2)
ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ ਸਬੰਧੀ ਐੱਸਆਰ ਲੱਧੜ ਦਾ ਲੇਖ ਪੜ੍ਹਿਆ। ਲੇਖਕ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੀ ਦਲਿਤ ਵਰਗ ਪ੍ਰਤੀ ਬਦਨੀਤੀ ਬਾਰੇ ਜਾਣਕਾਰੀ ਦਿੱਤੀ ਹੈ। ਅਸਲ ਵਿਚ ਦੋਵੇਂ ਸਰਕਾਰਾਂ ਦਲਿਤ ਵਿਦਿਆਰਥੀਆਂ ਪ੍ਰਤੀ ਗੰਭੀਰ ਨਹੀਂ ਹਨ। ਦਲਿਤ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਤੋਂ ਦੂਰ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ।
ਮੇਘਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)
ਕਿਸਾਨ ਅੰਦੋਲਨ ਬਨਾਮ ਲੋਕ ਅੰਦੋਲਨ
13 ਅਕਤੂਬਰ ਨੂੰ ਸੰਪਾਦਕੀ ‘ਕਿਸਾਨ ਅੰਦੋਲਨ’ ਪੜ੍ਹਿਆ। ਕਿਸਾਨ ਅੰਦੋਲਨ ਨੂੰ ਲੋਕ ਅੰਦੋਲਨ ਵਿਚ ਬਦਲਣ ਵਾਲੇ ਵਿਚਾਰ ਪ੍ਰਸੰਸਾਯੋਗ ਹਨ। ਸਿਆਸੀ ਪਾਰਟੀਆਂ ਨੂੰ ਕਿਸਾਨ ਅੰਦੋਲਨ ਵਿਚ ਸਹਿਯੋਗ ਪਾਰਟੀਆਂ ਤੋਂ ਉੱਪਰ ਉੱਠ ਕੇ ਦੇਣਾ ਚਾਹੀਦਾ ਹੈ। ਸਾਰੀਆਂ ਕਿਸਾਨ ਯੂਨੀਅਨਾਂ ਨੂੰ ਵੀ ਥੋੜ੍ਹਾ ਸੰਜਮ ਤੋਂ ਕੰਮ ਲੈ ਕੇ ਇਕ ਰਾਏ ਬਣਾਉਣੀ ਚਾਹੀਦੀ ਹੈ ਅਤੇ ਆਪਣੀ ਗੱਲ ਠੋਕ ਵਜਾ ਕੇ ਰੱਖਣੀ ਚਾਹੀਦੀ ਹੈ।
ਜਗਦੇਵ ਸ਼ਰਮਾ ਬੁਗਰਾ, ਧੂਰੀ
ਲੇਖ ਦਾ ਕ੍ਰਿਸ਼ਮਾ
12 ਅਕਤੂਬਰ ਨੂੰ ਪਰਵਾਜ਼ ਪੰਨੇ ਉੱਤੇ ਸੁਰਿੰਦਰ ਸਿੰਘ ਤੇਜ ਦਾ ਲੇਖ ‘ਅਜਗਰੀ ਤਹਿਜ਼ੀਬ : ਇਤਿਹਾਸ ਤੇ ਅਸਲੀਅਤ ਪੜ੍ਹਦਿਆਂ ਇਉਂ ਮਹਿਸੂਸ ਹੋਇਆ ਜਿਵੇਂ ਮਾਈਕਲ ਵੁੱਡ ਦੀ ਹੀ ਕਿਤਾਬ ‘ਦਿ ਸਟੋਰੀ ਆਫ਼ ਚਾਈਨਾ’ ਪੜ੍ਹ ਰਹੇ ਹੋਈਏ। ਉਨ੍ਹਾਂ ਗੱਲਾਂ ਦਾ ਪਤਾ ਲੱਗਿਆ ਜਿਹੜੇ ਗੁਆਂਢੀ ਹੋਣ ਦੇ ਬਾਵਜੂਦ ਚੀਨ ਬਾਰੇ ਨਹੀਂ ਜਾਣਦੇ ਸੀ। ਮਿਸਾਲ ਵਜੋਂ ਚੀਨ ਦੇ ਤਾਨਾਸ਼ਾਹ ਮੁਲਕ ਵਜੋਂ ਵਿਕਸਤ ਹੋਣ ਦੇ ਕਾਰਨ ਹਨ- ਚੀਨ ਵਿਚ ਖੇਤਰੀ ਪ੍ਰਭਾਵ ਨਹੀਂ ਮੌਲ਼ੇ। ਚੀਨ ਨੇ ਆਪਣੀ ਸ਼ੈਲੀ ਵਿਚ ਵਿਕਾਸ ਤੇ ਵਿਗਾਸ ਕੀਤਾ। ਤਿਆਨਮਿਨ ਚੌਕ ਵਿਚ ਵਾਪਰੀ ਘਟਨਾ ਤੋਂ ਬਿਨਾ ਜਮਹੂਰੀਅਤ ਦਾ ਬੁੱਲਾ ਚੀਨ ਵਿਚ ਕਦੇ ਨਹੀਂ ਉੱਠਿਆ। ਸਾਰੇ ਦੇਸ਼ ਵਿਚ ਇਕ ਹੀ ਭਾਸ਼ਾਈ ਲਿਪੀ ਦਾ ਹੋਣਾ ਵੀ ਕੇਂਦਰੀਕਰਨ ਲਈ ਵੱਡਾ ਸਹਾਇਕ ਸਿੱਧ ਹੋਇਆ। ਚੀਨ ਨੇ ਆਪਣੀ ਭਾਸ਼ਾਈ ਅਮੀਰੀ ਦੇ ਸਿਰ ’ਤੇ ਪੱਛਮੀ ਭਾਸ਼ਾਵਾਂ ’ਤੇ ਨਿਰਭਰਤਾ ਨਹੀਂ ਰੱਖੀ। ਲੇਖਕ ਦੀ ਟਿੱਪਣੀ ਹੈ ਕਿ ਮਾਈਕਲ ਵੁੱਡ ਦੀ ਕਿਤਾਬ ‘ਨਾ ਨਾਂਹ-ਪੱਖੀ ਹੈ ਅਤੇ ਨਾ ਹੀ ਉਸਤਤੀ ਦੀ ਦਲਦਲ’ ਵਿਚ ਫਸੀ ਹੈ। ਚੀਨ ਦੇ ਹਾਕਮਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਦੁਨੀਆ ਉਸ ਦੀ ਮੁੱਠੀ ਵਿਚ ਨਹੀਂ। ਜੀਅ ਕੀਤਾ ਕਿ 899 ਰੁਪਏ ਦੀ ਕਿਤਾਬ ਹੁਣੇ ਮੰਗਵਾ ਲਵਾਂ ਤੇ ਪੜ੍ਹਾਂ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਬਾਬਾ ਬੁੱਢਾ ਜੀ
7 ਅਕਤੂਬਰ ਦੇ ਵਿਰਾਸਤ ਪੰਨੇ ’ਤੇ ਪ੍ਰਿੰ. ਕੁਲਵੰਤ ਸਿੰਘ ਅਣਖੀ ਦਾ ਲੇਖ ‘ਗੁਰੂ ਘਰ ਦੇ ਅਨਿਨ ਸੇਵਕ ਬਾਬਾ ਬੁੱਢਾ ਜੀ’ ਪੜ੍ਹਿਆ। ਲੇਖ ਜਾਣਕਾਰੀ ਭਰਪੂਰ ਸੀ। ਉਂਜ, ਉਨ੍ਹਾਂ ਲੇਖ ਵਿਚ ਇਹ ਦੱਸਣ ਦੀ ਭਰਪੂਰ ਕੋਸ਼ਿਸ਼ ਕੀਤੀ ਕਿ ਬਾਬਾ ਬੁੱਢਾ ਜੀ ਜ਼ਿਮੀਂਦਾਰ ਪਰਿਵਾਰ ਨਾਲ ਸਬੰਧਿਤ ਸਨ। ਕਿੰਨਾ ਚੰਗ ਹੁੰਦਾ ਜੇ ਉਹ ਕੇਵਲ ਇਹ ਦੱਸ ਦਿੰਦੇ ਕਿ ਬਾਬਾ ਬੁੱਢਾ ਜੀ ਗੁਰਸਿੱਖ ਪਰਿਵਾਰ ਨਾਲ ਸਬੰਧਿਤ ਸਨ।
ਗੁਰਮੀਤ ਸਿੰਘ, ਪਟਿਆਲਾ